ਸਿੱਧੂ ਮਾਡਲ ਸਾਬਤ ਹੋਇਆ ਫਲਾਪ, ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਮੌਕੇ ਕਾਂਗਰਸ ਭਵਨ ’ਚ ਛਾਇਆ ਰਿਹਾ ਸੰਨਾਟਾ
Monday, Feb 07, 2022 - 11:57 AM (IST)
ਜਲੰਧਰ (ਚੋਪੜਾ)- ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੀ ਚੋਣ ਕਰਨ ਕਰਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਬਣਨ ਦੇ ਜਿੱਥੇ ਸਾਰੇ ਸੁਫ਼ਨੇ ਚਕਨਾਚੂਰ ਹੋ ਗਏ ਹਨ, ਉਥੇ ਹੀ ਕਾਂਗਰਸ ਜਥੇਬੰਦੀ ਵਿਚ ਸਿੱਧੂ ਮਾਡਲ ਵੀ ਬੁਰੀ ਤਰ੍ਹਾਂ ਫਲਾਪ ਸਾਬਤ ਹੋ ਕੇ ਰਹਿ ਗਿਆ ਹੈ। ਬੀਤੇ ਦਿਨ ਮੁੱਖ ਮੰਤਰੀ ਚੰਨੀ ਦਾ ਨਾਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਹੋਣ ਤੋਂ ਪਹਿਲਾਂ ਜ਼ਿਲ੍ਹੇ ਵਿਚ ਚੋਣ ਲੜ ਰਹੇ ਉਮੀਦਵਾਰ ਕਾਫ਼ੀ ਉਤਸ਼ਾਹਤ ਰਹੇ ਅਤੇ ਹਾਈਕਮਾਨ ਦੇ ਨਿਰਦੇਸ਼ਾਂ ’ਤੇ ਇੰਦਰਪ੍ਰਸਥ ਹੋਟਲ ਅਤੇ ਰਾਮਾਮੰਡੀ ਵਿਚ ਐੱਲ. ਈ. ਡੀ. ਲਾ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਕਰਕੇ ਇਕ ਤਰ੍ਹਾਂ ਨਾਲ ਰਾਹੁਲ ਗਾਂਧੀ ਦੇ ਫ਼ੈਸਲੇ ਨੂੰ ਲੈ ਕੇ ਲੋਕਾਂ ’ਚ ਪਾਈ ਜਾ ਰਹੀ ਉਤਸੁਕਤਾ ਨੂੰ ਵਿਖਾਉਣ ਦੀ ਹਰ ਕੋਸ਼ਿਸ਼ ਕੀਤੀ ਗਈ।
ਦੂਜੇ ਪਾਸੇ ਜ਼ਿਲ੍ਹੇ ਦੇ ਕਾਂਗਰਸ ਭਵਨ ਵਿਚ ਮੁਕੰਮਲ ਸੰਨਾਟਾ ਛਾਇਆ ਰਿਹਾ। ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਲੈ ਕੇ ਕਾਂਗਰਸ ਭਵਨ ਵਿਚ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਜਦੋਂ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਹੋਇਆ ਤਾਂ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਕਾਂਗਰਸ ਭਵਨ ਸਥਿਤ ਆਪਣੇ ਦਫ਼ਤਰ ਵਿਚ ਇਕੱਲੇ ਬੈਠੇ ਨਜ਼ਰ ਆਏ। ਜ਼ਿਲ੍ਹਾ ਕਾਂਗਰਸ ਪ੍ਰਧਾਨ ਬਲਰਾਜ ਠਾਕੁਰ ਦੇ ਦਫ਼ਤਰ ਨੂੰ ਸ਼ਾਮ 4.30 ਵਜੇ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਦਫ਼ਤਰ ਸਕੱਤਰ ਵੀ ਆਪਣੇ ਕਮਰੇ ਨੂੰ ਤਾਲਾ ਲਾ ਕੇ ਉਥੋਂ ਜਾ ਚੁੱਕਾ ਸੀ। ਚੋਣਾਂ ਲਈ ਮੈਦਾਨ-ਏ-ਜੰਗ ਤਿਆਰ ਹੋ ਗਿਆ ਹੈ। ਹਰ ਪਾਰਟੀ ਆਪਣੇ ਵਰਕਰਾਂ ਨੂੰ ਜਥੇਬੰਦ ਕਰਕੇ ਚੋਣ ਮੈਦਾਨ ਵਿਚ ਉਤਰ ਚੁੱਕੀ ਹੈ ਪਰ ਕਾਂਗਰਸ ਭਵਨ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਨਾ ਤਾਂ ਉਥੇ ਚੋਣ ਮਾਹੌਲ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਇਥੇ ਆਉਣ ਲਈ ਵਰਕਰਾਂ ਵਿਚ ਕੋਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਰ ਰੋਜ਼ ਸਿਰਫ਼ ਚੋਣਵੇਂ ਚਿਹਰੇ ਹੀ ਕਾਂਗਰਸ ਭਵਨ ਵਿਚ ਡੇਰਾ ਲਾਈ ਬੈਠੇ ਹੁੰਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰੀ ਬੇਅਦਬੀ ਦੀ ਘਟਨਾ, ਨਹਿਰ ਦੇ ਕੰਢੇ ਗੁਟਕਾ ਸਾਹਿਬ ਦੇ ਮਿਲੇ ਅੰਗ
ਅਜਿਹੇ ਹਾਲਾਤ ਤੋਂ ਲੱਗਦਾ ਹੈ ਕਿ ਸਿੱਧੂ ਵੱਲੋਂ ਕਾਂਗਰਸ ਨੂੰ ਜ਼ਿਲ੍ਹਿਆਂ ਵਿਚ ਲਾਮਬੰਦ ਕਰਨ ਲਈ ਜ਼ਿਲਾ ਪ੍ਰਧਾਨ ਸਮੇਤ 3 ਕਾਰਜਕਾਰੀ ਪ੍ਰਧਾਨਾਂ ਦੀ ਜਿਹੜੀ ਯੋਜਨਾ ਬਣਾਈ ਗਈ ਸੀ, ਉਸ ਨੂੰ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨਾਂ ਵਿਚ ਪੈਦਾ ਧੜੇਬੰਦੀ ਕਾਰਨ ਵਰਕਰਾਂ ਨੇ ਪੂਰੀ ਨਕਾਰ ਦਿੱਤਾ ਹੈ। ਪ੍ਰਧਾਨ ਬਲਰਾਜ ਠਾਕੁਰ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਹਰਜਿੰਦਰ ਲਾਡਾ, ਵਿਜੇ ਦਕੋਹਾ ਅਤੇ ਨਿਰਮਲ ਸਿੰਘ ਨਿੰਮਾ ਵੀ ਰਾਹੁਲ ਗਾਂਧੀ ਦੇ ਅੱਜ ਦੇ ਪ੍ਰੋਗਰਾਮ ਨੂੰ ਲਾਈਵ ਦਿਖਾਉਣ ਲਈ ਕਾਂਗਰਸ ਭਵਨ ਵਿਚ ਨਾ ਤਾਂ ਐੱਲ. ਈ. ਡੀ. ਦਾ ਪ੍ਰਬੰਧ ਕਰ ਸਕੇ ਅਤੇ ਨਾ ਹੀ ਵਰਕਰਾਂ ਨੂੰ ਇਕੱਠੇ ਕਰ ਸਕੇ। ਹਾਲਾਂਕਿ ਕਾਰਜਕਾਰੀ ਪ੍ਰਧਾਨ ਆਪੋ-ਆਪਣੇ ਹਲਕਿਆਂ ਵਿਚ ਕਾਂਗਰਸੀ ਉਮੀਦਵਾਰਾਂ ਵੱਲੋਂ ਕੀਤੇ ਸ਼ੋਅ ਵਿਚ ਸ਼ਾਮਲ ਜ਼ਰੂਰ ਰਹੇ ਪਰ ਕਾਂਗਰਸ ਦਾ ਮੰਦਰ ਕਹੇ ਜਾਣ ਵਾਲੇ ਦਫ਼ਤਰ ਵਿਚ ਛਾਇਆ ਸੰਨਾਟਾ, ਅੰਦਰੂਨੀ ਅਨੁਸ਼ਾਸਨਹੀਣਤਾ ਅਤੇ ਵਰਕਰਾਂ ਦੀ ਪਾਰਟੀ ਪ੍ਰਤੀ ਬੇਰੁਖ਼ੀ ਚੋਣਾਂ ਵਿਚ ਖਤਰੇ ਦੀ ਘੰਟੀ ਸਾਬਿਤ ਹੋ ਸਕਦੇ ਹਨ।
