ਪੰਜਾਬ ''ਚ ਸਿੱਧੂ ਦੀ ''ਖਿਦੋ'' ਲੱਗੀ ਬੁੜਕਣ!
Sunday, Jun 17, 2018 - 07:17 AM (IST)
ਲੁਧਿਆਣਾ (ਜ.ਬ.) - ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਜਿਸ ਦਿਨ ਤੋਂ ਸੁਪਰੀਮ ਕੋਰਟ 'ਚੋਂ ਬਰੀ ਹੋਏ ਹਨ, ਉਸ ਦਿਨ ਤੋਂ ਉਨ੍ਹਾਂ ਦੀ ਰਾਜਸੀ ਖਿਦੋ ਪੰਜਾਬ ਦੇ ਰਾਜਸੀ ਮੈਦਾਨ ਵਿਚ ਖੂਬ ਬੁੜਕਣ ਲੱਗੀ ਹੈ, ਕਿਉਂਕਿ ਸ. ਸਿੱਧੂ ਨੂੰ ਸੁਪਰੀਮ ਕੋਰਟ 'ਚ ਚੱਲ ਰਹੇ ਮਾਮਲੇ ਵਿਚ ਡਰ ਸੀ ਕਿ ਕਿਤੇ ਉਨ੍ਹਾਂ ਨੂੰ ਸਜ਼ਾ ਨਾ ਹੋ ਜਾਵੇ, ਜਿਸ ਕਰ ਕੇ ਉਹ ਬੋਲਦੇ ਸਨ ਪਰ ਨਾਪ ਤੋਲ ਕੇ। ਬਰੀ ਹੋਣ ਤੋਂ ਬਾਅਦ ਸਿੱਧੂ ਨੇ ਜਿਸ ਤਰੀਕੇ ਨਾਲ ਨੰਗਲ ਇਲਾਕੇ 'ਚ ਕੁਝ ਭਰਤੀ ਕੀਤੇ ਮਾਲ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਅਤੇ ਉਸ ਤੋਂ ਬਾਅਦ ਲੁਧਿਆਣੇ 'ਚ ਇਸ਼ਤਿਹਾਰਾਂ ਦੇ ਮਾਮਲੇ ਵਿਚ ਉਨ੍ਹਾਂ ਦਾ ਰਾਜਸੀ ਬੰਬ ਨਗਰ ਨਿਗਮ 'ਤੇ ਡਿੱਗਿਆ ਤੇ ਲੰਘੇ ਕੱਲ ਜਲੰਧਰ 'ਚ ਦਰਜਨ ਦੇ ਲਗਭਗ ਨੇਤਾਵਾਂ ਦੀ ਛੁੱਟੀ ਕਰ ਕੇ ਬਾਹਰ ਦਾ ਰਸਤਾ ਦਿਖਾਇਆ ਹੈ, ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸ. ਸਿੱਧੂ ਨੇ ਆਪਣੇ ਵਿਭਾਗ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੇ ਪਾਰਦਰਸ਼ਤਾ ਲਿਆਉਣ ਲਈ ਜੋ ਰਾਜਸੀ ਡੰਡਾ ਚੁੱਕਿਆ ਹੈ, ਉਸ ਨੂੰ ਲੈ ਕੇ ਉਨ੍ਹਾਂ ਦੇ ਮਹਿਕਮੇ 'ਚ ਥਰਥਲੀ ਮਚੀ ਹੋਈ ਹੈ।
