ਸਿੱਧੂ ਵੱਲੋਂ 68 ਮੁਲਾਜ਼ਮਾਂ ਨੂੰ ਡਬਲ ਚਾਰਜ ਦੇਣ ਦੇ ਤਰੀਕੇ ''ਤੇ ਉੱਠੇ ਸਵਾਲ

03/06/2018 5:27:11 AM

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ਵਿਚ ਜੋ ਨਗਰ ਸੁਧਾਰ ਟਰੱਸਟ ਅਤੇ ਮਿਊਂਸੀਪਲ ਕਮੇਟੀਆਂ ਦੇ 68 ਮੁਲਾਜ਼ਮਾਂ ਨੂੰ ਡਬਲ ਚਾਰਜ ਦੇਣ ਦਾ ਫੈਸਲਾ ਕੀਤਾ ਗਿਆ ਹੈ, ਉਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸੂਤਰਾਂ ਮੁਤਾਬਕ ਇਹ ਫੈਸਲਾ ਚਾਹੇ ਨਗਰ ਸੁਧਾਰ ਟਰੱਸਟ ਅਤੇ ਮਿਊਂਸੀਪਲ ਕਮੇਟੀਆਂ 'ਚ ਸਟਾਫ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਲਿਆ ਗਿਆ ਹੈ, ਜਿਸ ਵਿਚ ਕਲਰਕ ਤੋਂ ਲੈ ਕੇ ਇੰਜੀਨੀਅਰ ਤੱਕ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਇਸ ਯੋਜਨਾ ਤਹਿਤ ਮੁਲਾਜ਼ਮਾਂ ਨੂੰ ਵਾਧੂ ਚਾਰਜ ਦੇਣ ਦਾ ਤਰੀਕਾ ਕਿਸੇ ਦੇ ਸਮਝ ਵਿਚ ਨਹੀਂ ਆ ਰਿਹਾ, ਕਿਉਂਕਿ ਪਹਿਲੀ ਗੱਲ ਤਾਂ ਇਕ ਸਟੇਸ਼ਨ 'ਤੇ ਤਾਇਨਾਤ ਮੁਲਾਜ਼ਮ ਨੂੰ ਜਿਸ ਦੂਜੀ ਥਾਂ ਦਾ ਚਾਰਜ ਦਿੱਤਾ ਗਿਆ ਹੈ, ਉਹ ਸਟੇਸ਼ਨ ਆਪਸ 'ਚ ਕਾਫੀ ਦੂਰ ਸਥਿਤ ਹਨ, ਨਾਲ ਹੀ ਇਨ੍ਹਾਂ ਹੁਕਮਾਂ 'ਚ ਦੂਜੇ ਸਟੇਸ਼ਨ 'ਤੇ ਡਿਊਟੀ ਲਈ ਜਾਣ ਬਦਲੇ ਟੀ. ਏ., ਡੀ. ਏ. ਦੇਣ ਦੀ ਸਹੂਲਤ ਤਾਂ ਸ਼ਾਮਲ ਕਰ ਦਿੱਤੀ ਗਈ ਹੈ, ਜਦੋਂਕਿ ਕਿਤੇ ਇਹ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਮੁਲਾਜ਼ਮ ਕਿਹੜੇ ਸਟੇਸ਼ਨ 'ਤੇ ਕਿੰਨੇ ਦਿਨ ਡਿਊਟੀ ਕਰੇਗਾ। ਇਸ ਦਾ ਫਾਇਦਾ ਲੈ ਕੇ ਮੁਲਾਜ਼ਮ ਮੀਟਿੰਗ ਜਾਂ ਅਦਾਲਤੀ ਕੇਸ ਦੀ ਸੁਣਵਾਈ ਦੌਰਾਨ ਹਿੱਸਾ ਲੈਣ ਵਰਗਾ ਕੋਈ ਨਾ ਕੋਈ ਬਹਾਨਾ ਬਣਾ ਕੇ ਪੁਰਾਣੇ ਸਟੇਸ਼ਨ 'ਤੇ ਹੀ ਡਿਊਟੀ ਕਰਨ ਨੂੰ ਪਹਿਲੇ ਦੇਵੇਗਾ, ਜਿਸ ਨਾਲ ਦੂਜੇ ਸਟੇਸ਼ਨ 'ਤੇ ਸਟਾਫ ਦੀ ਕਮੀ ਕਾਰਨ ਕੰਮ ਪ੍ਰਭਾਵਿਤ ਹੋਣ ਨਾਲ ਬਚਾਉਣ ਦਾ ਟਾਰਗੈੱਟ ਪੂਰਾ ਨਹੀਂ ਹੋਵੇਗਾ, ਸਗੋਂ ਮੁਲਾਜ਼ਮਾਂ ਨੂੰ ਸਟੇਸ਼ਨ ਲੀਵ ਲੈਣ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਮੌਕਾ ਮਿਲ ਜਾਵੇਗਾ, ਕਿਉਂਕਿ ਉਹ ਡਿਊਟੀ ਤੋਂ ਗਾਇਬ ਰਹਿਣ ਲਈ ਦੂਜੇ ਸਟੇਸ਼ਨ 'ਤੇ ਮੌਜੂਦ ਰਹਿਣ ਦਾ ਬਹਾਨਾ ਬਣਾ ਕੇ ਕਿਤੇ ਵੀ ਜਾ ਸਕਦੇ ਹਨ ਜਿਸ ਨਾਲ ਦੋਵੇਂ ਹੀ ਸਟੇਸ਼ਨਾਂ ਦਾ ਕੰਮ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਕਾਫੀ ਮੁਲਾਜ਼ਮ ਤਾਂ ਵਾਧੂ ਚਾਰਜ ਵਾਲੇ ਸਟੇਸ਼ਨ 'ਤੇ ਜੁਆਇਨ ਕਰਨ ਦੀ ਜਗ੍ਹਾ ਹਾਲ ਦੀ ਘੜੀ ਇਸ ਆਰਡਰ ਨਾਲ ਆਪਣਾ ਨਾਂ ਬਾਹਰ ਕਢਵਾਉਣ ਦੀ ਕਵਾਇਦ ਵਿਚ ਜੁਟੇ ਹੋਏ ਹਨ।
ਗੰਨਮੈਨ ਦੇ ਝਗੜੇ 'ਚ ਨਗਰ ਨਿਗਮ ਕਮਿਸ਼ਨਰ ਦੀ ਪੀ. ਏ. ਦਾ ਤਬਾਦਲਾ
ਨਗਰ ਨਿਗਮ ਵਿਚ ਇਕ ਗੰਨਮੈਨ ਦੀ ਬਦਲੀ ਨੂੰ ਲੈ ਕੇ ਪੈਦਾ ਹੋਏ ਝਗੜੇ ਵਿਚ ਕਮਿਸ਼ਨਰ ਦੀ ਪੀ. ਏ. ਦਾ ਤਬਾਦਲਾ ਹੋਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਨੇ ਨਿਗਮ ਪੁਲਸ ਦੇ ਇਕ ਮੁਲਾਜ਼ਮ ਦੀ ਡਿਊਟੀ ਚੇਂਜ ਕਰ ਦਿੱਤੀ ਜੋ ਕਿ ਕਮਿਸ਼ਨਰ ਦੇ ਨਾਲ ਗੰਨਮੈਨ ਵਜੋਂ ਅਟੈਚ ਸੀ, ਜਿਸ ਕਾਰਨ ਕਮਿਸ਼ਨਰ ਨੇ ਉਸ ਪੁਲਸ ਮੁਲਾਜ਼ਮ ਦੀ ਬਦਲੀ ਰੱਦ ਕਰ ਦਿੱਤੀ। ਇਸ 'ਤੇ ਮੁਲਾਜ਼ਮ ਨੂੰ ਰਿਲੀਵ ਨਾ ਕਰਨ ਲਈ ਕਮਿਸ਼ਨਰ ਦੀ ਪੀ. ਏ. ਨਾਲ ਕਈ ਵਾਰ ਗੱਲ ਹੋਈ ਤਾਂ ਡੀ. ਐੱਸ. ਪੀ. ਨੇ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਅਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪ੍ਰਾਈਵੇਟ ਸਕੱਤਰ ਦੇ ਨਾਲ ਨਜ਼ਦੀਕੀਆਂ ਕਾਰਨ ਕਮਿਸ਼ਨਰ ਦੀ ਪੀ. ਏ. ਦੀ ਬਦਲੀ ਹੀ ਪਠਾਨਕੋਟ ਕਰਵਾ ਦਿੱਤੀ।
ਜੂਨੀਅਰ ਐਕਸੀਅਨ ਨੂੰ ਫਿਰ ਮਿਲਿਆ ਐੱਸ. ਈ. ਦਾ ਵਾਧੂ ਚਾਰਜ
ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੈਸੇ ਤਾਂ ਸਾਬਕਾ ਮੰਤਰੀ ਅਨਿਲ ਜੋਸ਼ੀ ਤੋਂ ਪ੍ਰਮੋਸ਼ਨ ਜਾਂ ਸੀ. ਡੀ. ਸੀ. ਚਾਰਜ ਲੈਣ ਵਾਲੇ ਕਾਫੀ ਅਫਸਰਾਂ ਨੂੰ ਰਿਵਰਟ ਕਰ ਦਿੱਤਾ ਸੀ ਪਰ ਅੰਮ੍ਰਿਤਸਰ ਨਾਲ ਸਬੰਧ ਰੱਖਣ ਵਾਲੇ ਇਕ ਐਕਸੀਅਨ 'ਤੇ ਮਿਹਰਬਾਨੀ ਜਾਰੀ ਰੱਖੀ। ਇਸ ਐਕਸੀਅਨ ਨੂੰ ਪਹਿਲਾਂ ਜੋਸ਼ੀ ਨੇ ਐੱਸ. ਈ. ਬਣਾ ਕੇ ਲੁਧਿਆਣਾ ਭੇਜਿਆ ਸੀ, ਜਿਸ ਨੂੰ ਜ਼ੋਨ ਸੀ. ਦਾ ਚਾਰਟ ਦੇ ਦਿੱਤਾ ਗਿਆ, ਜਿੱਥੇ ਉਸ ਦਾ ਸੀਨੀਅਰ ਐਕਸੀਅਨ ਕਰਮਜੀਤ ਸਿੰਘ ਲੱਗਾ ਹੋਇਆ ਸੀ। ਉਸ ਤੋਂ ਬਾਅਦ ਸਿੱਧੂ ਨੇ ਮੰਤਰੀ ਬਣਨ ਤੋਂ ਬਾਅਦ ਸਾਰੇ ਮੁਲਾਜ਼ਮਾਂ ਦਾ ਸੀ. ਡੀ. ਸੀ. ਚਾਰਜ ਵਾਪਸ ਲੈਣ ਦੇ ਹੁਕਮ ਦਿੱਤੇ ਪਰ ਉਕਤ ਐੱਸ. ਈ. ਦਾ ਚਾਰਜ ਬਹਾਲ ਰੱਖਿਆ ਗਿਆ। ਹੁਣ ਐੱਸ. ਈ. ਪਵਨ ਸ਼ਰਮਾ ਦੇ ਰਿਟਾਇਰ ਹੋਣ 'ਤੇ ਫਿਰ ਇਸੇ ਐੱਸ. ਈ. ਨੂੰ ਜ਼ੋਨ ਸੀ. ਦੇ ਨਾਲ ਜ਼ੋਨ ਏ ਦਾ ਇੰਚਾਰਜ ਲਾ ਦਿੱਤਾ ਗਿਆ ਹੈ। ਇਹੀ ਨਹੀਂ, ਸਮਾਰਟ ਸਿਟੀ ਅਤੇ ਸ਼ਹਿਰੀ ਆਵਾਸ ਯੋਜਨਾ ਦਾ ਚਾਰਜ ਵੀ ਦੇ ਦਿੱਤਾ ਗਿਆ ਹੈ।
ਰਿਸ਼ਵਤ ਦੀ ਰਕਮ ਨੂੰ ਲੈ ਕੇ ਐਕਸੀਅਨ ਤੇ ਠੇਕੇਦਾਰ ਦੇ ਝਗੜੇ ਦੀ ਚਰਚਾ ਜ਼ੋਰਾਂ 'ਤੇ
ਨਗਰ ਨਿਗਮ ਦੀ ਬੀ. ਐਂਡ ਆਰ. ਸ਼ਾਖਾ ਦੇ ਜਿਸ ਐਕਸੀਅਨ ਵੱਲੋਂ ਠੇਕੇਦਾਰ ਨੂੰ ਕਮਿਸ਼ਨਰ ਅਤੇ ਡੀ. ਸੀ. ਐੱਫ. ਏ. ਖਿਲਾਫ ਅਦਾਲਤੀ ਕੇਸ ਕਰਨ ਲਈ ਉਕਸਾਉਣ ਦੀ ਆਡੀਓ ਰਿਕਾਰਡਿੰਗ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਉਸ ਐਕਸੀਅਨ ਨਾਲ ਜੁੜਿਆ ਇਕ ਨਵਾਂ ਝਗੜਾ ਸਾਹਮਣੇ ਆ ਗਿਆ ਹੈ। ਇਹ ਮਾਮਲਾ ਵੀ ਵਿਕਾਸ ਕਾਰਜਾਂ ਦੇ ਬਦਲੇ ਬਿੱਲਾਂ ਦੀ ਅਦਾਇਗੀ ਨਾਲ ਜੁੜਿਆ ਹੈ, ਜਿਸ ਤਹਿਤ ਇਕ ਠੇਕੇਦਾਰ ਪਿਛਲੇ ਦਿਨੀਂ ਜਦੋਂ ਬਿੱਲ ਕਲੀਅਰ ਕਰਵਾਉਣ ਗਿਆ ਤਾਂ ਉਕਤ ਐਕਸੀਅਨ ਨੇ ਤੈਅ ਕਮਿਸ਼ਨ ਤੋਂ ਜ਼ਿਆਦਾ ਰਿਸ਼ਵਤ ਦੀ ਮੰਗ ਕੀਤੀ, ਜਿਸ 'ਤੇ ਠੇਕੇਦਾਰ ਵੱਲੋਂ ਇਤਰਾਜ਼ ਜਤਾਉਣ 'ਤੇ ਐਕਸੀਅਨ ਨਾਲ ਕਾਫੀ ਬਹਿਸ ਹੋਈ, ਜਿਸ ਦਾ ਰੌਲਾ ਪੂਰੇ ਜ਼ੋਨ ਬੀ ਵਿਚ ਸੁਣਾਈ ਦਿੱਤਾ ਤਾਂ ਬਾਕੀ ਮੁਲਾਜ਼ਮਾਂ ਨੇ ਮੌਕੇ 'ਤੇ ਪੁੱਜ ਕੇ ਝਗੜੇ ਨੂੰ ਸ਼ਾਂਤ ਕੀਤਾ ਦੱਸਿਆ ਜਾ ਰਿਹਾ ਹੈ। ਇਸ ਬਿੱਲ 'ਚ ਬਿਨਾਂ ਕੰਮ ਕੀਤੇ, ਐਂਟਰੀ ਬਦਲੇ ਹਿੱਸੇਦਾਰੀ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਵਿਚ ਵਿਕਾਸ ਕਾਰਜਾਂ ਦੀ ਕੁਆਲਟੀ ਠੀਕ ਨਾ ਹੋਣ ਕਾਰਨ ਕੋਈ ਕਾਰਵਾਈ ਨਾ ਕਰਨ ਤੋਂ ਇਲਾਵਾ ਆਈਟਮ ਰੇਟ ਅਤੇ ਪੈਮਾਇਸ਼ ਵਿਚ ਫਾਇਦਾ ਦੇਣ ਬਦਲੇ ਜ਼ਿਆਦਾ ਰਿਸ਼ਵਤ ਦੀ ਮੰਗ ਪੂਰੀ ਕਰਨ ਲਈ ਠੇਕੇਦਾਰ ਤਿਆਰ ਨਹੀਂ ਹੋ ਰਿਹਾ ਸੀ, ਜਿਸ 'ਤੇ ਐਕਸੀਅਨ ਵੱਲੋਂ ਸੀਨੀਅਰ ਅਫਸਰ ਤੋਂ ਫਾਈਲ ਕਲੀਅਰ ਕਰਵਾਉਣ ਦੀ ਗੱਲ ਕਹਿਣ 'ਤੇ ਠੇਕੇਦਾਰ ਭੜਕ ਗਿਆ ਅਤੇ ਉਸ ਨੇ ਐਕਸੀਅਨ ਨੂੰ ਪੋਲ ਖੋਲ੍ਹਣ ਤੱਕ ਦੀ ਧਮਕੀ ਦੇ ਦਿੱਤੀ ਸੀ।


Related News