ਨਵਜੋਤ ਸਿੱਧੂ ਨੇ ਇਕ 'ਟਵੀਟ' ਨਾਲ ਲਾਏ ਕਈ ਨਿਸ਼ਾਨੇ

Tuesday, Jul 13, 2021 - 10:02 PM (IST)

ਨਵਜੋਤ ਸਿੱਧੂ ਨੇ ਇਕ 'ਟਵੀਟ' ਨਾਲ ਲਾਏ ਕਈ ਨਿਸ਼ਾਨੇ

ਜਲੰਧਰ (ਵੈੱਬ ਡੈਸਕ)  ਆਪਣੀ ਹੀ ਸਰਕਾਰ ਤੋਂ ਖਫ਼ਾ ਚੱਲ ਰਹੇ ਨਵਜੋਤ ਸਿੱਧੂ ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਟਵੀਟ ਪਾ ਕੇ ਨਵਾਂ ਮੁੱਦਾ ਛੇੜੀ ਰੱਖਦੇ ਹਨ। ਹਾਲ ਹੀ ਵਿੱਚ ਸਿੱਧੂ ਨੇ ਮੁੜ ਇੱਕ ਟਵੀਟ ਸਾਂਝਾ ਕਰਦਿਆਂ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਵਾਲੀ ਗੱਲ ਸੱਚ ਸਾਬਿਤ ਕਰ ਵਿਖਾਈ ਹੈ। ਦਰਅਸਲ ਬੀਤੇ ਦਿਨੀਂ ਭਗਵੰਤ ਮਾਨ ਨੇ ਪ੍ਰੈੱਸ ਵਾਰਤਾ ਦਰਮਿਆਨ ਕਾਂਗਰਸ ਸਰਕਾਰ 'ਤੇ ਬਿਜਲੀ ਸਮਝੌਤੇ ਰੱਦ ਕਰਨ ਦਾ ਵਾਅਦਾ ਨਾ ਨਿਭਾਉਣ ਦਾ ਇਲਜ਼ਾਮ ਲਾਉਂਦਿਆਂ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ ਸੀ ਕਿ ਹੁਣ ਉਹ ਇਸ ਮਸਲੇ 'ਤੇ ਟਵੀਟ ਕਰਕੇ ਵਿਖਾਉਣ। ਇਸਦੇ ਜੁਆਬ ਵਿੱਚ ਸਿੱਧੂ ਨੇ ਅੱਜ ਭਗਵੰਤ ਮਾਨ ਦੀ ਇਕ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਜਿੱਥੇ ਆਮ ਆਦਮੀ ਪਾਰਟੀ ਦੀ ਤਾਰੀਫ਼ ਕੀਤੀ ਉਥੇ ਹੀ ਕਾਂਗਰਸ ਹਾਈਕਮਾਨ ਨੂੰ ਗੁੱਝਾ ਇਸ਼ਾਰਾ ਵੀ ਕੀਤਾ ਹੈ ਕਿ 'ਆਪ' ਨੇ ਹਮੇਸ਼ਾ ਹੀ ਪੰਜਾਬ ਲਈ ਮੇਰੀ ਸੋਚ ਅਤੇ ਮੇਰੇ ਸੁਫ਼ਨੇ ਨੂੰ ਮਾਨਤਾ ਦਿੱਤੀ ਹੈ।  

