ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ’ਤੇ ਮਨੀਸ਼ ਤਿਵਾੜੀ ਦਾ ਤੰਜ
Saturday, Aug 28, 2021 - 09:50 PM (IST)
![ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ’ਤੇ ਮਨੀਸ਼ ਤਿਵਾੜੀ ਦਾ ਤੰਜ](https://static.jagbani.com/multimedia/2021_8image_13_11_108444694tiwari.jpg)
ਚੰਡੀਗੜ੍ਹ : ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਦਿੱਤੇ ਗਏ ਇੱਟ ਨਾਲ ਇੱਟ ਖੜ੍ਹਕਾਉਣ ਵਾਲੇ ਬਿਆਨ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੋਂ ਬਾਅਦ ਹੁਣ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਇਸ ਬਿਆਨ ਨੂੰ ਲੈ ਕੇ ਸਵਾਲ ਚੁੱਕੇ ਹਨ। ਤਿਵਾੜੀ ਨੇ ਟਵੀਟ ’ਚ ਤੰਜ ਕਰਦੇ ਹੋਏ ਆਖਿਆ ਹੈ ਕਿ ‘ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈਂ ਬਦਨਾਮ, ਵੋ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤੀ।’ ਇਸ ਟਵੀਟ ਦੇ ਨਾਲ ਮਨੀਸ਼ ਤਿਵਾੜੀ ਵਲੋਂ ਨਵਜੋਤ ਸਿੱਧੂ ਦੀ ਉਹ ਵੀਡੀਓ ਵਿਚ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਹ ਆਖ ਰਹੇ ਹਨ ਕਿ ਉਹ ਹਾਈਕਮਾਨ ਨੇ ਇਕੋ ਗੱਲ ਆਖ ਕੇ ਆਏ ਹਨ ਕਿ ਮੇਰੇ ਪੰਜਾਬ ਮਾਡਲ ਨਾਲ ਪੰਜਾਬ ਵਿਚ ਕਾਂਗਰਸ 20 ਸਾਲ ਤਕ ਨਹੀਂ ਜਾਵੇਗੀ ਪਰ ਜੇਕਰ ਮੈਨੂੰ ਫ਼ੈਸਲੇ ਨਾ ਲੈਣ ਦਿੱਤੇ ਗਏ ਤਾਂ ਉਹ ਇੱਟ ਨਾਲ ਇੱਟ ਖੜ੍ਹਕਾ ਦੇਣਗੇ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਮਜੀਠੀਆ ’ਤੇ ਜਾਨਲੇਵਾ ਹਮਲਾ, ਚਲਾਈਆਂ ਗੋਲ਼ੀਆਂ
ਗੁਰਜੀਤ ਔਜਲਾ ਨੇ ਚੁੱਕੇ ਸਨ ਸਵਾਲ
ਸਿੱਧੂ ਦੇ ਬਿਆਨ ਤੋਂ ਬਾਅਦ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਸੀ ਕਿ ਇੱਟ ਨਾਲ ਇੱਟ ਵਿਰੋਧੀਆਂ ਹੀ ਖੜਕਾਈ ਜਾ ਸਕਦੀ ਹੈ ਆਪਣਿਆਂ ਦੀ ਨਹੀਂ। ਸਿੱਧੂ ਦੱਸਣ ਕਿ ਉਹ ਇੱਟ ਦੀ ਇੱਟ ਕਿਸ ਦੀ ਖੜਕਾਉਣਗੇ। ਅਜਿਹੇ ਬਿਆਨਾਂ ਨਾਲ ਵਰਕਰਾਂ ਦਾ ਹੌਂਸਲਾ ਟੁੱਟਦਾ ਹੈ ਅਤੇ ਪਾਰਟੀ ਦਾ ਅਕਸ ਖ਼ਰਾਬ ਹੁੰਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਵਧੇ ‘ਸਿਆਸੀ ਪਾਰੇ’ ਦਰਮਿਆਨ ਪਰਗਟ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ
ਕੀ ਕਿਹਾ ਸੀ ਨਵਜੋਤ ਸਿੱਧੂ ਨੇ
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਦਰਮਿਆਨ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਲਖ਼ ਤੇਵਰ ਵਿਖਾਉਂਦਿਆਂ ਸਖ਼ਤ ਚਿਤਾਵਨੀ ਦਿੱਤੀ ਸੀ। ਅੰਮ੍ਰਿਤਸਰ ਵਿਚ ਇਕ ਪ੍ਰੋਗਰਾਮ ਦੇ ਮੰਚ ’ਤੇ ਹਾਈਕਮਾਨ ਨੂੰ ਮੁਖਾਤਿਬ ਹੁੰਦਿਆਂ ਸਿੱਧੂ ਨੇ ਆਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਨਹੀਂ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਨੇ ਕਿਹਾ ਸੀ ਕਿ ਦਰਸ਼ਨੀ ਘੋੜਾ ਬਣ ਕੇ ਕੋਈ ਫਾਇਦਾ ਹੈ, ਉਹ ਪੰਜਾਬ ਲਈ ਤਾਂ ਹੀ ਕੁੱਝ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਹੋਵੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨੋਟ - ਨਵਜੋਤ ਸਿੱਧੂ ਦੇ ਬਿਆਨ ’ਤੇ ਮਨੀਸ਼ ਤਿਵਾੜੀ ਦੇ ਤੰਜ ਨੂੰ ਤੁਸੀਂ ਕਿਵੇਂ ਦੇਖਦੇ ਹੋ?