ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਕੀਤਾ ਨੈਸ਼ਨਲ ਹਾਈਵੇਅ ਜਾਮ
Monday, Oct 04, 2021 - 03:09 PM (IST)
ਭਵਾਨੀਗੜ੍ਹ (ਵਿਕਾਸ): ਕਿਸਾਨੀ ਸੰਘਰਸ਼ 'ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਲਗਾਤਾਰ ਐੱਸ.ਡੀ.ਐੱਮ ਦਫ਼ਤਰ ਦਾ ਘਿਰਾਓ ਕਰਕੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਸੋਮਵਾਰ ਨੂੰ ਚੌਥੇ ਦਿਨ ਸਖ਼ਤ ਐਕਸ਼ਨ ਉਲੀਕਦੇ ਹੋਏ ਪਿੰਡ ਬਾਲਦ ਕੋਠੀ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਨੂੰ ਠੱਪ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ।
ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਕਾਰਨ ਹਾਈਵੇਅ ਸਮੇਤ ਨਾਭਾ, ਸਮਾਣਾ ਵੱਲ ਨੂੰ ਜਾਣ ਵਾਲੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਹਾਲਾਂਕਿ ਪੁਲਸ ਪ੍ਰਸ਼ਾਸਨ ਵੱਲੋਂ ਰਾਹਗੀਰਾਂ ਨੂੰ ਬਦਲਵੇਂ ਰੂਟਾਂ ਰਾਹੀਂ ਰਵਾਨਾ ਕੀਤਾ ਗਿਆ। ਧਰਨੇ ’ਤੇ ਬੈਠੇ ਕਿਸਾਨਾਂ ਦਾ ਦੋਸ਼ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਬਲਾਕ ਦੇ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਯੋਗ ਮੁਆਵਜ਼ਾ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਧਰਨੇ ’ਚ ਔਰਤਾਂ ਵੱਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ।