ਨਵਜੋਤ ਸਿੱਧੂ ’ਤੇ ਬਦਲੇ ਭਗਵੰਤ ਮਾਨ ਦੇ ਸੁਰ, ਕਿਹਾ ਸਿੱਧੂ ਵਰਗਾ ਕੋਈ ਨਹੀਂ
Sunday, Mar 07, 2021 - 05:53 PM (IST)
ਬਠਿੰਡਾ (ਕੁਨਾਲ ਬਾਂਸਲ): ਕੁੱਝ ਦਿਨ ਪਹਿਲਾਂ ਹੀ ਨਵਜੋਤ ਸਿੱਧੂ ’ਤੇ ਵਰਨ ਵਾਲੇ ਭਗਵੰਤ ਮਾਨ ਦੇ ਸੁਰ ਹੁਣ ਬਦਲੇ ਨਜ਼ਰ ਆ ਰਹੇ ਹਨ। ਐੱਮ. ਐੱਸ. ਪੀ. ਵਾਲੇ ਬਿਆਨ 'ਤੇ ਸਿੱਧੂ ਉਪਰ ਸਵਾਲ ਚੁੱਕਣ ਵਾਲੇ ਮਾਨ ਨੇ ਹੁਣ ਸਿੱਧੂ ਨੂੰ ਛੋਟਾ ਭਰਾ ਆਖਿਆ ਹੈ। ਮਾਨ ਨੇ ਕਿਹਾ ਹੈ ਕਿ ਜੇਕਰ ਉਹ ਪਾਰਟੀ ’ਚ ਆਉਂਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ ਮੈਂ ਤਾਂ ਉਨ੍ਹਾਂ ਦਾ ਪਹਿਲੇ ਦਿਨ ਤੋਂ ਹੀ ਫੈਨ ਰਿਹਾ ਹਾਂ। ਮਾਨ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਤੋਂ ਛੋਟੇ ਹਨ। ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਉਹ ਅਰਦਾਸ ਕਰਦੇ ਹਨ ਕਿ ਨਵਜੋਤ ਸਿੰਘ ਸਿੱਧੂ ਸਿਆਸਤ ’ਚੋਂ ਕਦੇ ਵੀ ਆਊਟ ਨਾ ਹੋਣ ਸਗੋਂ ਜੋ 1 ਸਾਲ ਪੰਜਾਬ ਸਰਕਾਰ ਦਾ ਬਚਿਆ ਹੈ, ਬਿਜਲੀ ਵਿਭਾਗ ਆਪਣੇ ਹੱਥਾਂ ’ਚ ਲੈ ਕੇ 70 ਫੀਸਦੀ ਲੋਕਾਂ ਦੇ ਬਿਜਲੀ ਬਿਲ ਮੁਆਫ਼ ਕਰਨ ਤਾਂ ਕਿ ਉਹ ਲੋਕਾਂ ਦੇ ਦਿਲ ਦੇ ਹੋਰ ਕਰੀਬ ਆ ਜਾਣ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਬਠਿੰਡਾ ਪਹੁੰਚੇ, ਜਿੱਥੇ ਪ੍ਰੈੱਸ ਵਾਰਤਾ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ ਹਨ। ਮਾਨ ਨੇ ਦੱਸਿਆ ਕਿ 21 ਮਾਰਚ ਨੂੰ ਮੋਗਾ ਦੇ ਬਾਘਾਪੁਰਾਣਾ ’ਚ ਕਿਸਾਨ ਮਹਾ ਸੰਮੇਲਨ ਹੋਵੇਗਾ, ਜਿਸ ’ਚ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਤਿੰਨ ਵਾਰ ਚੋਣਾਂ ’ਚ ਹਰਾਇਆ ਹੈ ਜਦੋਂ ਇੱਥੇ ਅਰਵਿੰਦ ਕੇਜਰੀਵਾਲ ਪਹੁੰਚਣਗੇ ਤਾਂ ਨੈਸ਼ਨਲ ਮੀਡੀਆ ਉਨ੍ਹਾਂ ਨੂੰ ਕਵਰ ਕਰਨ ਲਈ ਪਹੁੰਚੇਗਾ, ਜਿਸ ਦੇ ਚੱਲਦੇ ਇਹ ਪੂਰੀ ਗੱਲ ਪੂਰੇ ਦੇਸ਼ ’ਚ ਲੋਕਾਂ ’ਤੇ ਪਹੁੰਚੇਗੀ। ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਆਮ ਆਦਮੀ ਪਾਰਟੀ 5 ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਵੀ ਘੋਸ਼ਿਤ ਕਰੇਗੀ ਨਾਲ ਹੀ ਵਿਧਾਇਕਾਂ ਦੀ ਲਿਸਟ ਵੀ ਜਾਰੀ ਹੋਵੇਗੀ।
