ਰਾਸ਼ਟਰੀ ਰਾਜ ਮਾਰਗ ਦਾ ਡਿਜ਼ਾਈਨ ਗਲਤ ਹੋਣ ਕਾਰਨ ਵਾਪਰ ਰਹੇ ਨੇ ਹਾਦਸੇ

Wednesday, Dec 20, 2017 - 03:53 AM (IST)

ਰਾਸ਼ਟਰੀ ਰਾਜ ਮਾਰਗ ਦਾ ਡਿਜ਼ਾਈਨ ਗਲਤ ਹੋਣ ਕਾਰਨ ਵਾਪਰ ਰਹੇ ਨੇ ਹਾਦਸੇ

ਰੂਪਨਗਰ, (ਵਿਜੇ)- ਰੂਪਨਗਰ ਜ਼ਿਲੇ ਤੋਂ ਗੁਜ਼ਰ ਰਹੇ ਰਾਸ਼ਟਰੀ ਮਾਰਗ ਨੰਬਰ 205 ਦਾ ਡਿਜ਼ਾਈਨ ਗਲਤ ਹੋਣ ਕਾਰਨ ਕਈ ਸੜਕ ਦੁਰਘਟਨਾਵਾਂ ਹੋ ਰਹੀਆਂ ਹਨ। ਜਿਸ ਨੂੰ ਹਾਲੇ ਤੱਕ ਦਰੁੱਸਤ ਨਹੀਂ ਕੀਤਾ ਜਾ ਰਿਹਾ। ਇਹ ਰਾਸ਼ਟਰੀ ਮਾਰਗ ਕੁਰਾਲੀ ਤੋਂ ਸ਼ੁਰੂ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਅੱਗੇ ਮਨਾਲੀ ਤੱਕ ਜਾਂਦਾ ਹੈ ਤੇ ਜ਼ਿਲੇ 'ਚੋਂ ਗੁਜ਼ਰਦਾ ਹੈ। ਸਥਾਨਕ ਪੁਲਸ ਲਾਈਨ ਕੋਲ ਨਵਾਂ ਬਾਈਪਾਸ ਬਣਾਇਆ ਗਿਆ ਹੈ ਜਿਸ ਦਾ ਡਿਜ਼ਾਈਨ ਵੀ ਕਾਫੀ ਗਲਤ ਹੈ। ਇਸ ਬਾਈਪਾਸ 'ਤੇ ਕੋਈ ਸਲਿੱਪ ਵੇਅ ਨਹੀਂ ਬਣਾਏ ਗਏ ਤੇ ਜੋ ਟ੍ਰੈਫਿਕ ਲਾਈਟਾਂ ਲਾਈਆਂ ਗਈਆਂ ਹਨ, ਉਨ੍ਹਾਂ ਦੀ ਟਾਈਮਿੰਗ ਤੇ ਦਿਸ਼ਾ ਕੰਟਰੋਲ ਦਰੁੱਸਤ ਨਹੀਂ ਹੈ। 
ਤੇਜ਼ ਵਾਹਨ ਨੂੰ ਕੰਟਰੋਲ ਕਰਨ ਲਈ ਉਚਿਤ ਵਿਵਸਥਾ ਦੀ ਘਾਟ
ਨਵਾਂਸ਼ਹਿਰ-ਬਲਾਚੌਰ ਤੇ ਸਤਲੁਜ ਦੇ ਪੁਲ ਨੂੰ ਪਾਰ ਕਰ ਰਹੀਆਂ ਬੱਸਾਂ ਤੇ ਤੇਜ਼ ਵਾਹਨਾਂ ਨੂੰ ਕੰਟਰੋਲ ਕਰਨ ਲਈ ਉਚਿਤ ਵਿਵਸਥਾ ਦੀ ਘਾਟ ਹੈ। ਇਸ ਦੇ ਇਲਾਵਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨੇੜੇ ਕੋਈ ਟ੍ਰੈਫਿਕ ਲਾਈਟ ਨਹੀਂ ਹੈ ਤੇ ਇਸ ਮਾਰਗ 'ਤੇ ਨਿਰੰਕਾਰੀ ਭਵਨ ਕੋਲ ਰੂਪਨਗਰ ਸ਼ਹਿਰ ਨੂੰ ਜਾਣ ਵਾਲਾ ਰਸਤਾ ਕਾਫੀ ਅਸੁਰੱਖਿਅਤ ਹੈ ਜਿੱਥੇ ਜੋ ਟ੍ਰੈਫਿਕ ਲਾਈਟ ਲਾਈ ਗਈ ਹੈ, ਉਹ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀ ਤੇ ਉੱਥੇ ਕੋਈ ਪੁਲਸ ਕਰਮਚਾਰੀ ਵੀ ਤਾਇਨਾਤ ਨਹੀਂ। ਇਸ ਦੇ ਅੱਗੇ ਰੇਲਵੇ ਫਾਟਕਾਂ 'ਤੇ ਪੁਲ ਬਣਾਇਆ ਗਿਆ ਹੈ, ਉਸ ਦਾ ਡਿਜ਼ਾਈਨ ਠੀਕ ਨਹੀਂ ਤੇ ਇਹ ਪੁਲ ਬਹੁਤ ਗੋਲਾਈ 'ਚ ਬਣਾਇਆ ਗਿਆ ਹੈ, ਜਿੱਥੇ ਵਾਹਨ ਚਾਲਕ ਦਾ ਪੂਰਾ ਕੰਟਰੋਲ ਨਹੀਂ ਰਹਿੰਦਾ।
