‘ਜਿਸ ਤਰ੍ਹਾਂ ਸਿੱਧੂ ਨੇ ਪਹਿਲਾਂ ਮੰਤਰੀ ਅਹੁਦਾ ਤੇ ਹੁਣ ਪ੍ਰਧਾਨਗੀ ਛੱਡੀ, ਓਦਾਂ ਤਾਂ ਕੋਈ ਪਿੰਡ ਦੀ ਪੰਚੀ ਵੀ ਨਹੀਂ ਛੱਡਦਾ’
Wednesday, Sep 29, 2021 - 10:46 PM (IST)
ਪਟਿਆਲਾ (ਰਾਜੇਸ਼ ਪੰਜੌਲਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਚਾਨਕ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਜਿਥੇ ਜ਼ਿਆਦਾਤਰ ਲੀਡਰ ਖੁਸ਼ ਹਨ, ਉਥੇ ਹੀ ਪੰਜਾਬ ਦਾ ਆਮ ਜਨਮਾਨਸ ਸਿੱਧੂ ਦੇ ਨਾਲ ਦਿਖਾਈ ਦਿੱਤਾ। ਕਈ ਆਮ ਲੋਕਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ‘ਜਿਸ ਤਰ੍ਹਾਂ ਸਿੱਧੂ ਨੇ ਪਹਿਲਾਂ ਮੰਤਰੀ ਦਾ ਅਹੁਦਾ ਅਤੇ ਹੁਣ ਪ੍ਰਧਾਨਗੀ ਛੱਡੀ, ਓਦਾਂ ਤਾਂ ਕੋਈ ਪਿੰਡ ਦੀ ਪੰਚੀ ਵੀ ਨਹੀਂ ਛੱਡਦਾ’। ਲੋਕਾਂ ਦਾ ਕਹਿਣਾ ਸੀ ਕਿ ਸਿੱਧੂ ’ਚ ਫ਼ੈਸਲਾ ਲੈਣ ਦੀ ਸ਼ਕਤੀ ਹੈ। ਸਿੱਧੂ ਨੇ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਦੇ ਮੁੱਦਿਆਂ ਲਈ ਪਹਿਲਾਂ ਕੈਬਨਿਟ ਮੰਤਰੀ ਦਾ ਅਹੁਦਾ ਛੱਡਿਆ ਅਤੇ ਹੁਣ ਪੰਜਾਬ ਦੀ ਪ੍ਰਧਾਨਗੀ ਛੱਡੀ।
ਇਹ ਵੀ ਪੜ੍ਹੋ : CM ਚੰਨੀ ਤੋਂ ਦੂਰੀ ਬਣਾ ਕੇ ਸਿੱਧੂ ਨੇ ਇਕ ਹਫ਼ਤਾ ਪਹਿਲਾਂ ਹੀ ਦੇ ਦਿੱਤੇ ਸਨ ਨਾਰਾਜ਼ਗੀ ਦੇ ਸੰਕੇਤ
ਆਮ ਲੋਕ ਸਿੱਧੂ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰ ਰਹੇ ਹਨ, ਜਦਕਿ ਕਾਂਗਰਸੀ ਲੀਡਰ ਇਸ ਗੱਲ ਤੋਂ ਖੁਸ਼ ਹਨ ਕਿ ਸਿੱਧੂ ਤੋਂ ਛੁਟਕਾਰਾ ਮਿਲਿਆ ਅਤੇ ਹੁਣ ਉਹ ‘ਮੌਜਾਂ’ ਕਰ ਸਕਣਗੇ। ਜਦੋਂ ਤੋਂ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਸਮੁੱਚੇ ਪੰਜਾਬ ਦੀ ਸਿਆਸਤ ਸਿੱਧੂ ਦੇ ਆਲੇ-ਦੁਆਲੇ ਹੀ ਘੁੰਮ ਰਹੀ ਹੈ। ਮੀਡੀਆ ਤੇ ਸੋਸ਼ਲ ਮੀਡੀਆ ’ਚ ਸਿੱਧੂ ਦੇ ਅਸਤੀਫੇ ਬਾਰੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ’ਤੇ ਜ਼ਿਆਦਾਤਰ ਲੋਕ ਸਿੱਧੂ ਦੇ ਅਸਤੀਫੇ ਦੀ ਸ਼ਲਾਘਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੋਸ਼ੀਆਂ ਨੂੰ ਬਚਾਉਣ ਵਾਲੇ ਅਫਸਰਾਂ ਅਤੇ ਵਕੀਲਾਂ ਨੂੰ ਹੀ ਅਹੁਦੇ ਦੇਣੇ ਸਨ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਨ ਦੀ ਕੀ ਲੋੜ ਸੀ? ਜਿਸ ਮਕਸਦ ਲਈ ਸਿੱਧੂ ਨੇ ਲੜਾਈ ਲੜੀ, ਸਿੱਧੂ ਦਾ ਉਹ ਮਕਸਦ ਪੂਰਾ ਨਹੀਂ ਹੋ ਰਿਹਾ ਸੀ।
ਕਾਂਗਰਸੀ, ਅਕਾਲੀ, ਭਾਜਪਾਈ ਅਤੇ ‘ਆਪ’ ਸਮੇਤ ਸਾਰੀਆਂ ਪਾਰਟੀਆਂ ਦੇ ਲੀਡਰ ਖੁਸ਼
