ਰਾਸ਼ਟਰੀ ਮਾਰਗ-1 ਦੇ ਚੱਲ ਰਹੇ ਉਸਾਰੀ ਕੰਮ ਦਾ ਡੀ. ਸੀ. ਨੇ ਲਿਆ ਜਾਇਜ਼ਾ

Wednesday, Sep 27, 2017 - 09:58 AM (IST)


ਜਲੰਧਰ (ਅਮਿਤ) - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਪੀ. ਏ. ਪੀ. ਚੌਕ ਤੋਂ ਰਾਮਾ ਮੰਡੀ ਚੌਕ ਦਰਮਿਆਨ ਰਾਸ਼ਟਰੀ ਮਾਰਗ-1 ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਗਿਆ। ਉਸਾਰੀ ਕਰਨ ਵਾਲੀ ਸੋਮਾ ਕੰਪਨੀ ਦੇ ਪ੍ਰਤੀਨਿਧ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡੀ. ਸੀ. ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਕੰਮ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਥੋਂ ਲੰਘਣ ਵਾਲੇ ਲੋਕਾਂ ਦੀ ਸਹੂਲਤ ਲਈ ਇਸ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਨਿਰਮਾਣ ਕੰਮ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਸੋਮਾ ਕੰਪਨੀ ਦੇ ਪ੍ਰਤੀਨਿਧਾਂ ਨੂੰ ਕਿਹਾ ਕਿ ਨਿਰਮਾਣ ਕੰਮ ਲਈ ਲੋੜ ਅਨੁਸਾਰ ਮਨੁੱਖੀ ਸਰੋਤ ਤੇ ਮਸ਼ੀਨਰੀ ਦੀ ਵਰਤੋਂ ਵਧਾਈ ਜਾਵੇ ਤਾਂ ਜੋ ਦੀਵਾਲੀ ਤੋਂ ਪਹਿਲਾਂ ਇਸ ਕੰਮ ਨੂੰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਵੀ ਹਾਇਰ ਟੈਨਸ਼ਨ ਵਾਇਰਜ਼ ਦੀ ਤਬਦੀਲੀ ਦੇ ਕੰਮ ਨੂੰ ਤੇਜ਼ ਕਰਨ ਲਈ ਆਖਿਆ ਤਾਂ ਜੋ ਨਿਰਮਾਣ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਇਸ ਦੌਰਾਨ ਸੰਬੰਧਿਤ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਕਿ ਖੰਬਿਆਂ ਦੀ ਤਬਦੀਲੀ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਹ ਜਲਦ ਮੁਕੰਮਲ ਹੋ ਜਾਵੇਗਾ।  ਇਸੇ ਤਰ੍ਹਾਂ ਟੈਂਕਾਂ ਨੂੰ ਤਬਦੀਲ ਕਰਨ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਭੁਪਿੰਦਰ ਸਿੰਘ, ਐੱਸ. ਡੀ. ਐੱਮ. ਰਾਜੀਵ ਵਰਮਾ ਅਤੇ ਸੋਮਾ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਕੇ. ਵੀ. ਰਾਓ ਵੀ ਹਾਜ਼ਰ ਸਨ।  


Related News