ਸਿੱਧੂ ਦੇ ਅਸਤੀਫੇ ''ਤੇ ਬੋਲੇ ਹਰਸਿਮਰਤ ਬਾਦਲ, ਦਿੱਤਾ ਵੱਡਾ ਬਿਆਨ
Sunday, Jul 14, 2019 - 06:55 PM (IST)

ਬਠਿੰਡਾ : ਨਵਜੋਤ ਸਿੱਧੂ ਵਲੋਂ ਪੰਜਾਬ ਵਜ਼ਾਰਤ 'ਚੋਂ ਦਿੱਤੇ ਅਸਤੀਫੇ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਡਰਾਮਾ ਕਰਾਰ ਦਿੱਤਾ ਹੈ। ਬੀਬਾ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਤਾਂ ਪਹਿਲਾਂ ਹੀ ਅਸਤੀਫਾ ਦਿੱਤਾ ਹੋਇਆ ਹੈ, ਉਨ੍ਹਾਂ ਕੋਲ ਕੋਈ ਅਹੁਦਾ ਹੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਅਸਤੀਫਾ ਸੌਂਪਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸਭ ਜਾਣਦੇ ਹਨ ਕਿ ਜੇ ਕਿਸੇ ਮੰਤਰੀ ਨੇ ਅਸਤੀਫਾ ਦੇਣਾ ਹੈ ਤਾਂ ਉਹ ਆਪਣੇ ਮੁੱਖ ਮੰਤਰੀ ਜਾਂ ਆਪਣੇ ਰਾਜਪਾਲ ਨੂੰ ਚਿੱਠੀ ਲਿਖਦਾ ਹੈ ਜਦਕਿ ਸਿੱਧੂ ਨੇ ਉਸ ਲੀਡਰ ਨੂੰ ਅਸਤੀਫਾ ਸੌਂਪਿਆ ਜਿਸ ਕੋਲ ਕੋਈ ਅਹੁਦਾ ਹੀ ਨਹੀਂ ਹੈ। ਹਰਸਿਮਰਤ ਨੇ ਕਿਹਾ ਕਿ ਸਿੱਧੂ ਨੂੰ ਮੰਤਰਾਲਾ ਤਾਂ ਬਹੁਤ ਸਮਾਂ ਪਹਿਲਾਂ ਮਿਲਿਆ ਹੋਇਆ ਸੀ ਪਰ ਉਹ ਸਾਂਭ ਨਹੀਂ ਰਹੇ ਸਨ। ਹੁਣ ਜਦੋਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਦਾ ਸਮਾਂ ਆਇਆ ਤਾਂ ਉਨ੍ਹਾਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਡਰਾਮੇਬਾਜ਼ੀ ਸਿੱਧੂ ਦੀ ਪੁਰਾਣੀ ਆਦਤ ਹੈ।
ਕਰਤਾਰਪੁਰ ਕੌਰੀਡੋਰ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਇਹ ਲਾਂਘਾ ਸਿੱਖਾਂ ਦੀ ਬਹੁਤ ਪੁਰਾਣੀ ਮੰਗ ਸੀ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਓਂ ਜੰਗੀ ਪੱਧਰ 'ਤੇ ਲਾਂਘਾ ਬਣ ਰਿਹਾ ਹੈ ਅਤੇ ਇਸ ਲਈ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੇ ਹਨ।