ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਤੋਂ ਬਣਾਈ ਦੂਰੀ, ਕੀਤੀਆਂ ਸਿਆਸੀ ਟਿੱਪਣੀਆਂ

05/06/2019 9:37:44 AM

ਜਲੰਧਰ (ਚੋਪੜਾ) : ਪੰਜਾਬ ਦੇ ਚੋਣ ਪ੍ਰਚਾਰ 'ਚੋਂ ਲਗਾਤਾਰ ਦੂਰੀ ਬਣਾ ਕੇ ਬੈਠੇ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ 'ਤੇ ਸਿਆਸੀ ਟਿੱਪਣੀ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਲੋਕਸਭਾ ਚੋਣਾਂ ਨੂੰ ਲੈ ਕੇ ਜੇਕਰ ਆਸ਼ਾ ਕੁਮਾਰੀ ਵਰਗੀ ਵੱਡੀ ਨੇਤਾ ਨੂੰ ਇੰਨਾ ਭਰੋਸਾ ਹੈ ਕਿ ਚੋਣ ਪ੍ਰਚਾਰ 'ਚ ਸਿੱਧੂ ਦੀ ਲੋੜ ਨਹੀਂ ਹੈ ਅਤੇ ਕੈਪਟਨ ਅਮਰਿੰਦਰ ਨੇ ਵੀ ਫਾਈਨਲ ਕਰ ਦਿੱਤਾ ਹੈ ਤਾਂ ਉਹ ਰੰਗ 'ਚ ਭੰਗ ਕਿਉਂ ਪਾਉਣ। ਮੈਨੂੰ ਭਰੋਸਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿਤਾ ਦੇਣਗੇ। ਆਸ਼ਾ ਕੁਮਾਰੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਸਟਾਰ ਪ੍ਰਚਾਰਕ ਹੈ, ਉਹ ਤੇਜ਼ ਤਰਾਰ ਭਾਸ਼ਣ ਦਿੰਦੀ ਹੈ, ਜਦੋਂ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਉਹ ਸਭ ਸੰਭਾਲ ਲਵੇਗੀ ਤਾਂ ਚੋਣ ਨਤੀਜਿਆਂ ਦੀ ਜਵਾਬਦੇਹੀ ਵੀ ਉਨ੍ਹਾਂ ਦੀ ਹੀ ਹੋਵੇਗੀ।
ਸਿੱਧੂ ਨੇ ਕਿਹਾ ਕਿ ਸੰਨੀ ਦਿਓਲ ਦੇ ਗੁਰਦਾਸਪੁਰ ਚੋਣ 'ਚ ਉਤਰਨ ਨਾਲ ਸੌ ਫੀਸਦੀ ਵਿਰੋਧੀ ਮਾਹੌਲ ਬਣਿਆ ਹੈ, ਭਾਵੇਂ ਜੋ ਮਰਜ਼ੀ ਕਹਿ ਲਓ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸ਼ੈਲੀ ਹੈ, ਉਹ ਸੀਨੀਅਰ ਅਤੇ ਤਜ਼ਰਬੇਕਾਰ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਪੰਜਾਬ 'ਚ ਕਾਂਗਰਸ ਨੂੰ ਮੁੜ ਸਥਾਪਿਤ ਕੀਤਾ ਹੈ, ਸੰਨੀ ਨੂੰ ਕਾਊਂਟਰ ਕਰਨ ਲਈ ਉਨ੍ਹਾਂ ਕੋਲ ਸੌ ਚੀਜ਼ਾਂ ਹਨ। ਸਿੱਧੂ ਦੀ ਪੰਜਾਬ 'ਚ ਚੋਣ ਪ੍ਰਚਾਰ ਲਈ ਕੋਈ ਲੋੜ ਨਹੀਂ ਤਾਂ ਮੈਂ ਕਿੱਥੇ ਨਾ ਤਿੰਨ 'ਚ ਨਾ ਤੇਰਾਂ 'ਚ।
ਸਿੱਧੂ ਨੇ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਕਿਹਾ ਕਿ ਸਿਆਸਤ ਸ਼ਤਰੰਜ ਦੀ ਖੇਡ ਹੁੰਦੀ ਹੈ, ਜਦੋਂ ਸ਼ਤਰੰਜ ਦੀ ਬਿਸਾਤ ਵਿਛਾਈ ਜਾ ਚੁੱਕੀ ਹੈ ਅਤੇ ਪਿਆਦਾ ਆਪਣੀ ਔਕਾਤ ਭੁੱਲ ਜਾਵੇ ਤਾਂ ਉਹ ਕੁਚਲਿਆ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੀਰ ਉਡ ਰਿਹਾ ਹੈ ਤਾਂ ਮੈਂ ਉਸ ਨੂੰ ਆਪਣੀ ਪਿੱਠ 'ਚ ਕਿਉਂ ਖਾਵਾਂ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਦੇ ਹੁਕਮ ਨਾਲ ਉਹ ਪੂਰੇ ਦੇਸ਼ 'ਚ ਚੋਣ ਡਿਊਟੀ ਨਿਭਾ ਰਹੇ ਹਨ। ਰਾਹੁਲ ਗਾਂਧੀ, ਅਹਿਮਦ ਪਟੇਲ ਦੇ ਦਫਤਰ ਤੋਂ ਕੰਪੇਨ ਚਲਦੀ ਹੈ, ਪ੍ਰਿਯੰਕਾ ਗਾਂਧੀ ਦੱਸਦੀ ਹੈ ਕਿ ਕਿੱਥੇ ਪ੍ਰਚਾਰ ਲਈ ਜਾਣਾ ਹੈ, ਹਾਈਕਮਾਨ ਦਾ ਹਰ ਹੁਕਮ ਪ੍ਰਵਾਨ ਸਿੱਧੂ ਨੇ ਕਿਹਾ ਕਿ ਜਦੋਂ ਤੋਂ ਮੈਂ ਕਾਂਗਰਸ 'ਚ ਆਇਆ ਹਾਂ ਮੇਰੀ ਲੜਾਈ ਹਮੇਸ਼ਾ ਵਿਰੋਧੀ ਪਾਰਟੀਆਂ ਨਾਲ ਹੁੰਦੀ ਹੈ, ਕਿਸੇ ਕਾਂਗਰਸੀ ਬਾਰੇ ਮੇਰਾ ਕੋਈ ਬਿਆਨ ਨਹੀਂ ਆਇਆ ਪਰ ਸਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਰਟੀ ਹੀ ਸਾਡਾ ਵੱਕਾਰ ਤੇ ਹੋਂਦ ਹੈ। ਜੇਕਰ ਪਾਰਟੀ ਬਚੇਗੀ ਤਾਂ ਅਸੀਂ ਬਚਾਂਗੇ, ਪਾਰਟੀ ਜਿੱਤੇਗੀ ਤਾਂ ਅਸੀਂ ਜਿੱਤਾਂਗੇ ਪਰ ਸਿੱਧੂ ਬਿਨਾਂ ਸੱਦਿਆਂ ਕਿਸੇ ਵਿਆਹ 'ਚ ਸ਼ਾਮਲ ਨਹੀਂ ਹੋਵੇਗਾ।


Babita

Content Editor

Related News