ਬਾਸਕਟਬਾਲ ਦੇ ਨੈਸ਼ਨਲ ਖਿਡਾਰੀ ਨੂੰ ਰਸਤੇ ''ਚ ਰੋਕ ਕੇ ਕੀਤੀ ਕੁੱਟ-ਮਾਰ
Friday, Feb 07, 2020 - 03:26 PM (IST)

ਲੁਧਿਆਣਾ (ਰਿਸ਼ੀ) : ਟਿਊਸ਼ਨ ਪੜ੍ਹਨ ਜਾ ਰਹੇ ਬਾਸਕਟਬਾਲ ਦੇ ਨੈਸ਼ਨਲ ਖਿਡਾਰੀ ਨੂੰ ਰਸਤੇ 'ਚ ਰੋਕ ਕੇ ਪੁਰਾਣੀ ਰੰਜਿਸ਼ ਕਾਰਨ ਉਸ ਦੀ ਕੁੱਟ-ਮਾਰ ਕਰ ਦਿੱਤੀ ਅਤੇ 5 ਘੰਟੇ ਬਾਅਦ ਜ਼ਖਮੀ ਅਤੇ ਉਸ ਦੇ ਮਾਤਾ-ਪਿਤਾ ਨੂੰ ਸਮਝੌਤੇ ਲਈ ਦੁੱਗਰੀ ਪੁਲ ਕੋਲ ਬੁਲਾ ਕੇ ਸਾਰਿਆਂ ਨੇ ਹੱਥੋਪਾਈ ਕੀਤੀ। ਇਸ ਕੇਸ 'ਚ ਪੁਲਸ ਸਟੇਸ਼ਨ ਦੁੱਗਰੀ ਦੀ ਪੁਲਸ ਕਸ਼ਿਸ਼ ਭਿੰਡਰ, ਗੋਰੀ ਭਾਰਦਵਾਜ, ਜਗਤ ਸਿੰਘ, ਅਭਿਜੀਤ ਮੰਡ, ਕੁੰਤਲ ਸਚਦੇਵਾ, ਅਜੇ ਦੇ ਖਿਲਾਫ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਰਮਜੀਤ ਸਿੰਘ ਨਿਵਾਸੀ ਬੀ. ਆਰ. ਐੱਸ. ਨਗਰ ਨੇ ਦੱਸਿਆ ਕਿ ਉਸ ਦਾ 17 ਸਾਲਾ ਲੜਕਾ ਸਰਤਾਜ ਸਿੰਘ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਬਾਸਕਟਬਾਲ ਦਾ ਨੈਸ਼ਨਲ ਖਿਡਾਰੀ ਹੈ। ਜਗਤ ਸਿੰਘ ਅਤੇ ਕਸ਼ਿਸ਼ ਭਿੰਡਰ ਉਸ ਦੇ ਨਾਲ ਪਹਿਲਾਂ ਡੀ. ਏ. ਵੀ. ਸਕੂਲ 'ਚ ਪੜ੍ਹਦੇ ਸਨ ਅਤੇ ਰੰਜਿਸ਼ ਰੱਖਦੇ ਸਨ। 4 ਫਰਵਰੀ ਸ਼ਾਮ ਲਗਭਗ 4 ਵਜੇ ਜਦੋਂ ਬੇਟਾ ਟਿਊਸ਼ਨ ਪੜ੍ਹਨ ਜਾ ਰਿਹਾ ਤਾਂ ਸੁਨੇਤ ਰੇਲਵੇ ਫਾਟਕ ਕੋਲ ਰੋਕ ਕੇ ਉਕਤ ਮੁਲਜ਼ਮਾਂ ਨੇ ਕੁੱਟ-ਮਾਰ ਕੀਤੀ। ਜਦੋਂ ਪਰਿਵਾਰ ਨੂੰ ਫੋਨ ਕਰ ਕੇ ਲੜਕਿਆਂ ਦੀ ਹਰਕਤ ਬਾਰੇ ਦੱਸਿਆ ਤਾਂ ਰਾਤ 9 ਵਜੇ ਦੁਗਰੀ ਪੁਲ ਕੋਲ ਬੁਲਾ ਲਿਆ, ਜਿੱਥੇ ਸਾਰਿਆਂ ਨੇ ਉਸ ਦੇ ਬੇਟੇ ਅਤੇ ਪਤਨੀ ਦੇ ਨਾਲ ਹੱਥੋਪਾਈ ਕੀਤੀ ਅਤੇ ਗਲੇ 'ਚ ਪਾਈ ਸੋਨੇ ਦੀ ਚੇਨ ਅਤੇ 13 ਹਜ਼ਾਰ ਦੀ ਨਕਦੀ ਵੀ ਖੋਹ ਕੇ ਲੈ ਗਏ।