ਨਾ ਮੈਂ ਪਹਿਲਾਂ ਕਿਸੇ ਖਿਲਾਫ ਬੋਲਿਆ ਤੇ ਨਾ ਹੁਣ ਬੋਲਾਂਗਾ : ਸਿੱਧੂ

05/30/2019 3:58:11 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਸਬੰਧੀ ਲੱਗ ਰਹੇ ਦੋਸ਼ਾਂ 'ਤੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਉਹ ਪਹਿਲਾਂ ਕਿਸੇ ਦੇ ਖਿਲਾਫ ਬੋਲੇ ਹਨ ਅਤੇ ਨਾ ਹੀ ਹੁਣ ਬੋਲਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਹਮੇਸ਼ਾ ਤੋਂ ਹੀ ਉਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਆਪਣੀ ਭੜਾਸ ਕੱਢਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ 'ਚ ਹੀ ਮੇਅਰ ਬਣਾ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ ਇੰਨੀ ਕੁ ਕੋਸ਼ਿਸ਼ ਹੈ ਕਿ ਸਰਕਾਰੀ ਪੈਸਾ ਸਰਕਾਰੀ ਖਜ਼ਾਨੇ 'ਚ ਹੀ ਜਾਣਾ ਚਾਹੀਦਾ ਹੈ ਅਤੇ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।
ਕੈਪਟਨ ਮੇਰੇ ਵੱਡੇ, ਉਨ੍ਹਾਂ ਨਾਲ ਖੜ੍ਹਾਂਗਾ
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਮੇਰੇ ਵੱਡੇ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ 'ਤੇ ਉਂਗਲੀ ਨਹੀਂ ਚੁੱਕੀ ਅਤੇ ਕਾਂਗਰਸ ਦੇ ਕਿਸੇ ਵੀ ਵਰਕਰ ਖਿਲਾਫ ਅੱਜ ਤੱਕ ਨਹੀਂ ਬੋਲਿਆ। ਟਵਿੱਟਰ ਸਬੰਧੀ ਲਿਖੇ ਗਏ ਸ਼ਬਦਾਂ 'ਤੇ ਸਫਾਈ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਨਾਂ ਲੈ ਕੇ ਨਹੀਂ ਲਿਖਿਆ ਅਤੇ ਉਨ੍ਹਾਂ ਨੇ ਜੋ ਲਿਖਿਆ, ਉਹ ਪੂਰੇ ਹਿੰਦੋਸਤਾਨ ਦੇ ਲੋਕਾਂ ਲਈ ਲਿਖਿਆ ਹੈ।
ਸੱਤਾ ਆਪਣਿਆਂ ਨਾਲ ਲੜਨ ਲਈ ਨਹੀਂ ਹੁੰਦੀ
ਨਵਜੋਤ ਸਿੱਧੂ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਗਾਲ੍ਹਾਂ ਤੱਕ ਕਢਵਾ ਦਿੱਤੀਆਂ ਜਾਂਦੀਆਂ ਹਨ ਪਰ ਉਹ ਕਿਸੇ ਖਿਲਾਫ ਕੁਝ ਨਹੀਂ ਬੋਲਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਸੱਤਾ ਆਪਣਿਆਂ ਨਾਲ ਲੜਨ ਲਈ ਨਹੀਂ ਹੁੰਦੀ, ਸਗੋਂ ਮਿਲ ਕੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਹੁੰਦੀ ਹੈ। ਸਿੱਧੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁੱਖੇ ਗੱਪੀ ਖਿਲਾਫ ਹੀ ਬੋਲਣਗੇ। ਉਨ੍ਹਾਂ ਕਿਹਾ ਕਿ ਚੋਣਾਂ 'ਚ ਅਕਾਲੀ ਦਲ ਨਹੀਂ ਜਿੱਤਿਆ, ਸਗੋਂ ਸਿਰਫ ਬਾਦਲ ਪਰਿਵਾਰ ਜਿੱਤਿਆ ਹੈ।

ਵਿਭਾਗ ਬਦਲਣ ਬਾਰੇ ਬੋਲੇ ਸਿੱਧੂ
ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਟੀ. ਵੀ. 'ਤੇ 20 ਸਾਲ ਕੰਮ ਕੀਤਾ ਹੈ ਅਤੇ ਅੱਜ ਉਹ ਪੰਜਾਬ  ਲਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲ ਵੀ ਜਾਂਦਾ ਹੈ ਤਾਂ ਇਹ ਵੀ ਕੈਪਟਨ ਦਾ ਹੀ ਫੈਸਲਾ ਹੋਵੇਗਾ।


Babita

Content Editor

Related News