ਸਿੱਧੂ ਨੂੰ ਲੈ ਕੇ ਕੈਪਟਨ ਦੇ ਤੇਵਰ ਪਏ ਨਰਮ

Saturday, Oct 24, 2020 - 09:10 AM (IST)

ਸਿੱਧੂ ਨੂੰ ਲੈ ਕੇ ਕੈਪਟਨ ਦੇ ਤੇਵਰ ਪਏ ਨਰਮ

ਚੰਡੀਗੜ੍ਹ/ਅੰਮ੍ਰਿਤਸਰ  (ਹਰੀਸ਼ਚੰਦਰ): ਲੰਬੇ ਸਮੇਂ ਤੋਂ ਕਾਂਗਰਸ ਵਿਚ ਹੀ ਬਨਵਾਸ ਝੱਲ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆਂ 'ਚ ਜੰਮੀ ਬਰਫ਼ ਅਚਾਨਕ ਖੁਰਣ ਨਾਲ ਕਾਂਗਰਸ ਰਾਜਨੀਤਿਕ ਤੌਰ 'ਤੇ ਪੰਜਾਬ 'ਚ ਮਜ਼ਬੂਤ ਨਜ਼ਰ ਆਉਣ ਲੱਗੀ ਹੈ। ਦੋਵਾਂ ਨੇਤਾਵਾਂ ਵਿਚਕਾਰ ਕੀ ਸਮਝੌਤਾ ਹੋਇਆ ਹੈ, ਇਸ ਮੁੱਦੇ 'ਤੇ ਹੁਣ ਤੱਕ ਕੁਝ ਸਪੱਸ਼ਟ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਹੀ ਦੋਵਾਂ ਨੇਤਾਵਾਂ ਨੂੰ ਪਾਰਟੀ ਹਿਤ 'ਚ ਆਪਸ 'ਚ ਮਤਭੇਦ ਫਿਲਹਾਲ ਭੁਲਾਉਣ ਨੂੰ ਕਿਹਾ ਹੈ।

ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜਦੋਂ ਤੋਂ ਪੰਜਾਬ ਆ ਕੇ ਜ਼ਿੰਮੇਵਾਰੀ ਸੰਭਾਲੀ ਹੈ, ਉਦੋਂ ਤੋਂ ਸਿੱਧੂ ਨੂੰ ਲੈ ਕੇ ਕਰੀਬ ਰੋਜ਼ਾਨਾ ਹੀ ਬਿਆਨ ਦਾਗਦੇ ਆ ਰਹੇ ਹਨ। ਕਦੇ ਉਨ੍ਹਾਂ ਨੂੰ ਕਾਂਗਰਸ ਦਾ ਭਵਿੱਖ ਦੱਸਿਆ ਤਾਂ ਕਦੇ ਕਾਂਗਰਸ ਦਾ ਰਾਫੇਲ। ਹੁਣ ਸਿੱਧੂ ਨੂੰ ਕੌਮੀ ਪੱਧਰ 'ਤੇ ਕੋਈ ਜ਼ਿੰਮੇਵਾਰੀ ਸੌਂਪੀ ਜਾਵੇਗੀ ਜਾਂ ਕੈਪਟਨ ਸਰਕਾਰ 'ਚ ਬਤੌਰ ਕੈਬਨਿਟ ਮੰਤਰੀ ਵਾਪਸੀ ਹੋਵੇਗੀ, ਇਸ ਸਬੰਧੀ ਅਜੇ ਤਸਵੀਰ ਸਾਫ਼ ਨਹੀਂ ਹੈ ਪਰ ਰਾਵਤ ਨੇ ਨਵੀਂ ਭੂਮਿਕਾ ਨੂੰ ਲੈ ਕੇ ਸੰਕੇਤ ਜ਼ਰੂਰ ਦਿੱਤੇ ਹਨ।