ਨਵਜੋਤ ਸਿੱਧੂ ਨੇ ਤਾਜ਼ਾ ਟਵੀਟ ਵਿਚ ਆਖਿਆ ਕਿ ਜੇਕਰ ਵਿਰੋਧੀ ਧਿਰ ਨੇ ਮੈਨੂੰ ਸਵਾਲ ਕਰਨ ਦੀ ਹਿੰਮਤ ਕੀਤੀ ਹੈ ਤਾਂ ਵੀ ਉਹ ਮੇਰੇ 'ਪੰਜਾਬ ਪੱਖੀ ਏਜੰਡੇ' ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ, ਅਰਥਾਤ ਉਸਨੇ ਕੰਧ 'ਤੇ ਲਿਖਿਆ ਪੜ੍ਹ ਲਿਆ ਹੈ।  ਸਿੱਧੂ ਨੇ ਆਖਿਆ ਹੈ ਕਿ ਸਾਡੀ ਵਿਰੋਧੀ ਧਿਰ ਵੀ ਪੰਜਾਬ ਲਈ ਮੇਰੀ ਸੋਚ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਇਹ ਭਾਵੇਂ 2017 ਤੋਂ ਪਹਿਲਾਂ ਬੇਅਦਬੀ, ਨਸ਼ਾ, ਕਿਸਾਨੀ, ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ। ਜਦ ਮੈਂ 'ਪੰਜਾਬ ਮਾਡਲ' ਦੇ ਰਿਹਾ ਹਾਂ, ਉਨ੍ਹਾਂ ਨੂੰ ਪਤਾ ਹੈ ਕਿ ਅਸਲ ’ਚ ਪੰਜਾਬ ਲਈ ਕੌਣ ਲੜ ਰਿਹਾ ਹੈ। ਇੱਥੇ ਹੀ ਬਸ ਨਹੀਂ ਇਸ ਦੌਰਾਨ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ । ਜਿਸ ਵਿਚ ਸੰਜੇ ਸਿੰਘ ਅਤੇ ਭਗਵੰਤ ਮਾਨ ਸਿੱਧੂ ਦੀਆਂ ਤਾਰੀਫ਼ਾਂ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਸਿੱਧੂ ਦੀ 'ਆਪ' ਵਿੱਚ ਐਂਟਰੀ 'ਤੇ ਦਵੰਦ
ਸਿਆਸੀ ਮਾਹਿਰ ਸਿੱਧੂ ਦੇ ਇਸ ਟਵੀਟ ਨੂੰ ਕਈ ਪੱਖਾਂ ਤੋਂ ਵੇਖ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਪੰਜਾਬ ਆਏ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ 'ਆਪ' ਵੱਲੋਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਸਿੱਖ ਹੋਵੇਗਾ ਅਤੇ ਸਾਰਿਆਂ ਦਾ ਹਰਮਨਪਿਆਰਾ ਵੀ। ਇਸ ਬਿਆਨ ਮਗਰੋਂ ਹੀ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਨਾਲ ਲੰਮੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸਿੱਧੂ ਦੀ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਵਿੱਚ ਐਂਟਰੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਭ ਤੋਂ ਵੱਡੀ ਰੁਕਾਵਟ ਭਗਵੰਤ ਮਾਨ ਨੂੰ ਮੰਨਿਆ ਜਾ ਸਕਦਾ ਹੈ ਕਿਉਂਜੋ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਚਿਹਰੇ ਵਜੋਂ ਵੇਖਿਆ ਜਾ ਰਿਹਾ ਹੈ। ਫਿਲਹਾਲ ਸਿੱਧੂ ਦੇ 'ਆਪ' ਦੀ ਤਾਰੀਫ਼ 'ਚ ਕੀਤੇ ਤਾਜ਼ਾ ਟਵੀਟ ਨੇ ਮੁੜ ਤੋਂ ਨਵਾਂ ਮੁੱਦਾ ਛੇੜ ਦਿੱਤਾ ਹੈ।

