...ਤੇ ਹੁਣ ਨਵਜੋਤ ਸਿੱਧੂ ਦੇ ਦਫਤਰ ਤੋਂ 'ਨੇਮ ਪਲੇਟ' ਵੀ ਉਤਾਰੀ ਗਈ

06/26/2019 1:03:32 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੁੱਧਵਾਰ ਸ਼ਾਮ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਨੇ ਇਕ ਵਾਰ ਫਿਰ ਉਨ੍ਹਾਂ ਦੇ ਅਤੇ ਨਵਜੋਤ ਸਿੱਧੂ ਵਿਚਾਲੇ ਵਿਵਾਦ ਨੂੰ ਹਵਾ ਦੇ ਦਿੱਤੀ ਹੈ। ਪੰਜਾਬ ਸਕੱਤਰ ਦੀ ਪੰਜਵੀਂ ਮੰਜ਼ਿਲ 'ਤੇ ਸਿੱਧੂ ਦੇ ਦਫਤਰ ਦੇ ਬਾਹਰੋਂ ਉਨ੍ਹਾਂ ਦੀ ਨਾਮ ਪਲੇਟ ਵੀ ਉਤਾਰ ਦਿੱਤੀ ਗਈ ਹੈ। ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਨੇਮ ਪਲੇਟ ਬਦਲਣ ਲਈ ਕੀਤਾ ਗਿਆ ਹੈ ਪਰ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਵਲੋਂ ਕਾਂਗਰਸ ਹਾਈਕਮਾਨ ਨਾਲ ਗੱਲ ਕਰਨ ਤੋਂ ਬਾਅਦ ਹੀ ਸਿੱਧੂ ਨੂੰ ਮੰਤਰੀ ਬਣਾਏ ਰੱਖਣ ਸੰਬੰਧੀ ਕੋਈ ਫੈਸਲਾ ਲਿਆ ਜਾਵੇਗਾ। 

ਸਿੱਧੂ ਨੇ 19 ਦਿਨ ਬਾਅਦ ਵੀ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਹੈ, ਜਿਸ ਦੇ ਚੱਲਦੇ ਕੰਮਕਾਜ ਪ੍ਰਭਾਵਤ ਹੋ ਰਿਹਾ ਹੈ। ਕੈਪਟਨ ਇਸੇ ਨੂੰ ਲੈ ਕੇ ਨਾਰਾਜ਼ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਹਾਈਕਮਾਨ ਤਕ ਵੀ ਇਹ ਸੰਦੇਸ਼ ਭਿਜਵਾ ਦਿੱਤਾ ਹੈ ਕਿ ਜੇਕਰ ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਦਾ ਮਹਿਕਮਾ ਕਿਸੇ ਹੋਰ ਨੂੰ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਸਿੱਧੂ ਦਾ ਮੰਤਰੀ ਪਦ ਜਾ ਵੀ ਸਕਦਾ ਹੈ। ਦੱਸਣਯੋਗ ਹੈ ਕਿ ਕੈਪਟਨ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਬਿਜਲੀ ਵਿਭਾਗ ਦੇ ਦਿੱਤਾ ਹੈ ਜਿਸ ਕਰਕੇ ਉਹ ਨਾਰਾਜ਼ ਹਨ। ਕੈਪਟਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਨਵੇਂ ਕੈਬਨਿਟ ਮੰਤਰੀਆਂ ਨਾਲ ਦਿੱਲੀ 'ਚ ਮਿਲਣ ਦਾ ਪ੍ਰੋਗਰਾਮ ਹੈ। 

ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੈਪਟਨ ਸਿੱਧੂ ਦੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਰਾਹੁਲ ਨੂੰ 27 ਜੂਨ ਨੂੰ 12 ਤੁਗਲਕ ਲੇਨ ਸਥਿਤ ਆਵਾਸ 'ਤੇ ਸ਼ਾਮ ਸਾਢੇ ਚਾਰ ਵਜੇ ਮੀਟਿੰਗ ਬੁਲਾਈ ਹੈ। ਹਾਲਾਂਕਿ ਇਹ ਮੀਟਿੰਗ ਹਰਿਆਣਾ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਛਿੜੇ ਘਮਸਾਨ ਨੂੰ ਸ਼ਾਂਤ ਕਰਨ ਨੂੰ ਲੈ ਕੇ ਹੈ ਪਰ ਕੈਪਟਨ ਵੀ ਰਾਹੁਲ ਨਾਲ ਮਿਲਣ ਦਾ ਯਤਨ ਕਰਨਗੇ। ਸੰਸਦੀ ਚੋਣਾਂ ਤੋਂ ਬਾਅਦ ਕੈਪਟਨ ਦੀ ਰਾਹੁਲ ਗਾਂਧੀ ਸਮੇਤ ਪਾਰਟੀ ਲੀਡਰਸ਼ਿਪ ਨਾਲ ਮੀਟਿੰਗ ਨਹੀਂ ਹੋਈ ਹੈ।


Gurminder Singh

Content Editor

Related News