ਉਨ੍ਹਾਂ ਦੇ ਇਹ ਯਤਨ ਵੀ ਹੁਣ ਰੰਗ ਲਿਆਉਂਦੇ ਨਜ਼ਰ ਆਏ ਜਦੋਂ ਵਿਧਾਨਸਭਾ 'ਚ ਸਿੱਧੂ ਨੇ ਖੇਤੀਬਾੜੀ ਬਿੱਲਾਂ 'ਤੇ ਬਹਿਸ ਦੌਰਾਨ ਕੈ ਅਮਰਿੰਦਰ ਦੇ ਹੱਕ 'ਚ ਖੁੱਲ੍ਹ ਕੇ ਭਾਸ਼ਣ ਦਿੱਤਾ। ਹਾਲਾਂਕਿ ਇਸ ਤੋਂ ਕਰੀਬ 2 ਹਫ਼ਤੇ ਪਹਿਲਾਂ ਹੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਦੀ ਹਾਜ਼ਰੀ 'ਚ ਹੀ ਸਿੱਧੂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਚ ਤੋਂ ਹੀ ਝਾੜ ਲਗਾ ਦਿੱਤੀ ਸੀ। ਸੂਬਾ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਸੰਸਦ ਮੈਂਬਰ ਤੇ ਮੰਤਰੀ ਵੀ ਮਾਮਲੇ ਦੇ ਗਵਾਹ ਰਹੇ ਸਨ। ਹਾਲਾਂਕਿ ਰੰਧਾਵਾ ਨੇ ਕੁਝ ਦਿਨ ਜਨਤਕ ਤੌਰ 'ਤੇ ਨਰਾਜ਼ਗੀ ਵੀ ਜਤਾਈ ਪਰ ਸਿੱਧੂ 'ਤੇ ਠੋਸ ਕਾਰਵਾਈ ਕਰਵਾਉਣ 'ਚ ਨਾਕਾਮ ਰਹੇ। ਕੈਪਟਨ ਅਮਰਿੰਦਰ ਨੇ ਵੀ ਇਸ 'ਤੇ ਕੋਈ ਖਾਸ ਟਿੱਪਣੀ ਨਹੀਂ ਕੀਤੀ ਜਦਕਿ ਰੰਧਾਵਾ ਉਨ੍ਹਾਂ ਦੇ ਕਰੀਬੀ ਨੇਤਾਵਾਂ 'ਚ ਸ਼ੁਮਾਰ ਹੁੰਦੇ ਹਨ। ਇਸ ਨਾਲ ਇਹ ਸੰਕੇਤ ਤਾਂ ਪਹਿਲਾਂ ਹੀ ਮਿਲਣ ਲੱਗਾ ਸੀ ਕਿ ਕੈਪਟਨ ਅਮਰਿੰਦਰ ਨੂੰ ਹਾਈਕਮਾਨ ਨੇ ਰਾਵਤ ਦੀ ਮਾਰਫ਼ਤ ਕੁਝ ਖ਼ਾਸ ਸੁਨੇਹਾ ਸਿੱਧੂ ਸਬੰਧੀ ਭਿਜਵਾਇਆ ਹੈ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਦੇ ਤੇਵਰ ਨਰਮ ਪਏ ਹੋਏ ਹਨ।

ਸਿੱਧੂ ਪਿਛਲੇ ਸਾਲ ਜੂਨ 'ਚ ਦਿੱਤੇ ਅਸਤੀਫ਼ੇ ਤੋਂ ਬਾਅਦ ਤੋਂ ਰਾਜਨੀਤਿਕ ਬਨਵਾਸ ਭੁਗਤ ਰਹੇ ਹਨ। ਉਹ ਕਿਸੇ ਰਾਜਨੀਤਿਕ ਮੰਚ 'ਤੇ ਦਿਖਾਈ ਨਹੀਂ ਦਿੰਦੇ ਸਨ ਅਤੇ ਨਾ ਹੀ ਪਾਰਟੀ ਬੈਠਕਾਂ 'ਚ ਨਜ਼ਰ ਆਉਂਦੇ ਸਨ। ਸਿੱਧੂ ਅਤੇ ਕੈਪਟਨ ਵਿਚਕਾਰ ਉਸੇ ਦਿਨ ਤੋਂ ਅਜਿਹੀ ਖਾਈ ਬਣ ਗਈ ਸੀ ਜਦੋਂ ਸਿੱਧੂ ਨੇ ਦਿੱਲੀ 'ਚ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਜਦੋਂ ਕਿ ਪਹਿਲਾਂ ਕਈ ਵੱਡੇ ਨੇਤਾ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਹੀ ਸ਼ਾਮਲ ਹੋਏ ਸਨ। ਇਹ ਸਿੱਧਾ ਸੁਨੇਹਾ ਸੀ ਕਿ ਉਹ ਕੈਪਟਨ ਅਮਰਿੰਦਰ ਦੇ ਸਮਾਨੰਤਰ ਆਪਣੀ ਭੂਮਿਕਾ ਹਾਈਕਮਾਨ ਤੋਂ ਚਾਹੁੰਦੇ ਹਨ। ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਣ ਦੇ ਨਾਲ-ਨਾਲ ਨਸ਼ੇ ਅਤੇ ਰੇਤਾ-ਬਜਰੀ ਜਿਹੇ ਮਾਫੀਆ ਨੂੰ ਲੈ ਕੇ ਵੀ ਬਿਆਨ ਦਿੱਤਾ ਸੀ ਕਿ ਉਹ ਸੀ. ਐੱਮ. ਹੁੰਦੇ ਤਾਂ ਦੋਸ਼ੀ ਸਲਾਖਾਂ ਦੇ ਪਿੱਛੇ ਹੁੰਦੇ। ਅਜਿਹੇ ਬਿਆਨ ਤੋਂ ਕੈ. ਅਮਰਿੰਦਰ ਦੀ ਸਾਖ 'ਤੇ ਪੰਜਾਬ ਵਿਚ ਸਿੱਧਾ ਅਸਰ ਪੈ ਰਿਹਾ ਸੀ। ਲੋਕ ਸਭਾ ਚੋਣ ਨਤੀਜਿਆਂ ਨੇ ਕੈਪਟਨ ਅਮਰਿੰਦਰ ਨੂੰ ਸਿੱਧੂ ਦੇ ਖੰਭ ਕੁਤਰਨ ਦਾ ਮੌਕਾ ਦਿੱਤਾ। ਉਨ੍ਹਾਂ ਅਜਿਹੀ ਚਾਲ ਚੱਲੀ ਜਿਸ ਨਾਲ ਸਿੱਧੂ ਕੈਬਨਿਟ ਤੋਂ ਆਊਟ ਤਾਂ ਹੋਏ ਹੀ, ਸੂਬੇ ਦੀ ਰਾਜਨੀਤੀ ਵਿਚ ਵੀ ਹਾਸ਼ੀਏ 'ਤੇ ਚਲੇ ਗਏ ਸਨ।

