ਸੈਰ ਕਰਨ ਨਿਕਲੇ ਨੌਜਵਾਨ ਤੋਂ ਖੋਹਿਆ ਮੋਬਾਈਲ, ਗੂਗਲ ਪੇ ਰਾਹੀਂ ਉਡਾਏ ਹਜ਼ਾਰਾਂ ਰੁਪਏ

Sunday, May 24, 2026 - 06:26 PM (IST)

ਸੈਰ ਕਰਨ ਨਿਕਲੇ ਨੌਜਵਾਨ ਤੋਂ ਖੋਹਿਆ ਮੋਬਾਈਲ, ਗੂਗਲ ਪੇ ਰਾਹੀਂ ਉਡਾਏ ਹਜ਼ਾਰਾਂ ਰੁਪਏ

ਲੁਧਿਆਣਾ (ਰਾਜ): ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਅਧੀਨ ਪੈਂਦੇ ਅਮਲਤਾਸ ਇਨਕਲੇਵ ਇਲਾਕੇ ਵਿਚ ਸਵੇਰ ਦੀ ਸੈਰ 'ਤੇ ਨਿਕਲੇ ਇਕ ਨੌਜਵਾਨ ਨੂੰ ਦੋ ਸਕੂਟੀ ਸਵਾਰ ਬਦਮਾਸ਼ਾਂ ਨੇ ਆਪਣਾ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਨਾ ਸਿਰਫ਼ ਨੌਜਵਾਨ ਦਾ ਕੀਮਤੀ ਮੋਬਾਈਲ ਫ਼ੋਨ ਖੋਹਿਆ, ਬਲਕਿ ਵਾਰਦਾਤ ਦੇ ਕੁਝ ਹੀ ਮਿੰਟਾਂ ਦੇ ਅੰਦਰ ਪੀੜਤ ਦੇ ਗੂਗਲ ਪੇ (Google Pay) ਖਾਤੇ ਵਿਚ ਸੰਨ੍ਹ ਲਗਾ ਕੇ 4501 ਰੁਪਏ ਦੀ ਨਕਦੀ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਈ।

ਪੀੜਤ ਲੇਖ ਰਾਜ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 23 ਮਈ ਨੂੰ ਸਵੇਰੇ ਕਰੀਬ 6 ਵਜੇ ਜਦੋਂ ਉਹ ਚੀਮਾ ਦੀ ਕੋਠੀ ਟੀ-ਪੁਆਇੰਟ ਨੇੜੇ ਸੈਰ ਕਰ ਰਿਹਾ ਸੀ, ਤਾਂ ਅਚਾਨਕ ਇਕ ਹੀਰੋ ਮੈਸਟਰੋ ਸਕੂਟੀ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਆਏ। ਬਦਮਾਸ਼ਾਂ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਡਰਾ-ਧਮਕਾ ਕੇ ਪਲਕ ਝਪਕਦੇ ਹੀ ਉਸ ਦੇ ਹੱਥੋਂ ਰੈਡਮੀ ਨੋਟ-9 ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਮੋਬਾਈਲ ਖੋਹਣ ਦੇ ਕੁਝ ਦੇਰ ਬਾਅਦ ਜਦੋਂ ਉਸ ਨੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਲੁਟੇਰਿਆਂ ਨੇ ਉਸ ਦੇ ਮੋਬਾਈਲ ਦੀ ਵਰਤੋਂ ਕਰਕੇ ਖਾਤੇ ਵਿੱਚੋਂ ਪੈਸੇ ਵੀ ਕੱਢ ਲਏ ਹਨ।

ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮਾਮਲੇ ਦੀ ਤਫ਼ਤੀਸ਼ ਦੌਰਾਨ ਮੁਸਤੈਦੀ ਦਿਖਾਉਂਦੇ ਹੋਏ ਵਾਰਦਾਤ ਵਿਚ ਵਰਤੀ ਗਈ ਸਕੂਟੀ ਦਾ ਨੰਬਰ (PB-10-EQ-7304) ਟ੍ਰੇਸ ਕਰ ਲਿਆ ਹੈ। ਇਸ ਦੇ ਜ਼ਰੀਏ ਦੋਵਾਂ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦੀ ਸ਼ਨਾਖਤ ਇੰਦਰਜੀਤ ਸਿੰਘ (ਵਾਸੀ ਕੇਹਰ ਸਿੰਘ ਨਗਰ, ਹੈਬੋਵਾਲ) ਅਤੇ ਖੁਸ਼ ਮੁਹੰਮਦ (ਵਾਸੀ ਪਿੰਡ ਬਲੋਕੇ, ਲੁਧਿਆਣਾ) ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


author

Anmol Tagra

Content Editor

Related News