''ਨਵਜੋਤ ਸਿੱਧੂ'' ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਪਹਿਲ ਦੇ ਆਧਾਰ ''ਤੇ 13 ਵਾਅਦੇ ਪੂਰੇ ਕਰਨ ਦੀ ਕੀਤੀ ਮੰਗ
Sunday, Oct 17, 2021 - 12:49 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਗਈ ਹੈ। ਇਸ ਚਿੱਠੀ 'ਚ ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਸਰਕਾਰ ਵੱਲੋਂ ਕੀਤੇ 13 ਵਾਅਦਿਆਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੀ ਗੱਲ ਹਾਈਕਮਾਨ ਅੱਗੇ ਰੱਖੀ ਗਈ ਹੈ। ਨਵਜੋਤ ਸਿੱਧੂ ਨੇ ਕਿਹਾ ਕਿ 18 ਨੁਕਾਤੀ ਏਜੰਡੇ ਦੇ ਤਰਜ਼ੀਹੀ ਕਾਰਜ ਅਤੇ ਸਾਲ 2017 ਦੀ ਪ੍ਰਚਾਰ ਮੁਹਿੰਮ ਅਤੇ ਸੂਬਾ ਸਰਕਾਰ ਵੱਲੋਂ ਲਾਜ਼ਮੀ ਪੂਰੇ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਦੇ 13 ਵਾਅਦੇ ਉਹ ਹਾਈਕਮਾਨ ਅੱਗੇ ਰੱਖ ਰਹੇ ਹਨ। ਇਹ 13 ਵਾਅਦੇ ਇਸ ਤਰ੍ਹਾਂ ਹਨ
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਦੌਰਾਨ 'ਟਰੇਨਾਂ' ਫੁੱਲ, ਵੇਟਿੰਗ 100 ਤੋਂ ਜ਼ਿਆਦਾ ਹੋਣ ਕਾਰਨ ਮੁਸਾਫ਼ਰ ਪਰੇਸ਼ਾਨ
1. ਬੇਅਦਬੀ ਦਾ ਇਨਸਾਫ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਦੇ ਬਹਿਬਲਕਲਾਂ ਵਿਖੇ ਵਾਪਰੀਆਂ ਘਟਨਾਵਾਂ ਸਬੰਧੀ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
2. ਨਸ਼ੇ : ਨਸ਼ੇ ਦੇ ਕੋਹੜ ਨੇ ਪੰਜਾਬ ਦੀ ਲਗਭਗ ਇਕ ਪੂਰੀ ਪੀੜ੍ਹੀ ਨੂੰ ਰੋਗੀ ਬਣਾ ਦਿੱਤਾ ਹੈ। ਪੰਜਾਬ 'ਚ ਨਸ਼ਾ ਤਸਕਰੀ ਪਿੱਛੇ ਵੱਡੇ ਮਗਰਮੱਛ ਤੁਰੰਤ ਲਾਜ਼ਮੀ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
3. ਖੇਤੀ : ਪੰਜਾਬ ਸਰਕਾਰ ਨੂੰ ਇਹ ਐਲਾਨ ਕਰਕੇ ਕਿ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ 'ਤੇ ਪੰਜਾਬ 'ਚ ਲਾਗੂ ਨਹੀਂ ਕੀਤਾ ਜਾਵੇਗਾ, ਤਿੰਨ ਕਾਲੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਹੈ।
4. ਬਿਜਲੀ : ਸਾਰੇ ਘਰੇਲੂ ਖ਼ਪਤਕਾਰਾਂ, ਖ਼ਾਸ ਕਰਕੇ ਸਬਸਿਡੀ ਦੇ ਅਸਿੱਧੇ ਬੋਝ ਕਾਰਨ ਸਭ ਤੋਂ ਵੱਧ ਪੀੜਤ ਸ਼ਹਿਰੀ ਘਰੇਲੂ ਖ਼ਪਤਕਾਰਾਂ ਨੂੰ ਸਸਤੀ ਅਤੇ 24 ਘੰਟੇ ਬਿਜਲੀ ਸਪਲਾਈ ਦੇਣੀ ਚਾਹੀਦੀ ਹੈ। ਬਿਜਲੀ ਸਬਸਿਡੀ ਭਾਵੇਂ 3 ਰੁਪਏ ਪ੍ਰਤੀ ਯੂਨਿਟ ਤੱਕ ਘਟਾਉਣ ਦੇ ਰੂਪ 'ਚ ਹੋਵੇ, ਜਾਂ ਸਭ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਰੂਪ 'ਚ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦੇ 33 ਮਰੀਜ਼ ਆਏ ਸਾਹਮਣੇ, ਹੁਣ ਤੱਕ ਕੁੱਲ 398 ਮਰੀਜ਼ਾਂ ਦੀ ਪੁਸ਼ਟੀ
5. ਬਿਜਲੀ ਖ਼ਰੀਦ ਸਮਝੌਤੇ : ਸਾਡੇ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਬਿਜਲੀ ਖ਼ਰੀਦ ਸਮਝੌਤਿਆਂ 'ਤੇ ਵਾਈਟ ਪੇਪਰ ਜਾਰੀ ਕੀਤੀ ਜਾਵੇ ਅਤੇ ਸਾਰੇ ਨੁਕਸਦਾਰ ਬਿਜਲੀ ਖ਼ਰੀਦ ਸਮਝੌਤੇ ਰੱਦ ਕੀਤੇ ਜਾਣ।
6. ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੀ ਭਲਾਈ : ਸਾਡੇ ਮੰਤਰੀ ਮੰਡਲ 'ਚ ਘੱਟੋ-ਘੱਟ ਇਕ ਮਜ਼੍ਹਬੀ ਸਿੱਖ, ਦੁਆਬੇ ਤੋਂ ਦਲਿਤਾਂ ਦਾ ਇਕ ਪ੍ਰਤੀਨਿਧ, ਮੰਤਰੀ ਮੰਡਲ 'ਚ ਪੱਛੜੀ ਜਾਤੀ ਭਾਈਚਾਰੇ ਦੇ ਘੱਟੋ-ਘੱਟ 2 ਨੁਮਾਇੰਦੇ ਹੋਣੇ ਚਾਹੀਦੇ ਹਨ।
7. ਰੁਜ਼ਗਾਰ : ਖ਼ਾਲੀ ਸਰਕਾਰੀ ਆਸਾਮੀਆਂ ਨੂੰ ਰੇਗੂਲਰ ਪੱਧਰ 'ਤੇ ਭਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬਨੂੜ ਇਲਾਕੇ 'ਚ 'ਡੇਂਗੂ' ਦਾ ਕਹਿਰ ਜਾਰੀ, ਗਰਭਵਤੀ ਜਨਾਨੀ ਸਮੇਤ 30 ਸਾਲਾਂ ਦੇ ਨੌਜਵਾਨ ਦੀ ਮੌਤ
8. ਸਿੰਗਲ ਵਿੰਡੋ ਸਿਸਟਮ : ਕਾਰੋਬਾਰ ਕਰਨ ਨੂੰ ਸੌਖਾ ਬਣਾਉਣ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਸੁਧਾਰਾਂ ਨੂੰ ਲਾਗੂ ਕਰਨਾ, ਸਮਾਂਬੱਧ ਸਿੰਗਲ ਵਿੰਡੋ ਕਲੀਅਰੈਂਸ ਨੂੰ ਸਮਰੱਥ ਬਣਾਉਣ, ਰੁਜ਼ਗਾਰ ਪੈਦਾ ਕਰਨ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
9. ਔਰਤਾਂ ਅਤੇ ਯੁਵਾ ਸਸ਼ਕਤੀਕਰਨ : ਪੰਜਾਬ ਦੇ ਨੌਜਵਾਨਾਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਇਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
10. ਸ਼ਰਾਬ : ਤਾਮਿਲਨਾਡੂ ਵਾਂਗ ਸ਼ਰਾਬ ਦੇ ਵਪਾਰ ਨੂੰ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਾਰਪੋਰੇਸ਼ਨ ਅਧੀਨ ਲਿਆ ਕੇ ਇਸ 'ਤੇ ਆਪਣਾ ਏਕਾਧਿਕਾਰ ਸਥਾਪਿਤ ਕਰਨਾ ਚਾਹੀਦਾ ਹੈ।
11. ਰੇਤਾ ਖ਼ੁਦਾਈ : ਸੂਬੇ ਨੂੰ ਹਰ ਲੋੜਵੰਦ ਖ਼ਪਤਕਾਰ ਲਈ ਰੇਤ ਦੀ ਵਾਜ਼ਿਬ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ ਅਤੇ ਇਸ ਦੀ ਵਿਕਰੀ ਲਈ ਇਕ ਆਨਲਾਈਨ ਪੋਰਟਲ ਸਥਾਪਿਤ ਕਰਨਾ ਚਾਹੀਦਾ ਹੈ।
12. ਆਵਾਜਾਈ : ਪੰਜਾਬ ਦੀਆਂ ਸੜਕਾਂ 'ਤੇ ਚੱਲ ਰਹੀਆਂ 13,000 ਗੈਰ ਕਾਨੂੰਨੀ ਜਾਂ ਬਗੈਰ ਪਰਿਮਟ ਬੱਸਾਂ ਨੂੰ ਹਟਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪਰਮਿਟ ਜਾਰੀ ਕਰਨੇ ਚਾਹੀਦੇ ਹਨ।
13. ਕੇਬਲ ਮਾਫ਼ੀਆ : ਸੂਬੇ ਦੀ ਆਮਦਨ ਵਧਾਉਣ, ਹਜ਼ਾਰਾਂ ਨੌਕਰੀਆਂ ਦਾ ਰਾਹ ਖੋਲ੍ਹਣ ਲਈ 'ਪੰਜਾਬ ਮਨੋਰੰਜਨ ਅਤੇ ਮਨੋਰੰਜਨ ਟੈਕਸ ਬਿਲੀ-2017' ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