ਵਿਧਾਨ ਸਭਾ ਚੋਣਾਂ ਲਈ ''ਨਵਜੋਤ ਸਿੱਧੂ'' ਦਾ ਨਵਾਂ ਫਾਰਮੂਲਾ, ਇਨ੍ਹਾਂ ਕਾਂਗਰਸੀ ਆਗੂਆਂ ਨੂੰ ਨਹੀਂ ਮਿਲੇਗੀ ਟਿਕਟ
Thursday, Sep 09, 2021 - 10:07 AM (IST)
ਲੁਧਿਆਣਾ (ਹਿਤੇਸ਼) : ਕੈਪਟਨ ਅਮਰਿੰਦਰ ਸਿਘ ਨਾਲ ਵਿਵਾਦ ਕਾਰਨ ਨਵਜੋਤ ਸਿੰਘ ਸਿੱਧੂ ਚਾਹੇ ਕਾਫੀ ਦੇਰ ਤੋਂ ਫੀਲਡ ’ਚ ਸਰਗਰਮ ਨਜ਼ਰ ਨਹੀਂ ਆ ਰਹੇ ਪਰ ਅੰਦਰਖ਼ਾਤੇ ਲੰਬੇ ਸਮੇਂ ਤੋਂ ਭੰਗ ਚੱਲ ਰਹੇ ਪੰਜਾਬ ਕਾਂਗਰਸ ਦੇ ਜੱਥੇਬੰਦਕ ਢਾਂਚੇ ਦੇ ਮੁੜ ਗਠਨ ਦੀ ਪ੍ਰਕਿਰਿਆ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਸੰਸਦ ਮੈਂਬਰਾਂ, ਵਿਧਾਇਕਾਂ ਜਾਂ ਵੱਡੇ ਆਗੂਆਂ ਨੂੰ ਪ੍ਰਦੇਸ਼ ਕਾਰਜਕਾਰਣੀ ’ਚ ਸ਼ਾਮਲ ਕਰਨ ਅਤੇ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਨਾਂ ਮੰਗੇ ਹਨ।
ਇਹ ਵੀ ਪੜ੍ਹੋ : ਅੱਜ 'ਪੰਜਾਬ' 'ਚ ਸਫ਼ਰ ਕਰਨ ਵਾਲੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹਨ ਇਹ ਖ਼ਬਰ
ਦੱਸਿਆ ਜਾਂਦਾ ਹੈ ਕਿ ਸਿੱਧੂ ਵੱਲੋਂ ਸੂਬਾ ਇੰਚਾਰਜ ਹਰੀਸ਼ ਰਾਵਤ ਤੋਂ ਇਲਾਵਾ ਕਾਰਜਕਾਰਣੀ ਪ੍ਰਧਾਨਾਂ ਤੋਂ ਇਲਾਵਾ ਹੋਰ ਨੇੜਲੇ ਆਗੂਆਂ ਨਾਲ ਸਲਾਹ ਤੋਂ ਬਾਅਦ ਇਹ ਫਾਰਮੂਲਾ ਤਿਆਰ ਕੀਤਾ ਗਿਆ ਹੈ ਕਿ ਜ਼ਿਲ੍ਹਾ ਪ੍ਰਧਾਨ ਬਣਨ ਵਾਲੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟ ਲਈ ਅਪਲਾਈ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ। ਨਾ ਹੀ ਇਨ੍ਹਾਂ ਆਗੂਆਂ ਦਾ ਨਾਂ ਹਾਈਕਮਾਨ ਨੂੰ ਭੇਜੇ ਜਾਣ ਵਾਲੇ ਪੈਨਲ ’ਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਲੜਾਈ ਬਾਰੇ ਹਰੀਸ਼ ਰਾਵਤ ਦੇ ਨਵੇਂ ਬਿਆਨ ਕਾਰਨ ਗਰਮਾਈ ਸਿਆਸਤ, ਜਾਣੋ ਕੀ ਬੋਲੇ
ਇਸ ਦੇ ਲਈ ਇਹ ਦਲੀਲ ਦਿੱਤੀ ਗਈ ਹੈ ਕਿ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਧਾਨ ਨੂੰ ਟਿਕਟ ਦੇਣ ਦਾ ਅਸਰ ਪੂਰੇ ਸ਼ਹਿਰ ਦੀ ਪ੍ਰਚਾਰ ਮੁਹਿੰਮ ’ਤੇ ਪੈਂਦਾ ਹੈ ਕਿਉਂਕਿ ਜ਼ਿਆਦਾਤਰ ਕੇਸਾਂ ਵਿਚ ਪੁਰਾਣੇ ਪ੍ਰਧਾਨ ਵੱਲੋਂ ਬਣਾਏ ਗਏ ਅਹੁਦੇਦਾਰ ਨਵੇਂ ਕਾਰਜਕਾਰੀ ਪ੍ਰਧਾਨ ਦੇ ਨਾਲ ਪੂਰੀ ਤਰ੍ਹਾਂ ਤਾਲਮੇਲ ਨਾਲ ਕੰਮ ਨਹੀਂ ਕਰਦੇ।
ਇਸ ਪਹਿਲੂ ਦੇ ਮੱਦੇਨਜ਼ਰ ਹੀ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਨਾਵਾਂ ਦੀ ਸਿਫਾਰਿਸ਼ ਕਰਨ ਲਈ ਕਿਹਾ ਗਿਆ ਹੈ, ਜਿਸ ਦੇ ਤਹਿਤ ਵਿਧਾਨ ਸਭਾ ਚੋਣਾਂ ਲੜਨ ਦੇ ਚਾਹਵਾਨ ਜ਼ਿਲ੍ਹਾ ਪ੍ਰਧਾਨ ਬਣਨ ਦੀ ਦਾਅਵੇਦਾਰੀ ਤੋਂ ਕਿਨਾਰਾ ਕਰ ਸਕਦੇ ਹਨ, ਜਿਸ ਨਾਲ ਸਿੱਧੂ ਦੀ ਸੋਚ ਦੇ ਮੁਤਾਬਕ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦਾ ਰਸਤਾ ਸਾਫ਼ ਹੋ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