PunjabKesari

ਕਾਂਗਰਸ ਹਾਈਕਮਾਨ ਨੂੰ ਲੁਕਵਾਂ ਇਸ਼ਾਰਾ
ਨਵਜੋਤ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਦਾਲ ਨਾ ਗਲ਼ਣ ਕਾਰਨ ਕਾਂਗਰਸ ਹਾਈਕਮਾਨ ਵੀ ਦੋਵਾਂ ਨੂੰ ਇਕ ਮੰਚ 'ਤੇ ਇਕੱਠੇ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ। ਸੂਤਰਾਂ ਅਨੁਸਾਰ ਜੇਕਰ ਹਾਈਕਮਾਨ ਸਿੱਧੂ ਨੂੰ ਪੰਜਾਬ ਪ੍ਰਧਾਨ ਲਾਉਣ 'ਤੇ ਵਿਚਾਰ ਕਰਦੀ ਹੈ ਤਾਂ ਕੈਪਟਨ ਆਪਣਾ ਅਸਤੀਫ਼ਾ ਦੇਣ ਲਈ ਤਿਆਰ ਹਨ ਪਰ ਜੇਕਰ ਸਿੱਧੂ ਨੂੰ ਕੋਈ ਵੱਡਾ ਅਹੁਦਾ ਨਹੀਂ ਮਿਲਦਾ ਤਾਂ ਸਿੱਧੂ ਕਿਸੇ ਸਮੇਂ ਵੀ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ ਜਿਸ ਮਗਰੋਂ ਸਿੱਧੂ ਕੋਲ ਸਿਆਸੀ ਭਵਿੱਖ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਸਮੇਤ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਦਖਲਅੰਦਾਜ਼ੀ ਵੀ ਇਸ ਮਸਲੇ ਨੂੰ ਹੱਲ ਕਰਨ ਵਿੱਚ ਕਾਮਯਾਬ ਹੁੰਦੀ ਨਹੀਂ ਦਿਸ ਰਹੀ। ਸਿਆਸੀ ਟਿੱਪਣੀਕਾਰ ਅੰਦਾਜ਼ੇ ਲਗਾ ਰਹੇ ਹਨ ਕਿ ਹੁਣ ਨਵਜੋਤ ਸਿੱਧੂ ਨੇ ਟਵੀਟ ਕਰਕੇ ਹਾਈਕਮਾਨ ਨੂੰ ਵੀ ਲੁਕਵਾਂ ਇਸ਼ਾਰਾ ਕੀਤਾ ਹੈ ਕਿ 'ਆਪ' ਉਸ ਦੀ ਸੋਚ ਨਾਲ ਸਹਿਮਤੀ ਪ੍ਰਗਟਾਅ ਰਹੀ ਹੈ ਤੇ ਜੇਕਰ ਛੇਤੀ ਕਾਂਗਰਸ ਵਿੱਚ ਉਸਦੀ ਵੁੱਕਤ ਨਾ ਪਈ ਤਾਂ ਸਿੱਧੂ ਪਾਰਟੀ ਨੂੰ ਅਲਵਿਦਾ ਆਖ ਸਕਦਾ ਹੈ।    

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ     

ਕੈਪਟਨ ਨੂੰ ਯਾਦ ਕਰਾਏ ਵਾਅਦੇ
ਨਵਜੋਤ ਸਿੱਧੂ ਨੂੰ ਹਮੇਸ਼ਾ ਹੀ ਰੰਝ ਰਿਹਾ ਹੈ ਕਿ ਕੈਪਟਨ ਉਸਦੀ ਆਵਾਜ਼ ਨੂੰ ਸੁਣਦੇ ਨਹੀਂ। ਫਿਰ ਚਾਹੇ ਗੱਲ ਸਿੱਧੂ ਦੇ ਮੰਤਰੀ ਅਹੁਦਾ ਛੱਡਣ ਦੀ ਹੋਵੇ ਜਾਂ ਪੰਜਾਬ ਦੇ ਮਸਲਿਆਂ ਦੀ। ਤਾਜ਼ਾ ਟਵੀਟ ਵਿੱਚ ਸਿੱਧੂ ਨੇ ਪੰਜਾਬ ਦੇ ਸਾਲਾਂ ਤੋਂ ਭਖਦੇ ਮਸਲੇ ਬੇਅਦਬੀ, ਨਸ਼ਾ, ਕਿਸਾਨੀ ਜਾਂ ਭ੍ਰਿਸ਼ਟਾਚਾਰ ਨੂੰ ਚਿਤਾਰਿਆ ਹੈ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰਾਂ ਹਮੇਸ਼ਾ ਹੀ ਕੈਪਟਨ ਸਰਕਾਰ ਨੂੰ ਘੇਰਦੀਆਂ ਰਹੀਆਂ ਹਨ। ਸਿੱਧੂ ਵਾਰ-ਵਾਰ ਕਹਿੰਦੇ ਰਹੇ ਨੇ ਕਿ ਪੰਜਾਬ ਦੇ ਲੋਕ ਜੁਆਬ ਮੰਗਣਗੇ ਕਿ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਸਮੇਂ ਦੀ ਸਰਕਾਰ ਨੇ ਕੀ ਕੀਤਾ ਹੈ। ਹੁਣ ਨਵਜੋਤ ਸਿੱਧੂ ਨੇ ਕੈਪਟਨ ਨੂੰ ਮੁੜ ਯਾਦ ਕਰਾਇਆ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਪੰਜਾਬ ਦੇ ਲੋਕਾਂ ਨੂੰ ਜੁਆਬ ਦੇਣਾ ਹੀ ਪਵੇਗਾ।  

ਨੋਟ : ਕੀ ਨਵਜੋਤ ਸਿੱਧੂ ਆਪ 'ਚ ਜਾਣਗੇ ਜਾਂ ਕਾਂਗਰਸ ਵਿੱਚ ਹੀ ਰਹਿਣਗੇ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News