ਨਵਜੋਤ ਸਿੱਧੂ ਦੀ ਵੱਡੀ ਤਿਆਰੀ, ਪੂਰੇ ਪੰਜਾਬ ਤੋਂ ਕੋਠੀ ਪਹੁੰਚ ਰਹੇ ਸਮਰਥਕ (ਵੀਡੀਓ)

Monday, Jul 22, 2019 - 07:01 PM (IST)

ਅੰਮ੍ਰਿਤਸਰ : ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਕੇ ਲਾਂਭੇ ਹੋਏ ਨਵਜੋਤ ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ ਇਸ 'ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੋਂ ਵੀ ਜੁੱਲੀ-ਬਿਸਤਰਾ ਗੋਲ ਕੇ ਅੰਮ੍ਰਿਤਸਰ ਅੱਪੜ ਆਏ ਹਨ। ਅੰਮ੍ਰਿਤਸਰ ਸਥਿਤ ਸਿੱਧੂ ਦੀ ਜਿਸ ਕੋਠੀ 'ਚ ਕੁੱਝ ਦਿਨ ਪਹਿਲਾਂ ਸੁੰਨ ਪਈ ਸੀ, ਹੁਣ ਉਥੇ ਚਹਿਲ-ਪਹਿਲ ਵੱਧ ਗਈ ਹੈ। ਇਥੇ ਹੀ ਬਸ ਨਹੀਂ ਪੰਜਾਬ ਭਰ 'ਚੋਂ ਨਵਜੋਤ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ 'ਤੇ ਪਹੁੰਚ ਰਹੇ ਹਨ। 

PunjabKesari
ਦੂਜੇ ਪਾਸੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਸਿੱਧੂ ਸਰਗਰਮ ਸਿਆਸਤ ਤੋਂ ਇਲਾਵਾ ਮੀਡੀਆ ਤੋਂ ਵੀ ਪੂਰੀ ਤਰ੍ਹਾਂ ਦੂਰ ਹਨ। ਐਤਵਾਰ ਨੂੰ ਸਿੱਧੂ ਆਪਣੀ ਪਤਨੀ ਨਾਲ ਚੰਡੀਗੜ੍ਹ ਸਰਕਾਰੀ ਰਿਹਾਇਸ਼ ਤੋਂ ਸਾਮਾਨ ਚੁੱਕਣ ਜ਼ਰੂਰ ਪਹੁੰਚੇ ਪਰ ਇਥੇ ਵੀ ਉਨ੍ਹਾਂ ਲਗਾਤਾਰ ਮੀਡੀਆ ਤੋਂ ਦੂਰੀ ਬਣਾਈ ਰੱਖੀ। ਤੇਜ਼-ਤਰਾਰ ਲੀਡਰ ਵਜੋਂ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਕਦੋਂ ਮੀਡੀਆ ਸਾਹਮਣੇ ਆਉਂਦੇ ਹਨ, ਇਸ ਦੀ ਉਡੀਕ ਸਾਰਿਆਂ ਨੂੰ ਹੈ ਪਰ ਹੁਣ ਜਦੋਂ ਪੰਜਾਬ ਭਰ 'ਚੋਂ ਸਮਰਥਕ ਸਿੱਧੂ ਕੋਲ ਪਹੁੰਚਣੇ ਸ਼ੁਰੂ ਹੋ ਗਏ ਹਨ, ਅਜਿਹੇ 'ਚ ਉਨ੍ਹਾਂ ਦਾ ਅਗਲਾ ਕਦਮ ਕੀ ਹੁੰਦਾ ਹੈ, ਇਹ ਦੇਖਣਾ ਹੋਵੇਗਾ।


author

Gurminder Singh

Content Editor

Related News