ਸਿੱਧੂ ਫੇਲ ਐੱਮ. ਪੀ. ਸਨ ਤੇ ਫੇਲ ਮੰਤਰੀ ਸਾਬਿਤ ਹੋਏ ਹਨ : ਸ਼ਵੇਤ ਮਲਿਕ

07/17/2018 6:03:52 AM

ਅੰਮ੍ਰਿਤਸਰ(ਮਹਿੰਦਰ)—ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਭਾਜਪਾ ਸੰਸਦ ਮੈਂਬਰ ਅਤੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੂੰ ਕੌਂਸਲਰ ਦੀ ਚੋਣ ਜਿੱਤਣ ਦੀ ਚੁਣੌਤੀ ਦਿੰਦੇ ਹੋਏ ਉਨ੍ਹਾਂ 'ਤੇ ਕੀਤੇ ਗਏ ਸਿਆਸੀ ਹਮਲੇ ਨੂੰ ਲੈ ਕੇ ਸ਼ਵੇਤ ਮਲਿਕ ਨੇ ਵੀ ਹਮਲਾਵਰੀ ਰਵੱਈਏ ਨਾਲ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਯਾਦ ਰੱਖਣ ਕਿ ਉਹ ਫੇਲ ਐੱਮ. ਪੀ. ਰਹੇ ਹਨ ਅਤੇ ਹੁਣ ਮੰਤਰੀ ਦੀ ਜ਼ਿੰਮੇਵਾਰੀ ਵਿਚ ਵੀ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਯਕੀਨ ਨਹੀਂ  ਹੈ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ 'ਤੇ ਲੋਕਾਂ ਵਲੋਂ ਦਿੱਤੇ ਜਾ ਰਹੇ ਕੁਮੈਂਟ ਨੂੰ ਉਹ ਜ਼ਰੂਰ ਪੜ੍ਹਨ। ਉਨ੍ਹਾਂ ਕਿਹਾ ਕਿ ਉਹ ਚਾਪਲੂਸ ਨਹੀਂ, ਸਗੋਂ ਸਿੱਧੂ ਖੁਦ ਵੱਡੇ ਚਾਪਲੂਸ ਹਨ ਕਿਉਂਕਿ ਪਹਿਲਾਂ ਉਹ ਪ੍ਰਧਾਨ ਮੰਤਰੀ ਮੋਦੀ ਦਾ ਗੁਣਗਾਨ ਕਰਦੇ ਹੋਏ ਉਨ੍ਹਾਂ ਦੀ  ਜਿਨ੍ਹਾਂ ਸ਼ਬਦਾਂ ਵਿਚ ਚਾਪਲੂਸੀ ਕਰਦੇ ਰਹੇ ਹਨ, ਉਨ੍ਹਾਂ ਹੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਹ ਹੁਣ ਡਾ. ਮਨਮੋਹਨ ਸਿੰਘ ਤਾਂ ਕਦੇ ਸੋਨੀਆ ਗਾਂਧੀ ਤਾਂ ਕਦੇ ਰਾਹੁਲ ਗਾਂਧੀ ਦੀ ਚਾਪਲੂਸੀ ਕਰਨ ਵਿਚ ਲੱਗੇ ਹੋਏ ਹਨ। ਸਿੱਧੂ ਸਿਰਫ ਉਦਘਾਟਨੀ ਮੰਤਰੀ ਹੀ ਹਨ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਸੰਸਦ ਵਿਚ ਆਪਣੀ ਜ਼ਰੂਰੀ ਹਾਜ਼ਰੀ ਦਰਜ ਕਰਵਾ ਸਕੇ ਸਨ ਅਤੇ ਨਾ ਹੀ ਲੋਕਾਂ ਵਿਚਾਲੇ, ਸਗੋਂ ਆਪਣੀ ਜ਼ਿੰਮੇਵਾਰੀ ਤੋਂ ਦੌੜਦੇ ਹੋਏ ਉਹ ਕਦੇ ਉਹ ਕ੍ਰਿਕਟ ਕੁਮੈਂਟਰੀ ਦੇ ਲਈ, ਕਦੇ ਬਿੱਗ ਬਾਸ 'ਚ, ਕਦੇ ਕਾਮੇਡੀ ਸ਼ੋਅ ਵਿਚ ਦੌੜ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸਿੱਧੂ ਉਹ ਸਮਾਂ ਵੀ ਯਾਦ ਰੱਖਣ ਜਦੋਂ ਇਨ੍ਹਾਂ ਪਾਰਟੀ ਦੇ ਮੌਜੂਦਾ ਡਿਪਟੀ ਸੀਨੀਅਰ ਮੇਅਰ ਰਮਨ ਬਖਸ਼ੀ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਸਾਰੇ ਸ਼ਹਿਰ ਵਿਚ ਪੋਸਟਰ ਤੱਕ ਲਗਵਾ ਦਿੱਤੇ ਸਨ। ਉਨ੍ਹਾਂ ਨੇ ਸਿੱਧੂ ਨੂੰ ਸਵਾਲ ਕੀਤੇ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਵੀ ਵਿਕਾਸ ਕੰਮ ਜੇਕਰ ਹੋ ਰਹੇ ਹਨ, ਉਹ ਸਾਰੇ ਕੇਂਦਰ ਸਰਕਾਰ ਅਤੇ ਅਕਾਲੀ-ਭਾਜਪਾ ਗੱਠਜੋੜ ਦੀ ਸਾਬਕਾ ਸਰਕਾਰ ਦੀ ਬਦੌਲਤ ਹੀ ਹੋ ਰਹੇ ਹਨ। ਵਰਨਾ ਸਿੱਧੂ ਦੱਸਣ ਕਿ ਡੇਢ ਸਾਲ ਦੇ ਕਾਰਜਕਾਲ ਵਿਚ ਉਨ੍ਹਾਂ ਨੇ   ਜਾਂ ਉਨ੍ਹਾਂ ਦੀ ਪਾਰਟੀ ਨੇ ਸ਼ਹਿਰ ਵਿਚ ਕਿਹੜੇ ਨਵੇਂ ਵਿਕਾਸ ਕੰਮ ਸ਼ੁਰੂ ਕਰਵਾਏ ਹਨ? ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਪਤਾ ਨਹੀਂ ਕਿਹੜੇ-ਕਿਹੜੇ ਲੋਕਾਂ ਨੂੰ ਧੋਖਾ ਦੇ ਚੁੱਕੇ ਹਨ। ਜੇਕਰ ਭਾਜਪਾ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਸਹਿਪਾਠੀ ਰਹੇ ਮੇਜਰ ਗਿੱਲ ਨੂੰ, ਦੂਸਰਾ ਉਨ੍ਹਾਂ ਨੂੰ (ਸ਼ਵੇਤ ਮਲਿਕ), ਤੀਸਰਾ ਅਨਿਲ ਜੋਸ਼ੀ, ਚੌਥਾ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਪੰਜਵਾਂ ਤਰੁਣ ਚੁੱਘ ਨੂੰ ਧੋਖਾ ਦਿੱਤਾ ਤੇ ਹੁਣ ਕੈਪਟਨ ਦੀ ਵਾਰੀ ਹੈ। ਸਿੱਧੂ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਹਨ, ਜਿਨ੍ਹਾਂ ਨੂੰ ਸਾਰੇ ਲੋਕ ਸੁਣ ਕੇ ਉਨ੍ਹਾਂ ਨੂੰ ਜੁਮਲੇਬਾਜ਼ ਮੰਨ ਰਹੇ ਹਨ। ਸਿੱਧੂ ਨੂੰ ਹੁਣ ਕਾਂਗਰਸ ਪਾਰਟੀ ਵਿਚ ਵੀ ਕੋਈ ਪੁੱਛਣ ਵਾਲਾ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਅੰਦਰਖਾਤੇ ਹੁਣ ਕਿਸੇ ਹੋਰ ਪਾਰਟੀ ਦੀ ਭਾਲ ਵਿਚ ਹਨ। 


Related News