ਹੁਣ ਕੈਪਟਨ ਅਮਰਿੰਦਰ ਦੇ ਤੇਵਰ ਨਰਮ ਪੈਣ ਪਿੱਛੇ ਦਲੀਲ਼ ਇਹ ਦਿੱਤੀ ਜਾ ਰਹੀ ਹੈ ਕਿ ਮੌਜੂਦਾ ਸਮੇਂ ਵਿਚ ਅਕਾਲੀ ਦਲ ਦੇ ਐੱਨ. ਡੀ. ਏ. ਤੋਂ ਵੱਖ ਹੋਣ ਅਤੇ ਕਿਸਾਨ ਅੰਦੋਲਨ ਨਾਲ ਰਾਜਨੀਤਿਕ ਹਵਾ ਦੇ ਕਾਂਗਰਸ ਦੇ ਹੱਕ ਵਿਚ ਰੁੜ੍ਹਨ ਨੂੰ ਸਮਾਂ ਰਹਿੰਦੇ ਸਮਝ ਕੇ ਪਾਰਟੀ ਦੀ ਅਜਿਹੀ ਅੰਦਰੂਨੀ ਖਿੱਚੋਤਾਣ ਤੋਂ ਖੁਦ ਹੀ ਦੂਰ ਰਹਿਣ ਦਾ ਫੈਸਲਾ ਕੀਤਾ ਹੈ, ਜੋ ਸੱਤਾ ਦੀ ਲਗਾਤਾਰ ਦੂਜੀ ਪਾਰੀ ਵਿਚ ਕੋਈ ਰੁਕਾਵਟ ਬਣ ਸਕਦੀ ਹੋਵੇ। ਕੈਪਟਨ ਦੇ ਕਰੀਬੀ ਨੇਤਾਵਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਤੋਂ ਲੱਗਦਾ ਹੈ ਕਿ 2022 ਵਿਚ ਇਕ ਵਾਰ ਫਿਰ ਕਾਂਗਰਸ 2017 ਵਾਲਾ ਪ੍ਰਦਰਸ਼ਨ ਦੋਹਰਾਏਗੀ। ਸਿੱਧੂ ਕਾਂਗਰਸ ਦੇ ਪ੍ਰੋਗਰਾਮ ਵਿਚ ਖੁੱਲ੍ਹ ਕੇ ਨਾਲ ਚਲਦੇ ਹਨ ਤਾਂ ਇਸ ਨਾਲ ਪਾਰਟੀ ਨੂੰ ਹੀ ਰਾਜਨੀਤਿਕ ਫਾਇਦਾ ਹੋਵੇਗਾ। ਨਹੀਂ ਤਾਂ 2014 ਵਿਚ ਜਿਸ ਤਰ੍ਹਾਂ ਭਾਜਪਾ ਵਿਚ ਰਹਿੰਦੇ ਹੋਏ ਖੁਦ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਸੀ, ਉਸ ਨਾਲ ਅਰੁਣ ਜੇਤਲੀ ਜਿਹੇ ਦਿੱਗਜ ਨੂੰ ਵੀ ਮੋਦੀ ਲਹਿਰ ਦੇ ਬਾਵਜੂਦ ਹਾਰ ਦਾ ਮੁੰਹ ਦੇਖਣਾ ਪਿਆ ਸੀ।

