''ਮੈਡਮ ਸਿੱਧੂ'' ਦਾ ਸੁਖਬੀਰ ਨੂੰ ਠੋਕਵਾਂ ਜਵਾਬ, ''ਜੇਬਾਂ ''ਚੋਂ ਭਰਦੇ ਹਾਂ ਬਿਜਲੀ ਬਿੱਲ, ਸਰਕਾਰੀ ਖ਼ਰਚੇ ''ਚ ਨੀ ਪਾਉਂਦੇ''
Saturday, Jul 03, 2021 - 04:47 PM (IST)
ਪਟਿਆਲਾ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਿਜਲੀ ਬਿੱਲ ਸਬੰਧੀ ਠੋਕਵਾਂ ਜਵਾਬ ਦਿੱਤਾ ਹੈ। ਨਵਜੋਤ ਕੌਰ ਨੇ ਦੱਸਿਆ ਕਿ ਇਹ ਕੋਰੋਨਾ ਦਾ ਔਖਾ ਸਮਾਂ ਸੀ ਅਤੇ ਅਜਿਹਾ ਅੱਜ ਤੱਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਆਪਣੀ ਹੱਕ ਦੀ ਕਮਾਈ 'ਚੋਂ ਬਿਜਲੀ ਦੇ ਬਿੱਲ ਭਰਦੇ ਹਨ। ਉਨ੍ਹਾਂ ਸੁਖਬੀਰ ਨੂੰ ਕਿਹਾ ਕਿ ਉਹ ਉਨ੍ਹਾਂ ਵਾਂਗ ਸਰਕਾਰਾਂ ਤੋਂ ਮੁਫ਼ਤ ਬਿਜਲੀ ਨਹੀਂ ਲੈਂਦੇ।
ਨਵਜੋਤ ਕੌਰ ਨੇ ਦੱਸਿਆ ਕਿ ਅਜਿਹਾ ਨਹੀਂ ਸੀ ਕਿ ਉਨ੍ਹਾਂ ਨੇ ਬਿਜਲੀ ਦਾ ਬਿੱਲ ਨਹੀਂ ਭਰਿਆ, ਸਗੋਂ ਉਨ੍ਹਾਂ ਦਾ ਸਰਦੀਆਂ ਅਤੇ ਗਰਮੀਆਂ ਦਾ ਇੱਕੋ ਜਿਹਾ ਹੀ ਬਿੱਲ ਆਉਂਦਾ ਸੀ ਅਤੇ ਇਸ ਬਾਰੇ ਇਕ ਅਪੀਲ ਪਾਈ ਗਈ ਸੀ ਕਿ ਦੋ ਵਿਅਕਤੀਆਂ ਦਾ ਇੰਨਾ ਜ਼ਿਆਦਾ ਬਿੱਲ ਕਿਵੇਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਮੁਲਾਜ਼ਮ ਇਹ ਮੰਨ ਵੀ ਗਏ ਹਨ ਅਤੇ ਜਿਹੜਾ ਬਿੱਲ ਹੈ, ਉਹ ਤਾਂ ਭਰਨਾ ਹੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੀ ਜ਼ਿੰਦਗੀ ਬਿਜਲੀ ਦੇ ਬਿੱਲ ਹੀ ਭਰਦੇ ਆ ਰਹੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਅਸੀਂ ਬੀਮਾਰ ਵੀ ਹੋ ਜਾਂਦੇ ਹਾਂ ਤਾਂ ਉਸ ਦਾ ਇਲਾਜ ਵੀ ਆਪਣੇ ਪੈਸਿਆਂ ਨਾਲ ਹੀ ਕਰਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਲਈ ਵੀ ਜੇਕਰ ਨਵਜੋਤ ਸਿੱਧੂ ਜਹਾਜ਼ਾਂ 'ਤੇ ਗਏ ਤਾਂ ਆਪਣੇ ਪੈਸੇ ਲਾ ਕੇ ਹੀ ਗਏ। ਨਵਜੋਤ ਕੌਰ ਨੇ ਸੁਖਬੀਰ ਨੂੰ ਕਿਹਾ ਕਿ ਸੁਖਬੀਰ ਉਸ ਸ਼ਖਸ਼ 'ਤੇ ਸਵਾਲ ਚੁੱਕ ਰਹੇ ਹਨ, ਜਿਨ੍ਹਾਂ ਨੇ ਲੱਖਾਂ-ਕਰੋੜਾਂ ਰੁਪਿਆ ਲੋੜਵੰਦ ਲੋਕਾਂ ਨੂੰ ਆਪਣੀਆਂ ਜੇਬਾਂ 'ਚੋਂ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਖ਼ਾਤਰ ਅੱਜ ਨਵਜੋਤ ਸਿੱਧੂ ਆਪਣਾ ਸਾਰਾ ਕਾਰੋਬਾਰ ਬੰਦ ਕਰਕੇ ਬੈਠੇ ਹਨ ਪਰ ਜਦੋਂ ਉਨ੍ਹਾਂ ਕੋਲ ਪੈਸਾ ਹੁੰਦਾ ਸੀ ਤਾਂ ਉਨ੍ਹਾਂ ਨੇ ਜਦੋਂ ਵੀ ਕਿਸੇ ਬੰਦੇ ਨੂੰ ਲੋੜ ਪਈ ਤਾਂ ਉਨ੍ਹਾਂ ਨੇ ਉਸ ਦੀ ਮਦਦ ਕੀਤੀ ਹੈ। ਨਵਜੋਤ ਕੌਰ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਉਹ ਦੱਸਣ ਜੇ ਕਿਸੇ ਵਿਅਕਤੀ ਨੂੰ ਉਨ੍ਹਾਂ ਨੇ ਇਕ ਰੁਪਿਆ ਵੀ ਆਪਣੀ ਜੇਬ 'ਚੋਂ ਦਿੱਤਾ ਹੋਵੇ।
ਉਨ੍ਹਾਂ ਸੁਖਬੀਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ਹੋਏ ਹਨ ਤਾਂ ਉਨ੍ਹਾਂ ਨੇ ਸਰਕਾਰ ਦੇ ਖਾਤੇ 'ਚ ਕਰੋੜਾਂ ਰੁਪਏ ਪਾਏ ਹਨ ਅਤੇ ਹਰ ਤਰ੍ਹਾਂ ਦਾ ਪ੍ਰੋਗਰਾਮ ਵੀ ਸਰਕਾਰੀ ਖਾਤੇ 'ਚੋਂ ਕੀਤਾ ਜਾਂਦਾ ਹੈ ਪਰ ਅਸੀਂ ਕਦੇ ਸਰਕਾਰੀ ਪੈਸਾ ਨਹੀਂ ਮੰਗਿਆ। ਨਵਜੋਤ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਸਾਰਾ ਪੰਜਾਬ ਲੁੱਟ ਕੇ ਖਾ ਗਏ ਹਨ। ਉਨ੍ਹਾਂ ਸੁਖਬੀਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੀ ਔਕਾਤ 'ਚ ਰਹਿਣ ਅਤੇ ਬੋਲਣ ਤੋਂ ਪਹਿਲਾਂ ਸੋਚਿਆ ਜ਼ਰੂਰ ਕਰਨ। ਉਨ੍ਹਾਂ ਨੇ ਕਿਹਾ ਕਿ ਸਾਰਾ ਪੰਜਾਬ ਵੇਚ ਕੇ ਸੁਖਬੀਰ ਨੇ ਕਮਾਈ ਕਰਕੇ ਆਪਣੀਆਂ ਜੇਬਾਂ ਭਰੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