ਸਿੱਧੂ ਦੀ ਜੱਫੀ ਕੋਈ ਮੁੱਦਾ ਹੀ ਨਹੀਂ : ਜਗਮੀਤ ਬਰਾੜ

Saturday, Aug 25, 2018 - 11:36 AM (IST)

ਗਿੱਦੜਬਾਹਾ (ਕਟਾਰੀਆ) — ਪਾਕਿਸਤਾਨ ਦੇ ਫੌਜ ਮੁਖੀ ਨਾਲ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੂੰ ਲੈ ਕੇ ਉੱਠੇ ਭੂਚਾਲ 'ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੋਈ ਮੁੱਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੱਫੀ ਪਾਉਣਾ ਤਾਂ ਭਾਰਤੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਅਤੇ ਪੰਜਾਬੀ ਸੱਭਿਆਚਾਰ 'ਚ ਤਾਂ ਜੱਫੀ ਦਾ ਵੈਸੇ ਵੀ ਵਿਸ਼ੇਸ਼ ਸਥਾਨ ਹੈ। ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਨਵਜੋਤ ਸਿੱਧੂ ਦੋਵੇਂ ਮੂਲ ਰੂਪ ਤੋਂ ਪੰਜਾਬੀ ਹਨ। ਜੇਕਰ ਉਨ੍ਹਾਂ ਆਪਸ 'ਚ ਗਲਵੱਕੜੀ ਪਾ ਵੀ ਲਈ ਤਾਂ ਇਸ 'ਤੇ ਇੰਨਾ ਜ਼ਿਆਦਾ ਹੰਗਾਮਾ ਕਿਉਂ ਹੋ ਰਿਹਾ ਹੈ। 
ਉਨ੍ਹਾਂ ਕਿਹਾ ਕਿ ਭਾਜਪਾ ਤਰਕਹੀਣ ਮੁੱਦਿਆਂ ਨੂੰ ਹਵਾ ਦੇ ਰਹੀ ਹੈ, ਜਿਸ ਨਾਲ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ ਜਦਕਿ ਮੇਰੀ ਨਜ਼ਰ 'ਚ ਸਿੱਧੂ ਦੀ ਜੱਫੀ ਨਾਲ ਉਨ੍ਹਾਂ ਦਾ ਕੱਦ ਉੱਚਾ ਹੋਇਆ ਹੈ। ਬਰਾੜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਮੌਕੇ ਜੇਕਰ ਪਾਕਿ ਸਰਕਾਰ ਕਰਤਾਰਪੁਰ ਦਾ ਲਾਂਘਾ ਖੋਲ੍ਹ ਦਿੰਦੀ ਹੈ, ਤਾਂ ਇਹ ਨਵਜੋਤ ਸਿੰਘ ਸਿੱਧੂ ਦੀ ਪਾਕਿ ਫੇਰੀ ਦੀ ਮਹਾਨ ਪ੍ਰਾਪਤੀ ਹੋਵੇਗੀ। ਜ਼ਿਕਰਯੋਗ ਹੈ ਕਿ ਸ. ਬਰਾੜ 5 ਸਤੰਬਰ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਮਹਾਯਾਤਰਾ ਸਬੰਧੀ ਇਥੇ ਆਪਣੇ ਸਮਰਥਕਾਂ ਨੂੰ ਮਿਲਣ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਸਮਾਜਕ ਬੁਰਾਈਆਂ ਵਿਰੁੱਧ ਕੀਤੀ ਜਾ ਰਹੀ ਇਹ ਮਹਾਯਾਤਰਾ ਹਲਕਾ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਲੰਬੀ, ਬਠਿੰਡਾ ਅਤੇ ਤਲਵੰਡੀ ਸਾਬੋ ਦੇ ਪਿੰਡਾਂ 'ਚੋਂ ਹੁੰਦੀ ਹੋਈ ਤਲਵੰਡੀ ਸਾਬੋ ਦੇ ਗੁਰਦੁਆਰਾ ਸਾਹਿਬ 'ਚ ਅਗਲੇ ਦਿਨ ਸਮਾਪਤ ਹੋਵੇਗੀ।


Related News