''ਬੀਬੀ ਸਿੱਧੂ'' ਨੇ ਕੈਪਟਨ ਦੇ ਜ਼ਿਲ੍ਹੇ ''ਚ ਲਾਏ ਡੇਰੇ, ਸਿਆਸੀ ਗਲਿਆਰਿਆਂ ''ਚ ਛਿੜੀ ਚਰਚਾ
Sunday, Sep 06, 2020 - 07:52 AM (IST)
ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਸਥਾਨਕ ਸਰਕਾਰ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਅਤੇ ਸਾਬਕਾ ਵਿਧਾਇਕ ਬੀਬੀ ਨਵਜੋਤ ਕੌਰ ਸਿੱਧੂ ਨੇ ਲੰਘੇ 3 ਹਫ਼ਤਿਆਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ 'ਚ ਡੇਰੇ ਲਾਏ ਹੋਏ ਹਨ, ਜਿਸ ਕਾਰਣ ਸਿਆਸੀ ਗਲਿਆਰਿਆਂ 'ਚ ਨਵੀਆਂ ਚਰਚਾਵਾਂ ਛਿੜ ਗਈਆਂ ਹਨ। ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਸਥਿਤ ਆਪਣੇ ਪੁਸ਼ਤੈਨੀ ਘਰ ’ਚ ਉਹ ਹਰ ਰੋਜ਼ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ।
ਇਹ ਵੀ ਪੜ੍ਹੋ : 'ਕੋਵਿਡ' ਬਾਰੇ ਝੂਠੇ ਪ੍ਰਚਾਰ 'ਤੇ ਕੈਪਟਨ ਵੱਲੋਂ ਸਖ਼ਤ ਹੁਕਮ ਜਾਰੀ, ਵੈੱਬ ਚੈਨਲਾਂ ਬਾਰੇ ਕਹੀ ਇਹ ਗੱਲ
ਦਿਲਚਸਪ ਗੱਲ ਤਾਂ ਇਹ ਕਿ ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ’ਚ ਘਿਰੇ ਪੰਜਾਬ ਦੇ ਜੰਗਲਾਤ ਅਤੇ ਸੋਸ਼ਲ ਵੈੱਲਫੇਅਰ ਮਹਿਕਮੇ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਵਿਧਾਨ ਸਭਾ ਹਲਕਾ ਨਾਭਾ ਦੇ ਕਈ ਕਾਂਗਰਸੀ ਸਰਪੰਚ ਅਤੇ ਪੁਰਾਣੇ ਕਾਂਗਰਸੀ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਕਈ ਕਾਂਗਰਸੀ ਉਨ੍ਹਾਂ ਨਾਲ ਮਿਲ ਰਹੇ ਹਨ। ਨੌਜਵਾਨਾਂ ’ਚ ਉਨ੍ਹਾਂ ਪ੍ਰਤੀ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਵਰਗ ਨਵਜੋਤ ਸਿੰਘ ਸਿੱਧੂ ਅਤੇ ਬੀਬੀ ਸਿੱਧੂ ਦੋਹਾਂ ਦਾ ਹੀ ਕਾਇਲ ਹੈ। ਜਾਣਕਾਰੀ ਅਨੁਸਾਰ ਵੱਡੀ ਗਿਣਤੀ ’ਚ ਸ਼ਹਿਰ ਦੇ ਨੌਜਵਾਨ, ਸਮਾਜਿਕ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬੀਬੀ ਸਿੱਧੂ ਨਾਲ ਮੁਲਾਕਾਤ ਕੀਤੀ ਹੈ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
