ਨਵਜੋਤ ਸਿੱਧੂ ਨੂੰ ਦਿੱਲੀ ''ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ''ਚ ਕਾਂਗਰਸ

Wednesday, Jul 31, 2019 - 06:50 PM (IST)

ਨਵਜੋਤ ਸਿੱਧੂ ਨੂੰ ਦਿੱਲੀ ''ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ''ਚ ਕਾਂਗਰਸ

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੀ ਵਜ਼ਾਰਤ ਤੋਂ ਲਾਂਭੇ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਵਲੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਜਲਦ ਹੀ ਨਵਜੋਤ ਸਿੱਧੂ ਨੂੰ ਦਿੱਲੀ ਕਾਂਗਰਸ ਦੀ ਕਮਾਨ ਸੌਂਪ ਸਕਦੀ ਹੈ। ਦਰਅਸਲ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਹੈ। ਲਿਹਾਜ਼ਾ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਸਿੱਧੂ ਨੂੰ ਦਿੱਲੀ ਦਾ ਨਵਾਂ ਪ੍ਰਧਾਨ ਥਾਪ ਸਕਦੀ ਹੈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਅਜੇ ਤਕ ਮੀਡੀਆ ਸਾਹਮਣੇ ਨਹੀਂ ਆਏ ਹਨ। ਭਾਵੇਂ ਸਿੱਧੂ ਨੇ ਅੰਮ੍ਰਿਤਸਰ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਹਲਕੇ 'ਚ ਵਿਚਰ ਕੇ ਆਪਣੇ ਹਿਮਾਇਤੀਆਂ ਅਤੇ ਵਰਕਰਾਂ ਨਾਲ ਮੁਲਾਕਾਤ ਦਾ ਸਿਲਸਿਲਾ ਵੀ ਆਰੰਭਿਆ ਹੋਇਆ ਹੈ ਪਰ ਅਜੇ ਤਕ ਉਹ ਮੀਡੀਆ ਨੂੰ ਮੁਖਾਤਿਬ ਨਹੀਂ ਹੋਏ ਹਨ। 

ਭਾਵੇਂ ਨਵਜੋਤ ਸਿੱਧੂ ਨੇ ਪੰਜਾਬ ਵਜ਼ਾਰਤ 'ਚੋਂ ਅਸਤੀਫੇ ਦੇ ਦਿੱਤਾ ਹੈ ਪਰ ਉਹ ਅਜੇ ਵੀ ਕਾਂਗਰਸ ਦੇ ਵਿਧਾਇਕ ਹਨ। ਕੈਪਟਨ ਨਾਲ ਵਿਵਾਦ ਤੋਂ ਬਾਅਦ ਸਿੱਧੂ ਪੰਜਾਬ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹਨ ਪਰ ਬਾਵਜੂਦ ਇਸ ਦੇ ਕਾਂਗਰਸ ਹਾਈਕਮਾਨ ਸਟਾਰ ਅਤੇ ਤੇਜ਼ ਤਰਾਰ ਲੀਡਰ ਨਵਜੋਤ ਸਿੱਧੂ ਨੂੰ ਗਵਾਉਣਾ ਨਹੀਂ ਚਾਹੁੰਦੀ ਹੈ, ਲਿਹਾਜ਼ਾ ਪਾਰਟੀ ਸਿੱਧੂ 'ਤੇ ਜਲਦ ਹੀ ਕੋਈ ਵੱਡਾ ਐਲਾਨ ਕਰ ਸਕਦੀ ਹੈ।


author

Gurminder Singh

Content Editor

Related News