ਸੂਬੇ ''ਚ 30 ਥਾਵਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਕੀਤਾ ਜਾਵੇਗਾ ਵਿਕਸਤ : ਸਿੱਧੂ

Tuesday, Jun 12, 2018 - 06:39 AM (IST)

ਸੂਬੇ ''ਚ 30 ਥਾਵਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਕੀਤਾ ਜਾਵੇਗਾ ਵਿਕਸਤ : ਸਿੱਧੂ

ਚੰਡੀਗੜ੍ਹ(ਬਿਊਰੋ)-ਸੈਰ-ਸਪਾਟਾ ਵਿਭਾਗ ਨੂੰ ਪੈਰਾਂ 'ਤੇ ਖੜ੍ਹਾ ਕਰਨ ਅਤੇ ਸੂਬੇ ਵਿਚਲੀਆਂ ਅਹਿਮ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਆਪਕ ਤੇ ਕਾਰਗਰ ਖਾਕਾ ਉਲੀਕਿਆ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਸਿੱਧੂ ਨੇ ਦੱਸਿਆ ਕਿ ਸੂਬੇ ਵਿਚ ਸਥਿਤ ਵੱਖ-ਵੱਖ 30 ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ 590.97 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੀਆਂ ਥਾਵਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਵਿਕਸਤ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਪ੍ਰਾਜੈਕਟ ਉਲੀਕੇ ਗਏ ਹਨ ਅਤੇ ਇਨ੍ਹਾਂ ਦੀ ਕਾਇਆ ਕਲਪ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸੈਲਾਨੀ ਕੇਂਦਰਾਂ ਦਾ ਧੁਰਾ ਹੋਵੇਗਾ, ਜਿੱਥੇ ਇਨ੍ਹਾਂ 30 ਥਾਵਾਂ ਵਿਚੋਂ 11 ਥਾਵਾਂ ਅੰਮ੍ਰਿਤਸਰ ਦੇ ਆਸ-ਪਾਸ ਹਨ। ਸਾਰੇ ਪ੍ਰਾਜੈਕਟ ਇਕ ਸਾਲ ਦੇ ਅੰਦਰ ਮੁਕੰਮਲ ਹੋਣਗੇ, ਜਿਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ। ਇਨ੍ਹਾਂ ਥਾਵਾਂ 'ਤੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਲੈਂਡ ਸਕੇਪ, ਰੈਸਟੋਰੈਂਟ ਅਤੇ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਪਾਰਕਿੰਗ, ਪਾਖਾਨੇ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਸਿੱਧੂ ਨੇ ਖਰਚ ਕੀਤੇ ਜਾਣ ਵਾਲੇ ਫੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 590.97 ਕਰੋੜ ਵਿਚੋਂ 344 ਕਰੋੜ ਰੁਪਏ ਏਸ਼ੀਅਨ ਡਿਵੈੱਲਪਮੈਂਟ ਬੈਂਕ ਤੋਂ ਕਰਜ਼ੇ ਰਾਹੀਂ ਲਏ ਜਾ ਰਹੇ ਹਨ, ਜਿਸ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ 'ਸਵਦੇਸ਼ ਦਰਸ਼ਨ' ਸਕੀਮ ਰਾਹੀਂ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੇ ਵਿਕਾਸ ਲਈ 96.97 ਕਰੋੜ ਰੁਪਏ ਦੀ ਪ੍ਰਵਾਨਗੀ ਮਿਲ ਗਈ ਹੈ, ਜਿਸ ਨੂੰ ਜਾਰੀ ਕਰਨ ਦਾ ਕੰਮ ਆਖਰੀ ਪੜਾਅ 'ਤੇ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਲਈ 'ਪ੍ਰਸ਼ਾਦ' ਸਕੀਮ ਤਹਿਤ 50 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ 'ਮੁਗਲ ਸਰਕਟ' ਅਧੀਨ ਬਣਾਇਆ ਗਿਆ ਹੈ। ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਕੁੱਲ ਲਾਗਤ 590.97 ਕਰੋੜ ਰੁਪਏ ਹੈ ਅਤੇ ਇਨ੍ਹਾਂ ਦੇ ਮੁਕੰਮਲ ਹੋਣ ਤੋਂ ਬਾਅਦ 'ਮਹਾਰਾਜਾ ਸਰਕਟ' ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੀ ਹੋਰ ਪ੍ਰਾਜੈਕਟ ਰਿਪੋਰਟ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ। 


Related News