ਹੁਣ ਕੀ ਕਰਨਗੇ ਨਵਜੋਤ ਸਿੰਘ ਸਿੱਧੂ?
Friday, Sep 18, 2020 - 08:52 PM (IST)
ਜਲੰਧਰ (ਵੈੱਬ ਡੈਸਕ) : ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦਾ ਇਕ ਅਜਿਹਾ ਚਿਹਰਾ ਹੈ ਜੋ ਸਿਆਸਤ ਵਿਚ ਸਰਗਰਮ ਹੁੰਦਾ ਹੈ ਤਾਂ ਸੁਰਖੀਆਂ ਬਣਦਾ ਹੈ ਪਰ ਜੇਕਰ ਸਿਆਸਤ 'ਚ ਗਾਇਬ ਹੁੰਦਾ ਹੈ ਤਾਂ ਫਿਰ ਵੀ ਚਰਚਾ ਦਾ ਵਿਸ਼ਾ ਬਣਦਾ ਹੈ। ਜੁਲਾਈ ਮਹੀਨੇ ਤੋਂ ਸਿਆਸੀ ਕੁਆਰੰਟਾਈਨ ਚੱਲ ਰਹੇ ਨਵਜੋਤ ਸਿੰਘ ਸਿੱਧੂ ਬੇਸ਼ੱਕ ਸਿਆਸੀ ਸਰਗਰਮ ਨਹੀਂ ਦਿਖਾ ਰਹੇ ਪਰ ਲੋਕਾਈ 'ਚ ਸਿੱਧੂ ਦੇ ਭਵਿੱਖ ਦੀ ਚਰਚਾ ਪੂਰੇ ਜੋਬਨ 'ਤੇ ਹੈ। ਹਰ ਸਿਆਸੀ ਅਤੇ ਗੈਰ-ਸਿਆਸੀ ਵਿਅਕਤੀ ਜਿੱਥੇ ਆਪਣੇ ਪੱਧਰ 'ਤੇ ਸਿੱਧੂ ਦੇ ਸਿਆਸੀ ਭਵਿੱਖ ਦੀਆਂ ਕਿਆਸਅਰਾਈਆਂ ਲਗਾ ਰਿਹਾ ਹੈ, ਉਥੇ ਹੀ ਬਹੁ-ਗਿਣਤੀ ਲੋਕਾਂ ਅਤੇ ਵਿਰੋਧੀ ਧਿਰ ਦੇ ਮਨ ਵਿਚ ਇਹ ਧੜਕੂ ਹੈ ਕਿ ਆਖਿਰ ਸਿੱਧੂ ਕਿਸ ਪਾਰਟੀ ਦਾ ਪੱਲਾ ਫੜਦੇ ਹਨ।
ਬੇਸ਼ੱਕ ਅਜੇ ਤਕ ਸਿੱਧੂ ਦੇ ਕਾਂਗਰਸ ਛੱਡਣ ਜਾਂ ਭਾਜਪਾ ਅਤੇ 'ਆਪ' ਵਿਚ ਸ਼ਾਮਲ ਹੋਣ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਪਰ ਜੇਕਰ ਸਿੱਧੂ ਦੇ ਯੂ-ਟਿਊਬ ਚੈਨਲ ਅਤੇ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਨਜ਼ਰ ਮਾਰੀਏ ਤਾਂ ਸਿੱਧੂ ਅਜੇ ਵੀ ਕਾਂਗਰਸ ਮੈਨ ਬਣ ਕੇ ਹੀ ਵਿਚਰ ਰਹੇ ਹਨ। ਹਾਲ ਹੀ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਖੇਤੀ ਆਰਡੀਨੈਂਸ ਦੇ ਮੁੱਦੇ 'ਤੇ ਵੀ ਸ਼ਾਇਰਾਨਾ ਅੰਦਾਜ਼ ਵਿਚ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ। ਜਿਸ ਵਿਚ ਉਨ੍ਹਾਂ ਅਕਾਲੀ ਦਲ ਨੂੰ ਵੀ ਲਪੇਟਿਆ ਹੈ। ਇਸ ਤੋਂ ਪਹਿਲਾਂ ਪਰਵਾਸੀ ਭਾਰਤੀਆਂ ਦੇ ਆਨਲਾਈਨ ਸੰਮੇਲਨ ਵਿਚ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਈ ਤੰਜ ਕੱਸੇ, ਉਥੇ ਹੀ ਰਾਹੁਲ ਗਾਂਧੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ। ਇਸ ਤੋਂ ਇਲਾਵਾ ਸਿੱਧੂ ਵਲੋਂ ਆਪਣੇ ਸੋਸ਼ਲ ਮੀਡੀਆ 'ਤੇ ਅਕਸਰ ਪ੍ਰਿਅੰਕਾ ਗਾਂਧੀ ਦੀਆਂ ਤਾਰੀਫਾਂ ਕਰਨੀਆਂ ਅਤੇ ਉਨ੍ਹਾਂ ਦੇ ਨਾਲ ਆਪਣੀਆਂ ਤਸਵੀਰਾਂ ਅਪਲੋਡ ਕਰਨੀਆਂ, ਵੀ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਿੱਧੂ ਆਪਣੇ ਕਾਂਗਰਸੀ ਹੋਣ ਦਾ ਸਬੂਤ ਦੇ ਰਹੇ ਹਨ।
ਇਹ ਵੀ ਪੜ੍ਹੋ : ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ
ਸਿਆਸੀ ਪੰਡਤ ਮੰਨਦੇ ਹਨ ਕਿ ਸਿੱਧੂ ਹਾਈਕਮਾਨ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਨੂੰ ਇਸ਼ਾਰਾ ਹੁੰਦਾ ਹੈ ਅਤੇ ਉਹ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੁੰਦੇ ਹਨ। ਹਾਲਾਂਕਿ ਇਹ ਵੀ ਖ਼ਬਰਾਂ ਆਈਆਂ ਸਨ ਕਿ ਹਾਈਕਮਾਨ ਸਿੱਧੂ ਨੂੰ ਮੁੜ ਮੰਤਰੀ ਬਨਾਉਣ ਲਈ ਤਿਆਰ ਹੋ ਗਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰ ਦਿੱਤੀ ਸੀ ਪਰ ਸਿੱਧੂ ਨੇ ਇਸ ਮੌਕੇ ਨੂੰ ਨਾਕਾਰ ਦਿੱਤਾ। ਦਰਅਸਲ ਨਵਜੋਤ ਸਿੱਧੂ ਦਾ ਇਹ ਮੰਨਣਾ ਹੈ ਕਿ ਮੰਤਰੀ ਰਹਿ ਕੇ ਵੀ ਉਨ੍ਹਾਂ ਨੂੰ ਪਰਫਾਰਮ ਨਹੀਂ ਕਰਨ ਦਿੱਤਾ ਗਿਆ ਤੇ ਹੁਣ ਜਿਹੜਾ ਸਮਾਂ ਬਾਕੀ ਰਹਿ ਗਿਆ ਹੈ, ਇਸ ਵਿਚ ਵੀ ਉਹ ਬਤੌਰ ਮੰਤਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਨਹੀਂ ਕਰ ਪਾਉਣਗੇ। ਇਸ ਕਰਕੇ ਚੰਗਾ ਇਹੀ ਰਹੇਗਾ ਕਿ ਕਿਉਂ ਨਾ ਅਹੁਦੇ ਸੰਭਾਲੇ ਬਗੈਰ ਘਰ ਬੈਠਿਆ ਜਾਵੇ ਅਤੇ ਆਉਣ ਵਾਲੇ ਸਮੇਂ ਵਿਚ ਆਪਣੀ ਹੀ ਪਾਰਟੀ ਦੀਆਂ ਖਾਮੀਆਂ 'ਤੇ ਬੋਲ ਕੇ ਸਿਆਸੀ ਮੌਕਾ ਸਾਂਭਿਆ ਜਾਵੇ।
ਇਹ ਵੀ ਪੜ੍ਹੋ : ਕੇਂਦਰੀ ਵਜ਼ੀਰੀ 'ਚੋਂ ਹਰਸਿਮਰਤ ਦੇ ਅਸਤੀਫੇ ਕੀ ਹਨ ਮਾਇਨੇ!