ਇਹ ਵੀ ਪੜ੍ਹੋ: ਪਿਓ ਨੇ ਆਪਣੀ ਹੀ ਬੱਚੀ ਨੂੰ ਕੀਤਾ ਅਗਵਾ, ਜਾਣੋ ਕੀ ਹੈ ਪੂਰਾ ਮਾਮਲਾ
ਪਹਿਲਾਂ ਕੀ ਦਿੱਤਾ ਸੀ ਭਗਵੰਤ ਮਾਨ ਨੇ ਬਿਆਨ
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਤੋਂ ਫ਼ਸਲਾਂ ਦੇ ਐੱਮ. ਐੱਸ. ਪੀ. ਦੀ ਮੰਗ ਕਰਨ ਦੇ ਮਾਮਲੇ 'ਤੇ ਸਵਾਲ ਚੁੱਕੇ ਸਨ। ਮਾਨ ਨੇ ਕਿਹਾ ਸੀ ਕਿ ਪਿਛਲੇ ਚਾਰ ਸਾਲਾਂ ਤੋਂ ਨਵਜੋਤ ਸਿੱਧੂ ਕਿੱਥੇ ਸਨ ਅਤੇ ਚਾਰ ਸਾਲਾਂ ਤੋਂ ਨਵਜੋਤ ਸਿੱਧੂ ਕਿਉਂ ਨਹੀਂ ਬੋਲੇ ? ਮਾਨ ਨੇ ਆਖਿਆ ਸੀ ਕਿ ਉਸ ਤੋਂ ਪਹਿਲਾਂ ਵੀ ਸਿੱਧੂ ਦਸ ਸਾਲ ਅਕਾਲੀ-ਭਾਜਪਾ ਸਰਕਾਰ ਵਿਚ ਰਹਿੰਦਿਆਂ ਉਨ੍ਹਾਂ ਦੀਆਂ ਕਮੀਆਂ ਕੱਢਦੇ ਰਹੇ ਪਰ ਇਸ ਦੇ ਬਾਵਜੂਦ ਉਸ ਸਰਕਾਰ ਦਾ ਹਿੱਸਾ ਰਹੇ। ਅਜੇ ਵੀ ਨਵਜੋਤ ਸਿੱਧੂ ਕੋਲ ਕੁਝ ਕਰਕੇ ਵਿਖਾਉਣ ਲਈ ਇਕ ਸਾਲ ਦਾ ਸਮਾਂ ਪਿਆ ਹੈ। ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾ ਰਹੀ ਹੈ। ਬਿਜਲੀ ਮੰਤਰੀ ਬਣ ਕੇ ਪੰਜਾਬ ਵਿਚ ਬਿਜਲੀ ਦੇ ਭਾਅ ਨੂੰ ਘੱਟ ਕਰਨ। ਇਕੱਲੇ ਪ੍ਰੈੱਸ ਕਾਨਫ਼ਰੰਸ ਕਰਨ ਨਾਲ ਕੁਝ ਨਹੀਂ ਹੋਣਾ ਬਲਕਿ ਨਵਜੋਤ ਸਿੱਧੂ ਨੂੰ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਸੀ ਕਿ ਦਿੱਲੀ ਵਿਚ ਵੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਸਸਤੀ ਕਰਕੇ ਲੋਕਾਂ ਨੂੰ ਰਾਹਤ ਦਿੱਤੀ, ਫਿਰ ਕਿਉਂ ਨਹੀਂ ਸਿੱਧੂ ਬਿਜਲੀ ਮਹਿਕਮਾ ਲੈ ਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਂਦੇ ਹਨ।
ਇਹ ਵੀ ਪੜ੍ਹੋ: ਧਨੌਲਾ ਦੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਨੋਟ - ਭਗਵੰਤ ਮਾਨ ਦਾ ਬਿਆਨ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?