ਪੰਜਾਬ ''ਚ ''ਰਾਸ਼ਟਰੀ ਕਾਨਫਰੰਸ'' ਕਰਾਉਣ ਲਈ ਨਾਟ ਮੰਡਲੀਆਂ ਨਾਲ ਕਾਇਮ ਹੋਵੇਗਾ ਰਾਬਤਾ

Wednesday, Jan 08, 2020 - 01:32 PM (IST)

ਪੰਜਾਬ ''ਚ ''ਰਾਸ਼ਟਰੀ ਕਾਨਫਰੰਸ'' ਕਰਾਉਣ ਲਈ ਨਾਟ ਮੰਡਲੀਆਂ ਨਾਲ ਕਾਇਮ ਹੋਵੇਗਾ ਰਾਬਤਾ

ਮੋਹਾਲੀ (ਨਿਆਮੀਆਂ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਪੂਰੇ ਮੁਲਕ ਵਿਚ ਆਯੋਜਨਾਂ ਤੋਂ ਬਾਅਦ ਪੰਜਾਬ ਵਿਚ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਤੇ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਵਿਅਕਤ ਕਰਦੇ ਸਮਾਗਮਾਂ ਦਾ ਆਯੋਜਨ ਵਿਚਾਰ-ਅਧੀਨ ਹੈ, ਜਿਸ ਸਬੰਧੀ ਇਕ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਰਾਸ਼ਟਰੀ ਕਾਨਫਰੰਸ ਦੇ ਆਯੋਜਨ ਦਾ ਕੋਈ ਨਿਰਣਾ ਲੈਣ ਤੋਂ ਪਹਿਲਾਂ ਪੰਜਾਬ ਭਰ ਦੀਆਂ ਨਾਟ-ਮੰਡਲੀਆਂ, ਸੱਭਿਆਚਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਜ਼ਿਲਾ ਪੱਧਰ 'ਤੇ ਰਾਬਤਾ ਕੀਤਾ ਜਾਵੇਗਾ।
ਇਸ ਫੈਸਲੇ ਅਧੀਨ 18 ਜਨਵਰੀ ਨੂੰ ਅੰਮ੍ਰਿਤਸਰ, 19 ਜਨਵਰੀ ਨੂੰ ਜਲੰਧਰ, 25 ਜਨਵਰੀ ਨੂੰ ਮੋਗਾ, 26 ਜਨਵਰੀ ਨੂੰ ਬਠਿੰਡਾ, 1 ਫਰਵਰੀ ਨੂੰ ਪਟਿਆਲਾ ਤੇ 2 ਫਰਵਰੀ ਨੂੰ ਮੋਹਾਲੀ ਤੇ ਚੰਡੀਗੜ੍ਹ ਦੀਆਂ ਨਾਟ-ਮੰਡਲੀਆਂ, ਸੱਭਿਆਚਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਇਪਟਾ ਦੇ ਆਗੂ ਨਿੱਜੀ ਤੌਰ 'ਤੇ ਰਾਬਤਾ ਕਾਇਮ ਕਰ ਕੇ ਉਨ੍ਹਾਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਮੀਟਿੰਗ ਵਿਚ ਡਾ. ਸੁਖਦੇਵ ਸਿੰਘ ਸਿਰਸਾ ਰਾਸ਼ਟਰੀ ਜਨਰਲ ਸਕੱਤਰ, ਲੋਕਪੱਖੀ ਰਾਜਨੇਤਾ ਬੰਤ ਸਿੰਘ ਬਰਾੜ, ਪ੍ਰਧਾਨ ਏਟਕ ਸੰਜੀਵਨ ਸਿੰਘ ਪ੍ਰਧਾਨ ਇਪਟਾ ਪੰਜਾਬ, ਇੰਦਰਜੀਤ ਰੂਪੋਵਾਲੀ ਜਨਰਲ ਸਕੱਤਰ ਵਿੱਕੀ ਮਹੇਸਰੀ ਸਕੱਤਰ ਆਲ ਇੰਡੀਆਂ ਸਟੂਡੈਂਟ ਫੈੱਡਰੇਸ਼ਨ, ਕੰਵਲਨੈਨ ਸਿੰਘ ਸੇਖੋਂ ਜਨਰਲ ਸਕੱਤਰ, ਗੁਰਚਰਨ ਕੌਰ ਵਿੱਤ ਸਕੱਤਰ ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰ ਯੂਨੀਅਨ ਏਟਕ, ਐੱਮ. ਐੱਸ. ਫਰਮਾ ਯੂ. ਕੇ., ਸਵੈਰਾਜ ਸੰਧੂ ਸਕੱਤਰ, ਸਰਬਜੀਤ ਰੂਪੋਵਾਲੀ ਜਥੇਬੰਦਕ ਸਕੱਤਰ ਨੇ ਸ਼ਿਰਕਤ ਕੀਤੀ।


author

Babita

Content Editor

Related News