ਜ਼ਿਕਰਯੋਗ ਹੈ ਕਿ ਪਿੰਡ ਮਲਿਕਪੁਰ ਕੋਲ ਅੰਬੂਜਾ ਫੈਕਟਰੀ ਨੂੰ ਜੋ ਰਸਤਾ ਜਾਂਦਾ ਹੈ, ਉਹ ਕਾਫੀ ਗਲਤ ਢੰਗ ਨਾਲ ਕੱਟਿਆ ਗਿਆ ਹੈ, ਇਸ 'ਤੇ ਵੀ ਰੋਜ਼ਾਨਾ ਦੁਰਘਟਨਾਵਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਸ੍ਰੀ ਕੀਰਤਪੁਰ ਸਾਹਿਬ ਤੱਕ ਜੋ ਰਾਸ਼ਟਰੀ ਮਾਰਗ ਜਾਂਦਾ ਹੈ, ਉਸ 'ਚ ਕਾਫੀ ਤਰੁੱਟੀਆਂ ਹਨ, ਉਸ 'ਚ ਸਾਈਨ ਬੋਰਡ ਬਹੁਤ ਘੱਟ ਹਨ, ਬਹੁਤ ਸਾਰੇ ਸਥਾਨਾਂ 'ਤੇ ਟ੍ਰੈਫਿਕ ਲਾਈਟਾਂ ਨਹੀਂ। ਰਾਸ਼ਟਰੀ ਮਾਰਗ 'ਤੇ ਪਿੰਡ ਸੋਲਖੀਆਂ ਕੋਲ ਟੋਲ ਬੈਰੀਅਰ ਲੱਗਿਆ ਹੋਇਆ ਹੈ ਤੇ ਇਸ ਸੜਕ ਦੀ ਮੇਂਟੀਨੈਂਸ ਬਿਲਕੁਲ ਨਹੀਂ ਹੈ। ਜਦੋਂ ਕਿ ਲੋਕਾਂ ਤਂੋ ਭਾਰੀ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਟੋਲ ਬੈਰੀਅਰ ਵੀ ਗਲਤ ਜਗ੍ਹਾ ਲਾਇਆ ਗਿਆ ਹੈ। ਜਦੋਂ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਰੂਪਨਗਰ ਤੱਕ ਇਸ ਕੰਪਨੀ ਦਾ ਕੋਈ ਟੋਲ ਬੈਰੀਅਰ ਨਹੀਂ। ਨਿਯਮ ਅਨੁਸਾਰ ਸੜਕ ਦੇ ਦੋਵੇਂ ਪਾਸੇ ਸਫੈਦ ਪੱਟੀ ਤੇ ਵਿਚਾਲੇ ਡਿਵਾਈਡਿੰਗ ਪੱਟੀ ਹੋਣੀ ਚਾਹੀਦੀ ਹੈ ਜੋ ਕਿ ਕਈ ਥਾਵਾਂ 'ਤੇ ਗਾਇਬ ਦੇਖੀ ਗਈ। ਫੁੱਟਪਾਥ ਨਾਲ ਸਫੈਦ ਰੰਗ ਦੀ ਪੱਟੀ ਵੀ ਘੱਟ ਨਜ਼ਰ ਆ ਰਹੀ ਹੈ ਤੇ ਇਸ ਕਾਰਨ ਕੋਹਰੇ 'ਚ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। 
ਇਸੇ ਤਰ੍ਹਾਂ ਨੰਗਲ ਚੌਕ ਤੋਂ ਜੋ ਰਾਸ਼ਟਰੀ ਮਾਰਗ ਹੈੱਡਵਰਕਸ ਤਂੋ ਹੁੰਦਾ ਹੋਇਆ ਬਲਾਚੌਰ ਨੂੰ ਜਾਂਦਾ ਹੈ, ਉਸ 'ਤੇ ਵੀ ਕੋਈ ਟ੍ਰੈਫਿਕ ਲਾਈਟ ਨਹੀਂ ਹੈ। ਜ਼ਿਲੇ 'ਚ ਦੁਰਘਟਨਾਵਾਂ ਰੋਕਣ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਹੈ ਤੇ ਇਕ ਹੀ ਸਥਾਨ 'ਤੇ ਵਾਰ-ਵਾਰ ਦੁਰਘਟਨਾਵਾਂ ਹੋ ਰਹੀਆਂ ਹਨ। ਜਿਸ ਦੀਆਂ ਜ਼ਿੰਮੇਵਾਰ ਵਰਤਮਾਨ ਸਰਕਾਰਾਂ ਹਨ। ਰੂਪਨਗਰ ਸ਼ਹਿਰ ਤੋਂ ਬਾਈਪਾਸ ਤੱਕ ਵਾਇਆ ਗੌਸ਼ਾਲਾ ਰੋਡ, ਰੂਪਨਗਰ ਤੋਂ ਬਾਈਪਾਸ ਤੱਕ ਵਾਇਆ ਰੈਲੋਂ ਰੋਡ, ਰੂਪਨਗਰ ਸ਼ਹਿਰ ਤੋਂ ਬਾਈਪਾਸ ਵਾਇਆ ਬੇਲਾ ਚੌਕ ਰੋਡ ਜੋ ਬਾਈਪਾਸ ਨਾਲ ਲੱਗਦੇ ਹਨ, 'ਤੇ ਰੋਜ਼ਾਨਾ ਭਾਰੀ ਟ੍ਰੈਫਿਕ ਰਹਿੰਦਾ ਹੈ, ਉੱਥੇ ਉਚਿਤ ਟ੍ਰੈਫਿਕ ਲਾਈਟਾਂ ਨਹੀਂ ਹਨ ਤੇ ਨਾ ਹੀ ਉੱਥੇ ਪੁਲਸ ਕਰਮਚਾਰੀ ਤਾਇਨਾਤ ਹਨ। ਕਾਲਜ ਰੋਡ ਤੋਂ ਹੈੱਡਵਰਕਸ ਨੂੰ ਸੜਕ ਜਾਂਦੀ ਹੈ, ਉੱਥੇ ਵੀ ਕੋਈ ਟ੍ਰੈਫਿਕ ਲਾਈਟਾਂ ਨਹੀਂ ਹਨ, ਜਿਸ ਕਾਰਨ ਰਾਤ ਸਮੇਂ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ।
ਪੰਜਾਬ ਸਰਕਾਰ ਦੁਆਰਾ ਜ਼ਿਲਾ ਪੱਧਰ 'ਤੇ ਸੜਕ ਸੁਰੱਖਿਆ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਕਿ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਲਈ ਇਸ ਕਮੇਟੀ ਨੂੰ ਮਜ਼ਬੂਤ ਕਰਨਾ ਤੇ ਹੋਰ ਅਧਿਕਾਰ ਦੇਣ ਦੀ ਜ਼ਰੂਰਤ ਹੈ ਤਾਂ ਕਿ ਇਹ ਕਮੇਟੀ ਕਾਰਗਾਰ ਢੰਗ ਨਾਲ ਕੰਮ ਕਰ ਸਕੇ ਤੇ ਇਸ 'ਚ ਅਜਿਹੇ ਮੈਂਬਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੁੰ ਸਬੰਧਤ ਜਾਣਕਾਰੀ ਪੂਰੀ ਤਰ੍ਹਾਂ ਨਾਲ ਹੋਵੇ।
ਕੀ ਕਹਿੰਦੇ ਨੇ ਟ੍ਰੈਫਿਕ ਇੰਚਾਰਜ
ਇਸ ਸਬੰਧੀ ਟ੍ਰੈਫਿਕ ਇੰਚਾਰਜ ਬਲਵੀਰ ਸਿੰਘ ਨੇ ਕਿਹਾ ਕਿ ਉਹ ਦੁਰਘਟਨਾਵਾਂ ਨੂੰ ਰੋਕਣ ਲਈ ਕਾਫੀ ਯਤਨਸ਼ੀਲ ਹਨ ਤੇ ਉਨ੍ਹਾਂ ਇਸ ਸਬੰਧ 'ਚ ਇਕ ਯੋਜਨਾ ਬਣਾਈ ਹੈ। ਜਿਸ 'ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਜਿਸ ਨਾਲ ਸੜਕ ਦੁਰਘਟਨਾਵਾਂ ਨੂੰ ਰੋਕਣ 'ਚ ਸਹਾਇਤਾ ਮਿਲੇਗੀ।


Related News