ਸੂਤਰਾਂ ਅਨੁਸਾਰ ਬੀਬੀ ਸਿੱਧੂ ਪਟਿਆਲਾ ’ਚ ਆਪਣੀਆਂ ਗਤੀਵਿਧੀਆਂ ਵਧਾਉਣ ਲਈ ਇੱਥੇ ਦਫ਼ਤਰ ਖੋਲ੍ਹ ਰਹੇ ਹਨ। ਜਦੋਂ ਤੋਂ ਉਹ ਯਾਦਵਿੰਦਰਾ ਕਾਲੋਨੀ ਆਪਣੇ ਘਰ ’ਚ ਆਏ ਹਨ, ਇਸ ਕਾਲੋਨੀ ’ਚ ਕਾਰਾਂ ਦੀ ਆਵਾਜਾਈ ਵੱਧ ਗਈ ਹੈ। ਕਾਲੋਨੀ ਦਾ ਟ੍ਰੈਫਿਕ ਹਰ ਰੋਜ਼ ਜਾਮ ਰਹਿੰਦਾ ਹੈ। ਪਟਿਆਲਾ ਦੇ ਜਿਸ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਤੋਂ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਬੀਬੀ ਸਿੱਧੂ ਨੇ ਉਸ ਦਾ ਦੌਰਾ ਵੀ ਕੀਤਾ ਅਤੇ ਉੱਥੇ ਕੋਚਿਜ਼ ਅਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਨਾਲ ਮੀਟਿੰਗਾਂ ਵੀ ਕੀਤੀਆਂ। ਮੌਜੂਦਾ ਸਮੇਂ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਚੁੱਕੇ ਨਵਜੋਤ ਸਿੰਘ ਸਿੱਧੂ ਹੁਣ ਤੱਕ ਸਿਆਸੀ ਭੰਬਲਭੂਸੇ ’ਚ ਫਸੇ ਹੋਏ ਹਨ।
ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਹਰਕਤ, ਧੀ ਬਰਾਬਰ ਬੱਚੀ ਦੇਖ ਡੋਲਿਆ ਈਮਾਨ
ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਲੜਨਗੇ ਜਾਂ ਫਿਰ ਆਪਣੀ ਪੁਰਾਣੀ ਪਾਰਟੀ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣਨਗੇ। ਸੂਤਰਾਂ ਅਨੁਸਾਰ ਮਾਰਚ, 2021 ਤੱਕ ਸਿੱਧੂ ਆਪਣੇ ਭਵਿੱਖ ਦੀ ਰਾਜਨੀਤੀ ਸਬੰਧੀ ਫੈਸਲੇ ਲੈਣਗੇ। ਜੇਕਰ ਕਾਂਗਰਸ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਹ ਚੁੱਪ ਕਰ ਕੇ ਨਹੀਂ ਬੈਠਣਗੇ ਅਤੇ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਉਨ੍ਹਾਂ ਦਾ ਲਾਭ ਲੈ ਸਕਦੀਆਂ ਹਨ। ਕਰਤਾਰਪੁਰ ਲਾਂਘੇ ਤੋਂ ਬਾਅਦ ਪੰਜਾਬ ਦਾ ਸਿੱਖ ਨਵਜੋਤ ਸਿੰਘ ਸਿੱਧੂ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ, ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਤੋਂ ਦੁਖੀ ਪੰਜਾਬ ਦੀ ਜਨਤਾ ਸਿੱਧੂ ਨੂੰ ਹੀ ਨਵੇਂ ਬਦਲ ਦੇ ਤੌਰ ’ਤੇ ਦੇਖ ਰਹੀ ਹੈ। ਅਜਿਹੇ ਸਿਆਸੀ ਹਾਲਾਤ ’ਚ ਬੀਬੀ ਸਿੱਧੂ ਦਾ ਮੁੱਖ ਮੰਤਰੀ ਦੇ ਸ਼ਹਿਰ ’ਚ ਡੇਰਾ ਲਾਉਣਾ ਕਈ ਤਰ੍ਹਾਂ ਦੇ ਸਿਆਸੀ ਇਸ਼ਾਰੇ ਦਿੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜਾਂ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਬਣ ਕੇ ਅੰਮ੍ਰਿਤਸਰ ਤੋਂ ਚੋਣ ਲੜਦੇ ਹਨ ਤਾਂ ਬੀਬੀ ਸਿੱਧੂ ਪਟਿਆਲਾ ਵਿਧਾਨ ਸਭਾ ਖੇਤਰ ਚੋਣ ਤੋਂ ਲੜ ਸਕਦੇ ਹਨ।