ਨਵਜੋਤ ਸਿੱਧੂ ਵੱਲ ਕਿਸ ਨੇ ਛੱਡਿਆ ਸਾਨ੍ਹ!

05/11/2018 6:42:01 AM

ਅੰਮ੍ਰਿਤਸਰ(ਵਿਸ਼ੇਸ਼)—ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਮੇਅਰ ਕਮਲਜੀਤ ਸਿੰਘ  ਰਿੰਟੂ, ਲੋਕਲ ਬਾਡੀਜ਼ ਸੈਕਟਰੀ ਏ. ਵੇਣੂ ਪ੍ਰਸਾਦ, ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਅਤੇ ਕਮਿਸ਼ਨਰ ਸੋਨਾਲੀ ਗਿਰੀ ਦੇ ਨਾਲ ਅੰਮ੍ਰਿਤਸਰ ਸਥਿਤ ਹਾਥੀ  ਗੇਟ ਤੋਂ ਦੁਰਗਿਆਣਾ ਮੰਦਰ ਤੱਕ ਪ੍ਰਸਤਾਵਿਤ  ਹੈਰੀਟੇਜ ਵਾਕ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਮੀਟਿੰਗ ਪਿੱਛੋਂ ਜਿਵੇਂ ਹੀ ਸਿੱਧੂ ਮੰਦਰ 'ਚੋਂ ਬਾਹਰ ਨਿਕਲੇ, ਉਥੇ ਮੌਜੂਦ ਭੀੜ 'ਚ ਇਕ ਸਾਨ੍ਹ ਦਾਖਲ ਹੋ ਗਿਆ। ਸਾਨ੍ਹ ਨੂੰ ਨਵਜੋਤ ਸਿੰਘ ਸਿੱਧੂ ਵੱਲ ਆਉਂਦਾ ਵੇਖ ਕੇ ਗੰਨਮੈਨਾਂ ਨੇ ਫੁਰਤੀ ਦਿਖਾਉਂਦਿਆਂ ਸਿੱਧੂ ਨੂੰ ਇਕ ਪਾਸੇ ਖਿੱਚ ਲਿਆ। ਜਿਸ ਸਮੇ ਂਇਹ ਘਟਨਾ ਵਾਪਰੀ, ਸਿੱਧੂ ਦੁਰਗਿਆਣਾ ਮੰਦਰ 'ਚੋਂ ਬਾਹਰ ਨਿਕਲ ਕੇ ਆਪਣੇ ਬੂਟ ਪਾ ਰਹੇ ਸਨ। ਮੰਦਰ ਦੇ ਮੁੱਖ ਦਰਵਾਜ਼ੇ ਦੇ ਖੱਬੇ ਪਾਸਿਓਂ ਇਹ ਸਾਨ੍ਹ ਭੀੜ 'ਚ ਦਾਖਲ ਹੋਇਆ ਸੀ। ਸਾਨ੍ਹ ਨੂੰ ਦੇਖ ਕੇ  ਲੋਕਾਂ 'ਚ  ਹਫੜਾ-ਦਫੜੀ ਮਚ ਗਈ। ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਲੋਕਾਂ 'ਚ ਇਹ ਸਵਾਲ ਪੈਦਾ ਹੋ ਗਿਆ ਹੈ ਕਿ  ਅਚਾਨਕ ਭੀੜ 'ਚ ਸਾਨ੍ਹ ਕਿਥੋਂ ਆ ਗਿਆ? ਕਿਤੇ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਕਿ ਜਦੋਂ ਸਿੱਧੂ ਮੰਦਰ 'ਚੋਂ ਬਾਹਰ ਨਿਕਲ ਰਹੇ ਹੋਣਗੇ ਤਾਂ ਸਾਨ੍ਹ ਛੱਡਿਆ ਜਾਏ ਜਾਂ ਉਸ ਨੂੰ ਭੜਕਾਇਆ ਜਾਏ। ਪਤਾ ਲੱਗਾ ਹੈ ਕਿ ਜਦੋਂ ਸਿੱਧੂ ਬੂਟ ਪਾ ਰਹੇ ਸਨ ਤਾਂ ਇਕ ਵਿਅਕਤੀ ਨੇ ਸਾਨ੍ਹ ਨੂੰ ਪਿੱਛਿਓਂ ਮਾਰਿਆ ਜਿਸ ਕਾਰਨ ਉਹ ਭੀੜ ' ਚ ਦਾਖਲ ਹੋ ਗਿਆ।
ਇਸ ਕਾਰਨ ਲੋਕ ਖੜ੍ਹੇ ਕਰ ਰਹੇ ਹਨ ਸਵਾਲ
ਭੀੜ 'ਚ ਸਾਨ੍ਹ ਨੂੰ ਛੱਡਣਾ ਜਾਂ ਸਾਨ੍ਹ ਦਾ ਭੀੜ ਵਿਚ ਆ ਜਾਣਾ ਕੋਈ ਨਵੀਂ ਗੱਲ ਨਹੀਂ। ਪਿਛਲੇ ਕੁਝ ਸਾਲਾਂ 'ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਦੋਂ ਕਿਤੇ ਮੰਗਾਂ ਨੂੰ ਲੈ ਕੇ ਲੋਕ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ ਤਾਂ ਕਿਤੋਂ ਸਾਨ੍ਹ ਆ ਜਾਂਦਾ ਹੈ ਜਿਸ ਕਾਰਨ ਲੋਕਾਂ 'ਚ ਭਾਜੜ ਮੱਚ ਜਾਂਦੀ ਹੈ। ਇਸ ਦੌਰਾਨ ਕਈ ਵਿਅਕਤੀ ਜ਼ਖਮੀ ਤੱਕ ਹੋ ਜਾਂਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਦੌਰਾਨ ਕਈ ਵਿਅਕਤੀ ਜ਼ਖਮੀ ਹੋਏ।


Related News