ਹੁਣ ਗੱਲ ਕਰਦੇ ਹਾਂ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣਦੀਆਂ ਚਰਚਾਵਾਂ ਦੀ
ਦਰਅਸਲ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੂੰ ਛੱਡ ਕੇ ਵੱਡਾ ਹਿੱਸਾ ਨਵਜੋਤ ਸਿੰਘ ਸਿੱਧੂ ਨੂੰ ਦਿਲੋਂ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦਾ ਹੈ ਪਰ ਇਸ ਦਾ ਫ਼ੈਸਲਾ ਅਰਵਿੰਦ ਕੇਜਰੀਵਾਲ ਦੇ ਹੱਥ ਹੈ। 'ਆਪ' ਦੀ ਹਾਈਕਮਾਨ ਲਈ ਸਭ ਤੋਂ ਚੁਣੌਤੀਪੂਰਣ ਮੰਨੀ ਜਾਣ ਵਾਲੀ ਚੀਜ਼ ਇਹ ਰਹੇਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਲਿਆਉਣਾ ਹੈ ਤਾਂ ਆਖਿਰ ਕਿਸ ਸ਼ਰਤ 'ਤੇ ਜਾਂ ਫਿਰ ਅਹੁਦੇ 'ਤੇ ਲਿਆਂਦਾ ਜਾਵੇ ਕਿਉਂਕਿ ਪਾਰਟੀ ਲਈ ਪੁਰਾਣੇ ਲੀਡਰਾਂ ਨੂੰ ਮਨਾਉਣਾ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣਾ ਵੀ ਬੇਹੱਦ ਲਾਜ਼ਮੀ ਹੈ। ਉਧਰ ਸਿੱਧੂ ਨੂੰ ਵੀ 2017 ਵਿਚ ਆਮ ਆਦਮੀ ਪਾਰਟੀ ਨਾਲ ਗੱਲ ਸਿਰੇ ਨਾ ਲੱਗਣ ਦਾ ਦਿਲੋਂ ਮਲਾਲ ਹੈ। ਬੇਸ਼ੱਕ ਸਿਆਸਤ ਵਿਚ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ ਪਰ ਸਿਆਸੀ ਮਾਹਰ ਮੰਨਦੇ ਹਨ ਕਿ ਕੇਜਰੀਵਾਲ ਤੋਂ ਬਿਨਾਂ ਸਿੱਧੂ ਨਾਲ ਗੱਲ ਸਿਰੇ ਲਾਉਣ ਵਿਚ ਕੋਈ ਵੀ ਲੀਡਰ ਸਮਰੱਥ ਨਹੀਂ ਹੈ।
ਇਹ ਵੀ ਪੜ੍ਹੋ : ਖੇਤੀ ਆਰਡੀਨੈਂਸ ‘ਤੇ ਮੰਤਰੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮੇਹਣਾ
ਸਿੱਧੂ ਦੇ ਭਾਜਪਾ ਜਾਣ ਦੀ ਚਰਚਾ
ਸਿੱਧੂ ਦੇ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਦਾ ਜੇਕਰ ਮੁਲਾਂਕਣ ਕਰੀਏ ਤਾਂ ਗੱਲ ਥੋੜ੍ਹੀ ਹਜ਼ਮ ਹੋਣ ਵਾਲੀ ਜਾਪਦੀ ਨਹੀਂ ਹੈ। ਦਰਅਸਲ ਜਦੋਂ ਸਿੱਧੂ ਭਾਜਪਾ ਛੱਡ ਕੇ ਕਾਂਗਰਸ ਵਿਚ ਆਏ ਸਨ ਤਾਂ ਉਸ ਵੇਲੇ ਸਿੱਧੂ ਨੂੰ ਕਾਫੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ ਸੀ। ਸੋਸ਼ਲ ਮੀਡੀਆ 'ਤੇ ਨਵਜੋਤ ਸਿੱਧੂ ਬੇਹੱਦ ਟਰੋਲ ਹੋਏ ਖਾਸ ਕਰ ਜਦੋਂ ਉਨ੍ਹਾਂ ਕਾਂਗਰਸ ਹਾਈਕਮਾਨ ਦੇ ਦੇਸ਼ ਪੱਧਰ ਦੇ ਸਮਾਗਮ ਵਿਚ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਉਨ੍ਹਾਂ ਦੀ ਤਾਰੀਫ ਕੀਤੀ ਤਾਂ ਵਿਰੋਧੀਆਂ ਨੇ ਸਿੱਧੂ ਦੇ ਸਟੈਂਡ ਅਤੇ ਉਸ ਦੇ ਜ਼ੁਬਾਨੀ ਵਿਅੰਗਾਂ 'ਤੇ ਕਈ ਤਰ੍ਹਾਂ ਦੇ ਸਵਾਲ ਕੀਤੇ। ਹਾਲਾਂਕਿ ਨਵਜੋਤ ਸਿੱਧੂ ਨੇ ਕਾਂਗਰਸ ਵਿਚ ਆ ਕੇ ਇਸ ਗੱਲ ਦੀ ਬਚਤ ਰੱਖੀ ਕਿ ਉਹ ਭਾਜਪਾ ਖ਼ਿਲਾਫ ਸਿੱਧੇ ਤੌਰ 'ਤੇ ਨਾ ਤਾਂ ਬਹੁਤਾ ਤਿੱਖਾ ਬੋਲੇ ਅਤੇ ਨਾ ਹੀ ਉਨ੍ਹਾਂ ਨੇ ਕੋਈ ਅਜਿਹੇ ਸ਼ਬਦ ਵਰਤੇ ਜਿਨ੍ਹਾਂ ਕਾਰਣ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਕੋਈ ਮੁਸੀਬਤ ਸਹਿਣੀ ਪਵੇ ਪਰ ਸਿੱਧੂ ਦੇ ਸਮਰਥਕ ਇਸ ਗੱਲ ਲਈ ਬਿਲਕੁਲ ਵੀ ਰਾਜ਼ੀ ਨਹੀਂ ਹਨ ਕਿ ਸਿੱਧੂ ਮੁੜ ਤੋਂ ਭਾਜਪਾ ਦਾ ਪੱਲਾ ਫੜੇ ਤੇ ਸਮਾਜਿਕ ਤੌਰ 'ਤੇ ਉਸ ਨੂੰ ਫਿਰ ਕਿਰਕਿਰੀ ਦਾ ਸਾਹਮਣੇ ਕਰਨਾ ਪਵੇ। ਸੋ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਹਾਲ ਦੀ ਘੜੀ ਤੇਲ ਅਤੇ ਤੇਲ ਦੀ ਧਾਰ ਵੇਖਣ ਵਾਲੀ ਕਹਾਵਤ 'ਚ ਵਿਸ਼ਵਾਸ ਰੱਖ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਸਿੱਧੂ ਦੀ ਜਲਦ ਹੋਵੇਗੀ ਕਾਂਗਰਸ 'ਚ ਵਾਪਸੀ
ਕਾਂਗਰਸ ਵਿਚ ਹਾਸ਼ੀਏ 'ਤੇ ਚੱਲ ਰਹੇ ਸਿੱਧੂ ਨੂੰ ਉਸ ਵੇਲੇ ਸਿਆਸੀ ਜੀਵਨੀ ਮਿਲੀ ਜਦੋਂ ਕਾਂਗਰਸ ਹਾਈਕਮਾਨ ਨੇ ਕੈਪਟਨ ਖੇਮੇ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਲਾਂਭੇ ਕਰਕੇ ਸੀਨੀਅਰ ਨੇਤਾ ਹਰੀਸ਼ ਰਾਵਤ ਨੂੰ ਪੰਜਾਬ ਦੀ ਕਮਾਨ ਦਿੱਤੀ। ਖਾਸ ਗੱਲ ਇਹ ਹੈ ਕਿ ਹਰੀਸ਼ ਰਾਵਤ ਕੈਪਟਨ ਵਿਰੋਧੀਆਂ ਦੇ ਖਾਸਮ-ਖਾਸ ਹਨ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਦੇ ਨਾਲ ਉਨ੍ਹਾਂ ਦੇ ਸੰਬੰਧ ਬਹੁਤ ਪੁਰਾਣੇ ਹਨ। ਰਾਵਤ ਖੁਦ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ। ਸਿੱਧੂ ਨੂੰ ਲੈ ਕੇ ਰਾਵਤ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਵਿਚ ਜਲਦ ਵਾਪਸੀ ਹੋਵੇਗੀ। ਸਿੱਧੂ ਗੁੱਸੇ ਵਾਲੇ ਹਨ ਪਰ ਸਾਥ ਦੇਣ ਵਾਲੇ ਨੇਤਾ ਵੀ ਹਨ।
ਇਹ ਵੀ ਪੜ੍ਹੋ : ਸੁਖਬੀਰ ਦੇ ਅਰਡੀਨੈਂਸ ਬਿੱਲ ਵੋਟਿੰਗ ਵਾਲੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