ਡੇਰਾਬੱਸੀ ''ਚ ਨਵਜੋਤ ਸਿੱਧੂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ, ਪੁਲਸ ਨੂੰ ਭੀੜ ''ਤੇ ਕਾਬੂ ਪਾਉਣ ''ਚ ਆਈ ਮੁਸ਼ਕਲ
Thursday, Dec 30, 2021 - 11:27 AM (IST)
ਡੇਰਾਬੱਸੀ (ਜ. ਬ.) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਬੇਅਦਬੀ ਦਾ ਦੋਸ਼ ਲਾਉਂਦੇ ਹੋਏ ਡੇਰਾਬੱਸੀ ਇਲਾਕੇ ’ਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਿੱਧੂ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਦੀ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਕਾਲੇ ਝੰਡੇ ਉਤਾਰ ਕੇ ਸਿੱਧੂ ਦੀ ਗੱਡੀ ’ਤੇ ਸੁੱਟੇ ਅਤੇ ਹੱਥ ਮਾਰਦੇ ਨਜ਼ਰ ਆਏ। ਸਥਾਨਕ ਪੁਲਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਵਿਚ ਕਾਫੀ ਮੁਸ਼ਕਿਲ ਆਈ। ਉਧਰ ਹਿੰਦੂ ਭਾਈਚਾਰੇ ਨੇ ਕਿਹਾ ਕਿ ਅੱਜ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਹਰ ਸਮਾਜ ਦਾ ਵਿਅਕਤੀ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ।
ਨਵਜੋਤ ਸਿੱਧੂ ਇੱਥੇ ਇਕ ਢਾਬੇ ’ਤੇ ਭੋਜਨ ਕਰਦੇ ਹੋਏ ਇੰਟਰਵਿਊ ਲਈ ਰੁਕੇ ਸਨ। ਪਤਾ ਲੱਗਣ ’ਤੇ ਹਿੰਦੂ ਜੱਥੇਬੰਦੀਆਂ ਦੇ ਕਈ ਆਗੂ ਢਾਬੇ ਦੇ ਬਾਹਰ ਧਰਨੇ ’ਤੇ ਬੈਠ ਗਏ ਅਤੇ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਇਕ ਵੀਡੀਓ ਵਿਚ ਨਵਜੋਤ ਸਿੱਧੂ ਸ੍ਰੀ ਜ਼ਾਹਰਵੀਰ ਗੁੱਗਾ ਜੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰ ਰਹੇ ਹਨ, ਜਿਸ ਨਾਲ ਹਿੰਦੂ ਭਾਈਚਾਰੇ ਵਿਚ ਗੁੱਸਾ ਫੈਲ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਿੱਧੂ ਨੂੰ ਹਿੰਦੂ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਥਾਣਾ ਡੇਰਾਬੱਸੀ ਦੇ ਮੁਖੀ ਕੁਲਬੀਰ ਸਿੰਘ ਨੇ ਧਰਨਾਕਾਰੀਆਂ ਦੀ ਮੰਗ ਨੂੰ ਲੈ ਕੇ ਸਿੱਧੂ ਦੀ ਕਾਨਫਰੰਸ ਬਾਰੇ ਪ੍ਰਬੰਧਕਾਂ ਨੂੰ ਜਾਣੂੰ ਕਰਵਾਇਆ। ਨਵਜੋਤ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਥਾਣੇ ਵਿਚ ਸਿੱਧੂ ਖ਼ਿਲਾਫ਼ ਸ਼ਿਕਾਇਤ ਦਿੱਤੀ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਚਾਰ ਦਿਨਾਂ ’ਚ ਜੇਕਰ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।