ਠਾਕੁਰ 2 ਮਹੀਨਿਆਂ ’ਚ ਖੜ੍ਹੀ ਨਹੀਂ ਕਰ ਸਕੇ ਜਥੇਬੰਦੀ, ਸਿਰਫ਼ ਚਹੇਤਿਆਂ ਨੂੰ ਵੰਡ ਰਹੇ ਅਹੁਦਿਆਂ ਦੀਆਂ ਰਿਓੜੀਆਂ
ਬਲਰਾਜ ਠਾਕੁਰ ਨੂੰ ਪ੍ਰਧਾਨ ਬਣਿਆਂ ਲਗਭਗ 2 ਮਹੀਨੇ ਬੀਤ ਚੁੱਕੇ ਹਨ ਪਰ ਉਹ ਇਨ੍ਹਾਂ 2 ਮਹੀਨਿਆਂ ਵਿਚ ਜ਼ਿਲਾ ਕਾਂਗਰਸ ਸ਼ਹਿਰੀ ਜਥੇਬੰਦੀ ਨੂੰ ਖੜ੍ਹਾ ਕਰ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਹਾਲਾਂਕਿ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦਾਅਵਾ ਕੀਤਾ ਸੀ ਕਿ ਚੋਣਾਂ ਨੂੰ ਨੇੜੇ ਦੇਖਦਿਆਂ ਉਹ 15 ਦਿਨਾਂ ਅੰਦਰ ਜ਼ਿਲਾ ਅਤੇ ਵਾਰਡ ਪੱਧਰ ’ਤੇ ਨਿਯੁਕਤੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦੇਣਗੇ। ਪਰ ਇਨ੍ਹੀਂ ਦਿਨੀਂ ਉਹ ਕੁਝ ਚਹੇਤਿਆਂ ਨੂੰ ਹੀ ਅਹੁਦਿਆਂ ਦੀਆਂ ਰਿਓੜੀਆਂ ਵੰਡਦੇ ਰਹੇ ਹਨ। ਇਸ ਢੰਗ ਨਾਲ ਜਥੇਬੰਦਕ ਢਾਂਚਾ ਬਣਾਉਣ ਨੂੰ ਲੈ ਕੇ ਵਰਕਰਾਂ ਵਿਚ ਵੀ ਭਾਰੀ ਰੋਸ ਹੈ। ਕਈ ਸਾਬਕਾ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਹੁਣ ਕਾਂਗਰਸ ਵਿਚ ਚਾਪਲੂਸੀ ਅਤੇ ਨਿੱਜੀ ਸੇਵਾ ਕਰ ਕੇ ਹੀ ਅਹੁਦੇ ਮਿਲ ਰਹੇ ਹਨ।
ਇਸ ਦੇ ਨਾਲ ਹੀ ਸੂਤਰਾਂ ਦੀ ਮੰਨੀਏ ਤਾਂ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰ ਨਾਲ ਸਬੰਧਤ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਜ਼ਿਲ੍ਹਾ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਲਈ ਸਿਫ਼ਾਰਿਸ਼ ਸੂਚੀਆਂ ਮੰਗੀਆਂ ਸਨ, ਪਰ ਕਿਸੇ ਵੀ ਵਿਧਾਇਕ ਨੇ ਪ੍ਰਧਾਨ ਨੂੰ ਸਹਿਯੋਗ ਨਹੀਂ ਦਿੱਤਾ, ਜਿਸ ਕਾਰਨ ਜਥੇਬੰਦੀ ਦੇ ਢਾਂਚੇ ਦਾ ਗਠਨ ਅੱਜ ਵੋਟਾਂ ਵਿਚ ਸਿਰਫ਼ 14 ਦਿਨ ਬਾਕੀ ਹੋਣ ਦੇ ਬਾਵਜੂਦ ਲਟਕਿਆ ਹੋਇਆ ਹੈ। ਇਕ ਸੀਨੀਅਰ ਕਾਂਗਰਸੀ ਆਗੂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਇਕ ਅਜਿਹਾ ਚਿਹਰਾ ਹੁੰਦਾ ਹੈ, ਜਿਸ ਦੀ ਪੂਰੇ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਵਿਚ ਮਜ਼ਬੂਤ ਪਕੜ ਹੋਵੇ ਪਰ ਜੇਕਰ ਪ੍ਰਧਾਨ ਨੂੰ ਵਿਧਾਇਕਾਂ ਅਤੇ ਸੰਸਦ ਮੈਂਬਰ ’ਤੇ ਨਿਰਭਰ ਰਹਿਣਾ ਪੈਂਦਾ ਹੈ ਤਾਂ ਜ਼ਿਲ੍ਹਾ ਪ੍ਰਧਾਨ ਦੇ ਨਾਲ 3 ਕਾਰਜਕਾਰੀ ਪ੍ਰਧਾਨਾਂ ਦੀ ਫ਼ੌਜ ਨੂੰ ਤਾਇਨਾਤ ਕਰਨ ਦੀ ਆਖਿਰ ਕੀ ਲੋੜ ਸੀ।
ਇਹ ਵੀ ਪੜ੍ਹੋ: ਫਗਵਾੜਾ ਪੁਲਸ ਦੀ ਵੱਡੀ ਸਫ਼ਲਤਾ, ਡਾਕਾ ਮਾਰਨ ਦੀ ਤਿਆਰੀ 'ਚ 13 ਗੈਂਗਸਟਰ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫ਼ਤਾਰ
ਰਾਹੁਲ ਗਾਂਧੀ ਦੀ ਜਲੰਧਰ ਫ਼ੇਰੀ ਦੇ ਵਰਚੁਅਲ ਪ੍ਰੋਗਰਾਮ ’ਚ ਵੀ ਜੁਟੇ ਸਨ ਸਿਰਫ਼ ਦਰਜਨ ਭਰ ਵਰਕਰ
ਬੀਤੀ 27 ਜਨਵਰੀ ਨੂੰ ਜਲੰਧਰ ਫੇਰੀ ’ਤੇ ਆਏ ਰਾਹੁਲ ਗਾਂਧੀ ਨੇ ਸੂਬੇ ਭਰ ਦੇ ਕਾਂਗਰਸੀਆਂ ਨਾਲ ਵਰਚੁਅਲ ਰੈਲੀ ਕੀਤੀ ਸੀ, ਜਿਸ ਨੂੰ ਲੈ ਕੇ ਉਸ ਦਿਨ ਕਾਂਗਰਸ ਭਵਨ ਵਿਚ ਲੋਕਾਂ ਨੂੰ ਰੈਲੀ ਦਾ ਸਿੱਧਾ ਪ੍ਰਸਾਰਣ ਵਿਖਾਉਣ ਲਈ ਐੱਲ. ਈ. ਡੀ. ਦਾ ਪ੍ਰਬੰਧ ਕੀਤਾ ਗਿਆ ਸੀ ਪਰ ਉਸ ਵਰਚੁਅਲ ਰੈਲੀ ਵਿਚ ਵੀ ਸਿਰਫ਼ ਇਕ ਦਰਜਨ ਵਰਕਰ ਹੀ ਇਕੱਠੇ ਹੋਏ ਸਨ। ਉਸ ਦੌਰਾਨ ਵੀ ਵਰਕਰਾਂ ਸਮੇਤ ਆਮ ਲੋਕਾਂ ਨੇ ਕਾਂਗਰਸ ਭਵਨ ਤੋਂ ਦੂਰੀ ਬਣਾਈ ਰੱਖੀ। ਇਥੋਂ ਤੱਕ ਕਿ ਜੋਤੀ ਚੌਕ ਦੀ ਸ਼ੂਅ ਮਾਰਕੀਟ ਵਿਚ ਲਾਈ ਗਈ ਐੱਲ. ਈ. ਡੀ. ਤਾਂ ਕਿਸੇ ਵੀ ਕਿਸੇ ਕਾਂਗਰਸੀ ਜਾਂ ਵਿਅਕਤੀ ਦੇ ਨਾ ਆਉਣ ਕਾਰਨ ਚਾਲੂ ਨਹੀਂ ਕੀਤੀ ਗਈ। ਕਾਂਗਰਸੀ ਉਮੀਦਵਾਰਾਂ ਨੇ ਆਪਣੇ ਦਮ ’ਤੇ ਹੋਟਲ ਅਤੇ ਨਿੱਜੀ ਥਾਵਾਂ ’ਤੇ ਵਰਚੁਅਲ ਰੈਲੀ ਵਿਚ ਕਾਂਗਰਸੀਆਂ ਨੂੰ ਸ਼ਾਮਲ ਕਰਕੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਦੀ ਬਸਪਾ ਟਿਕਟ ਵਿਵਾਦਾਂ ’ਚ, ਬਰਜਿੰਦਰ ਸਿੰਘ ਹੁਸੈਨਪੁਰ ਹੋਏ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