ਸਿੱਧੂ ਦਾ ਸ਼ਾਇਰਾਨਾ ਅੰਦਾਜ ’ਚ ਵਿਰੋਧੀਆਂ ’ਤੇ ਫਿਰ ਹਮਲਾ (ਵੀਡੀਓ)
Tuesday, May 28, 2019 - 06:32 PM (IST)
ਚੰਡੀਗੜ੍ਹ/ਜਲੰਧਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵਿੱਟਰ 'ਤੇ ਸ਼ਾਇਰਾਨਾ ਅੰਦਾਜ਼ 'ਚ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਵਲੋਂ ਕੀਤੇ ਗਏ ਇਸ ਨਵੇਂ ਟਵੀਟ ਨਾਲ ਮੀਡੀਆ ਵਿਚ ਚਰਚਾ ਛਿੜ ਗਈ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ, ''ਜ਼ਿੰਦਗੀ ਆਪਣੇ ਦਮ 'ਤੇ ਜੀਵੀ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।''
ਅਸਲ 'ਚ ਨਵਜੋਤ ਸਿੱਧੂ ਪਿਛਲੇ ਸਮੇਂ ਤੋਂ ਹੀ ਟਵੀਟਾਂ ਰਾਹੀਂ ਆਪਣੇ ਵਿਰੋਧੀਆਂ 'ਤੇ ਨਿਸ਼ਾਨੇ ਕੱਸਦੇ ਆ ਰਹੇ ਹਨ। ਸਿੱਧੂ ਦਾ ਇਹ ਟਵੀਟ ਕਿਸ ਵਿਰੋਧੀ ਲਈ ਕੀਤਾ ਗਿਆ ਹੈ ਇਹ ਤਾਂ ਸਿੱਧੂ ਹੀ ਦੱਸ ਸਕਦੇ ਹਨ। ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਸੁਖਬੀਰ ਸਿੰਘ ਬਾਦਲ ’ਤੇ ਵੀ ਅਕਸਰ ਨਿਸ਼ਾਨੇ ਕੱਸਦੇ ਰਹਿੰਦੇ ਹਨ। ਇਸ ਦੇ ਨਾਲ-ਨਾਲ ਪਿਛਲੇ ਸਮੇਂ ਤੋਂ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਆਪਣੀ ਹੀ ਪਾਰਟੀ ਦੇ ਹੋਰ ਕਈ ਆਗੂਆਂ ਨਾਲ ਖੜਕਦੀ ਆ ਰਹੀ ਹੈ। ਇਕ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਕਵਿਤਾ ਦੀਆਂ ਕੁਝ ਲਾਈਨਾ ਟਵੀਟ ਕੀਤੀਆਂ ਸਨ, ਜਿਸ ਤੋਂ ਬਾਅਦ ਮੀਡੀਆ ਵਿਚ ਇਸ ਕਵਿਤਾ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਕਿਆਫੇ ਲਗਾਏ ਗਏ ਸਨ।