ਹਰੀਸ਼ ਰਾਵਤ ਨਿਭਾ ਰਹੇ ਅਹਿਮ ਭੂਮਿਕਾ
ਸਿੱਧੂ ਦੀ ਕਾਂਗਰਸ ਵਿਚ ਮੁੱਖ ਧਾਰਾ ਵਿਚ ਵਾਪਸੀ ਵਿਚ ਸਭ ਤੋਂ ਅਹਿਮ ਭੂਮਿਕਾ ਹਰੀਸ਼ ਰਾਵਤ ਨਿਭਾ ਰਹੇ ਹਨ। ਹਾਈਕਮਾਨ ਦੇ ਵਿਸ਼ੇਸ਼ ਦੂਤ ਦੇ ਤੌਰ 'ਤੇ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਤੋਂ ਰਾਵਤ ਕਰੀਬ ਪੰਜਾਬ ਵਿਚ ਹੀ ਡੇਰਾ ਜਮਾਏ ਹੋਏ ਹਨ। ਰਾਵਤ ਨਾ ਸਿਰਫ਼ ਮਨਮੋਹਨ ਸਰਕਾਰ ਵਿਚ ਕੇਂਦਰੀ ਮੰਤਰੀ ਰਹਿ ਚੁੱਕੇ ਹਨ, ਸਗੋਂ 3 ਸਾਲ ਉਤਰਾਖੰਡ ਦੇ ਮੁੱਖ ਮੰਤਰੀ ਵੀ ਰਹੇ ਹਨ। ਲੰਬੇ ਸਮੇਂ ਬਾਅਦ ਪਾਰਟੀ ਨੇ ਅਜਿਹੇ ਕੱਦਾਵਰ ਨੇਤਾ ਨੂੰ ਪੰਜਾਬ ਇੰਚਾਰਜ ਬਣਾਇਆ ਹੈ। ਇਸ ਤੋਂ ਪਹਿਲਾਂ ਆਸ਼ਾ ਕੁਮਾਰੀ ਅਤੇ ਉਨ੍ਹਾਂ ਤੋਂ ਪਹਿਲਾਂ ਡਾ. ਸ਼ਕੀਲ ਅਹਿਮਦ ਇੰਚਾਰਜ ਰਹੇ ਪਰ ਦੋਵਾਂ ਦਾ ਹੀ ਕੱਦ ਅਜਿਹਾ ਨਹੀਂ ਰਿਹਾ ਜੋ ਕੈਪਟਨ ਅਮਰਿੰਦਰ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾ ਸਕੇ। ਹੁਣ ਰਾਵਤ ਦਾ ਰੁਤਬਾ ਅਜਿਹਾ ਹੈ ਕਿ ਕੈਪਟਨ ਅਮਰਿੰਦਰ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹੀ ਵਜ੍ਹਾ ਹੈ ਕਿ ਸਿੱਧੂ ਦੇ ਨਾਮ 'ਤੇ ਅਕਸਰ ਅਸਹਿਜ ਹੋਣ ਵਾਲੇ ਕੈ. ਅਮਰਿੰਦਰ ਨੇ ਨਾ ਸਿਰਫ਼ ਵਿਧਾਨਸਭਾ ਦੇ ਹਾਲੀਆ ਸੈਸ਼ਨ ਵਿਚ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ, ਸਗੋਂ ਉਨ੍ਹਾਂ ਨਾਲ ਰਿਸ਼ਤਿਆਂ ਦੀ ਨਵੀਂ ਸ਼ੁਰੂਆਤ ਕਰਨ ਦਾ ਵੀ ਸੰਕੇਤ ਦਿੱਤਾ ਹੈ।

ਸਟਾਰ ਦੇ ਨਖਰੇ ਤਾਂ ਸਹਿਣੇ ਪੈਂਦੇ ਹਨ
ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਸਿੱਧੂ ਦਾ ਜੋ ਅਕਸ ਲੋਕਾਂ ਵਿਚ ਹੈ, ਉਸ ਵਿਚ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਤੇਜ-ਤਰਾਰ ਅਤੇ ਜੋਸ਼ੀਲੇ ਭਾਸ਼ਣਾਂ ਨਾਲ ਉਹ ਰਾਜਨੀਤਿਕ ਹਵਾ ਬਦਲਣ ਦਾ ਹੁਨਰ ਰੱਖਦੇ ਹਨ। ਹੁਣ ਹਾਲਾਂਕਿ ਉਹ ਸੈਲੀਬ੍ਰਿਟੀ ਹਨ ਤਾਂ ਅਜਿਹੇ ਸਟਾਰ ਦੇ ਨਖਰੇ ਤਾਂ ਸਹਿਣੇ ਹੀ ਪੈਣਗੇ।


author

Baljeet Kaur

Content Editor

Related News