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦਾ ਇਸ ਕਦਰ ਧੁਰਾ ਬਣ ਚੁੱਕੇ ਹਨ ਕਿ ਸਿਰਫ ਕਾਂਗਰਸ ਪਾਰਟੀ ਦੇ ਲੋਕ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਦੇ ਲੋਕ ਵੀ ਉਨ੍ਹਾਂ ਤੋਂ ਘਬਰਾਏ ਦਿਖਾਈ ਦਿੰਦੇ ਹਨ। ਜਿਥੇ ਤਿੰਨ ਮਹੀਨਿਆਂ ਲਈ ਅਹੁਦੇ ਹਾਸਲ ਕਰਨ ਵਾਲੇ ਕਾਂਗਰਸੀ ਸਿੱਧੂ ਦੇ ਅਸਤੀਫੇ ਤੋਂ ਬੇਹੱਦ ਖੁਸ਼ ਹਨ, ਉਥੇ ਹੀ ਵਿਰੋਧੀ ਪਾਰਟੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਵੀ ਸਿੱਧੂ ਦੇ ਅਸਤੀਫੇ ਤੋਂ ਖੁਸ਼ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਇਹੀ ਬਿਆਨ ਦੇ ਰਹੀ ਹੈ ਕਿ ਸਿੱਧੂ ਨੇ ਕਾਂਗਰਸ ਤਬਾਹ ਕਰ ਦਿੱਤੀ ਹੈ। ਕੈਪਟਨ ਵੀ ਲਗਾਤਾਰ ਬਿਆਨ ਦੇ ਰਹੇ ਹਨ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੱਧੂ ਪਾਰਟੀ ਲਈ ਨੁਕਸਾਨਦਾਇਕ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਲਗਾਤਾਰ ਸਿੱਧੂ ਦੇ ਖ਼ਿਲਾਫ ਹੀ ਬਿਆਨ ਦੇ ਰਹੇ ਹਨ। ਕੁਲ ਮਿਲਾ ਕੇ ਸਿੱਧੂ ਦੇ ਮੁੱਦੇ ’ਤੇ ਚਾਰੋਂ ਪਾਰਟੀਆਂ ਇਕਜੁੱਟ ਹੋ ਕੇ ਸਿੱਧੂ ਦਾ ਵਿਰੋਧ ਕਰ ਰਹੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸਿੱਧੂ ਦੀ ਮਜ਼ਬੂਤ ਲੀਡਰਸ਼ਿਪ ਅਤੇ ਉਨ੍ਹਾਂ ਦੇ ਈਮਾਨਦਾਰ ਅਕਸ ਤੋਂ ਬੇਹੱਦ ਡਰ ਸੀ। ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਵੀ ਰਿਪੀਟ ਹੋਣ ਦੀਆਂ ਸੰਭਾਵਾਵਾਂ ਬਣ ਗਈਆਂ ਸਨ ਪਰ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਿਚ ਜੋ ਖਿਲਾਰਾ ਪਿਆ ਹੈ, ਉਸ ਕਾਰਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਇਕਲੌਤਾ ਪੁੱਤ ਬਜ਼ੁਰਗ ਮਾਂ ਨੂੰ ਹਸਪਤਾਲ ਛੱਡ ਨਹੀਂ ਆਇਆ ਵਾਪਸ, 5 ਮਹੀਨਿਆਂ ਤੋਂ ਕਰ ਰਹੀ ਉਡੀਕ
ਕਾਂਗਰਸ ਪਾਰਟੀ ਨੂੰ ਵੀ ਚਲਾ ਰਿਹੈ ਬਾਦਲ ਪਰਿਵਾਰ
ਆਮ ਲੋਕਾਂ ਨਾਲ ਗੱਲਬਾਤ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਜ਼ਿਆਦਾਤਰ ਲੋਕ ਇਹ ਗੱਲ ਮੰਨ ਰਹੇ ਹਨ ਕਿ ਕਾਂਗਰਸ ਪਾਰਟੀ ’ਚ ਵੀ ਬਾਦਲ ਪਰਿਵਾਰ ਫੈਸਲੇ ਕਰਵਾ ਰਿਹਾ ਹੈ। ਡੀ. ਜੀ. ਪੀ. ਪੰਜਾਬ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਪਿੱਛੇ ਬਾਦਲ ਪਰਿਵਾਰ ਦਾ ਹੱਥ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਦੁਖੀ ਹਨ ਕਿ ਨਵੇਂ ਮੰਤਰੀ ਮੰਡਲ ਦਾ ਗਠਨ, ਵਿਭਾਗਾਂ ਦੀ ਵੰਡ ਅਤੇ ਅਧਿਕਾਰੀਆਂ ਦੀ ਤਾਇਨਾਤੀ ਵਿਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਵੱਡਾ ਹੱਥ ਰਿਹਾ ਹੈ। ਕਿਤੇ ਨਾ ਕਿਤੇ ਖੂਨ ਦਾ ਰਿਸ਼ਤਾ ਕੰਮ ਕਰ ਰਿਹਾ ਹੈ। ਸਿੱਧੂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਮੌਜੂਦਾ ਸਿਸਟਮ ਵਿਚ ਵੀ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਵਾ ਸਕਣਗੇ ਅਤੇ ਤਿੰਨ ਮਹੀਨਿਆਂ ਦੀ ਸਰਕਾਰ ਦਾ ਏਜੰਡਾ ਕੁੱਝ ਹੋਰ ਬਣ ਗਿਆ ਹੈ, ਜਿਸ ਕਰਕੇ ਹੀ ਉਨ੍ਹਾਂ ਅਸਤੀਫਾ ਦੇ ਕੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਹਨ।