'ਦਸਤਾਰ' ਨੂੰ ਲੈ ਕੇ ਸੁਰਖੀਆਂ 'ਚ ਆਏ ਸਿੱਧੂ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ
Tuesday, Jul 02, 2019 - 06:49 PM (IST)

ਜਲੰਧਰ/ਪਾਕਿਸਤਾਨ— ਆਪਣੀ ਬੇਬਾਕ ਬਿਆਨਬਾਜ਼ੀ ਲਈ ਚਰਚਾ 'ਚ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਇਸ ਵਾਰ ਉਹ ਕਿਸੇ ਮੰਤਰੀ ਅਹੁਦੇ ਜਾਂ ਬਿਆਨ ਨੂੰ ਲੈ ਕੇ ਨਹੀਂ ਸਗੋਂ ਆਪਣੀ ਇਕ ਤਸਵੀਰ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਨੇ ਪਾਕਿਸਤਨ ਦੇ ਝੰਡੇ ਵਾਲੀ ਦਸਤਾਰ ਬੰਨ੍ਹੀ ਹੋਈ ਹੈ। ਉਨ੍ਹਾਂ ਦੀ ਪੱਗੜੀ 'ਤੇ ਚੰਦ-ਸਿਤਾਰੇ ਬਣੇ ਹੋਏ ਦਿੱਸ ਰਹੇ ਹਨ। ਸਿੱਧੂ ਦੀ ਇਹ ਤਸਵੀਰ ਪਾਕਿਸਤਾਨ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਆਪਣੀ ਫੇਸਬੁੱਕ 'ਤੇ ਸਾਂਝੀ ਕੀਤੀ ਹੈ।ਹਾਲਾਂਕਿ ਸਿੱਧੂ ਦੀ ਤਸਵੀਰ ਦੇ ਨਾਲ ਛੇੜਛਾੜ ਕੀਤੀ ਗਈ ਹੈ।
ਗੋਪਾਲ ਸਿੰਘ ਚਾਵਲਾ ਨੇ ਤਸਵੀਰ ਸਾਂਝੀ ਕਰਦੀ ਹੋਏ ਲੋਕਾਂ ਨੂੰ ਵੀ ਇਸ ਤਸਵੀਰ ਨੂੰ ਸ਼ੇਅਰ ਕਰਨ ਲਈ ਕਿਹਾ ਹੈ। ਹਾਲਾਂਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ, ਇਹ ਤਾਂ ਸਾਫ ਨਹੀਂ ਹੋ ਸਕਿਆ ਹੈ ਪਰ ਅਜਿਹਾ ਲੱਗਦਾ ਹੈ ਕਿ ਇੰਝ ਕਰਕੇ ਉਹ ਖਬਰਾਂ 'ਚ ਬਣੇ ਰਹਿਣਾ ਚਾਹੁੰਦੇ ਹਨ। ਸਿੱਧੂ ਦੀ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜੰਗ ਛਿੜ ਗਈ ਹੈ। ਤਸਵੀਰ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਅਤੇ ਸਿੱਖ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਜਮ ਕੇ ਟਰੋਲ ਕਰ ਰਹੇ ਹਨ, ਉਥੇ ਹੀ ਸਿੱਧੂ ਦੇ ਸਮਰਥਕ ਇਸ ਨੂੰ ਉਨ੍ਹਾਂ ਖਿਲਾਫ ਕੋਈ ਚਾਲ ਦੱਸ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਲਗਾਉਣ ਅਤੇ ਗੋਪਾਲ ਸਿੰਘ ਚਾਵਲਾ ਦੇ ਨਾਲ ਤਸਵੀਰਾਂ ਖਿਚਵਾਉਣ ਤੋਂ ਬਾਅਦ ਸਿੱਧੂ ਦੀ ਜਮ ਕੇ ਆਲੋਚਨਾ ਹੋਈ ਸੀ। ਸਿੱਧੂ ਉਸ ਸਮੇਂ ਪਾਕਿਸਤਾਨ ਗਏ ਸਨ ਜਦੋਂ ਭਾਰਤ ਦੇ ਕਈ ਜਵਾਨ ਸਰੱਹਦ 'ਤੇ ਪਾਕਿ ਗੋਲੀਬਾਰੀ 'ਚ ਸ਼ਹੀਦ ਹੋਏ ਸਨ। ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਖਿਚਵਾਉਣ ਦੇ ਮਾਮਲੇ 'ਤੇ ਸਿੱਧੂ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਜਾਣਦੇ ਨਹੀਂ ਸਨ ਅਤੇ ਪਾਕਿਸਤਾਨ 'ਚ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਸਨ।
ਜਾਣੋ ਕੌਣ ਹਨ ਗੋਪਾਲ ਸਿੰਘ ਚਾਵਲਾ
ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ। ਚਾਵਲਾ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਕਰੀਬੀ ਵੀ ਮੰਨੇ ਜਾਂਦੇ ਹਨ। ਗੋਪਾਲ ਸਿੰਘ ਚਾਵਲਾ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਲਸ਼ਕਰ-ਏ-ਤੋਇਬਾ ਚੀਫ ਹਾਫਿਜ਼ ਸਈਦ ਦੇ ਨਾਲ ਮਿਲ ਕੇ ਪੰਜਾਬ 'ਚ ਅੱਤਵਾਦ ਫੈਲਾਉਣ ਦੀ ਸਾਜਿਸ਼ ਰਚਦੇ ਹਨ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਨ ਦੇ ਹਾਫਿਜ਼ ਸਈਦ ਨਾਲ ਚਾਵਲਾ ਦੀ ਤਸਵੀਰ ਜਾਂਚ ਏਜੰਸੀਆਂ ਦੇ ਹੱਥ ਲੱਗੀ ਸੀ।