ਕੈਪਟਨ ਦਾ ਪਲਟਵਾਰ, ਸਿੱਧੂ ਤੋਂ ਖੋਹਿਆ ਸਥਾਨਕ ਸਰਕਾਰਾਂ ਦਾ ਮਹਿਕਮਾ!
Thursday, Jun 06, 2019 - 06:32 PM (IST)

ਜਲੰਧਰ/ ਚੰਡੀਗੜ੍ਹ— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡੀ ਕਾਰਵਾਈ ਕਰਨ ਦੀ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗਵਰਨਰ ਨੂੰ ਨਵਜੋਤ ਸਿੰਘ ਸਿੱਧੁ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਵਾਪਸ ਲੈਣ ਲਈ ਪੱਤਰ ਲਿਖਿਆ ਹੈ ਪਰ ਇਸ ਦੀ ਪੁਸ਼ਟੀ ਅਧਿਕਾਰਤ ਤੌਰ 'ਤੇ ਅਜੇ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ 17 ਮਈ ਨੂੰ ਬਠਿੰਡਾ 'ਚ ਰਾਜਾ ਵੜਿੰਗ ਦੇ ਹੱਕ 'ਚ ਕੀਤੀ ਗਈ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਫਰੈਂਡਲੀ ਮੈਚ ਬਾਰੇ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਨਵਜੋਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵਿਵਾਦ ਚੱਲ ਰਿਹਾ ਹੈ ਅਤੇ ਸਿੱਧੂ ਉਸ ਸਮੇਂ ਤੋਂ ਹੀ ਵਿਰੋਧੀਆਂ ਦੇ ਵੀ ਨਿਸ਼ਾਨੇ 'ਤੇ ਸਨ। ਅੱਜ ਲੋਕ ਸਭਾ ਚੋਣਾਂ ਤੋਂ ਬਾਅਦ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੀਤੀ ਗਈ ਪਹਿਲੀ ਕੈਬਨਿਟ ਮੀਟਿੰਗ 'ਚ ਸਿੱਧੂ ਸ਼ਾਮਲ ਨਹੀਂ ਹੋਏ, ਜਿਸ ਦੌਰਾਨ ਕੈਪਟਨ ਵੱਲੋਂ ਆਪਣੇ ਮੰਤਰੀਮੰਡਲ ਦੀ ਸਲਾਹ ਨਾਲ ਇਹ ਫੈਸਲਾ ਲਿਆ ਗਿਆ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਨੇ ਸਿੱਧੂ ਦਾ ਇਹ ਮਹਿਕਮਾ ਆਪਣੇ ਕੋਲ ਹੀ ਰੱਖ ਲਿਆ ਹੈ। ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕੁਝ ਹੋਰ ਮੰਤਰੀਆਂ ਦੇ ਵਿਭਾਗਾਂ 'ਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ। ਇਹ ਫੇਰਬਦਲ ਮੰਤਰੀਆਂ ਦੀ ਲੋਕ ਸਭਾ ਚੋਣਾਂ ਦੌਰਾਨ ਮੰਤਰੀਆਂ ਵੱਲੋਂ ਕੀਤੀ ਗਈ ਕਾਰਜਕਾਰੀ ਨੂੰ ਲੈ ਕੇ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਕੁਝ ਦਿਨਾਂ ਤੋਂ ਉਂਝ ਲਗਾਤਾਰ ਸੋਸ਼ਲ ਮੀਡੀਆ ਟਵਿੱਟਰ 'ਤੇ ਸ਼ਾਇਰੀ ਜ਼ਰੀਏ ਆਪਣੀ ਭੜਾਸ ਕੱਢਦੇ ਰਹੇ ਹਨ। ਅੱਜ ਦੀ ਕੈਬਨਿਟ ਮੀਟਿੰਗ ਦੌਰਾਨ ਵੀ ਵੱਖਰੇ ਤੌਰ 'ਤੇ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਵਾਈਆਂ ਸਨ। ਫਿਲਹਾਲ ਇਹ ਆਉਣ ਵਾਲੇ ਸਮੇਂ 'ਚ ਸਪਸ਼ਟ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਾਰਵਾਈ ਸਚਮੁੱਚ ਅਮਲ 'ਚ ਲਿਆਉਂਦੀ ਹੈ ਜਾਂ ਫਿਰ ਇਹ ਸਿਰਫ ਖਬਰਾਂ ਤੱਕ ਹੀ ਸੀਮਿਤ ਹੈ ਪਰ ਜੇਕਰ ਇਹ ਖਬਰ ਸੱਚ ਹੈ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਕਾਂਗਰਸ ਦੇ ਅੰਦਰ ਸਥਿਤੀ ਕਾਫੀ ਵਿਸਫੋਟਕ ਹੋ ਸਕਦੀ ਹੈ।