ਸੇਵਾ ਮੁਕਤ ਤੇ ਮਰ ਚੁੱਕੇ ਕਰਮਚਾਰੀਆਂ ਨੂੰ ਪ੍ਰਸ਼ਾਸਨ ਨੇ ਸੌਂਪੀ ਇਹ ਵੱਡੀ ਜ਼ਿੰਮੇਵਾਰੀ!

Friday, Oct 25, 2019 - 12:42 PM (IST)

ਸੇਵਾ ਮੁਕਤ ਤੇ ਮਰ ਚੁੱਕੇ ਕਰਮਚਾਰੀਆਂ ਨੂੰ ਪ੍ਰਸ਼ਾਸਨ ਨੇ ਸੌਂਪੀ ਇਹ ਵੱਡੀ ਜ਼ਿੰਮੇਵਾਰੀ!

ਨਥਾਣਾ (ਬੱਜੋਆਣੀਆਂ) : ਇਸ ਖਬਰ ਦਾ ਉਪਰੋਕਤ ਸਿਰਲੇਖ ਪੜ੍ਹ ਕੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਕਿ 'ਮੁਰਦੇ' ਅਜਿਹਾ ਕਾਰਜ ਕਿਵੇਂ ਕਰ ਸਕਦੇ ਹਨ? ਇਹ ਕ੍ਰਿਸ਼ਮਾ ਬਠਿੰਡਾ ਜ਼ਿਲਾ ਪ੍ਰਸ਼ਾਸਨ ਨੇ ਝੋਨੇ ਦੀ ਪਰਾਲੀ ਸਬੰਧੀ ਨਿਗਰਾਨ ਅਮਲੇ ਦੀ ਡਿਊਟੀ ਲਾਉਣ ਸਮੇਂ ਕਰ ਵਿਖਾਇਆ ਹੈ, ਜਿਸ 'ਚ ਉਨ੍ਹਾਂ ਕਰਮਚਾਰੀਆਂ ਨੂੰ ਵੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਨ੍ਹਾਂ 'ਚੋਂ ਕੁਝ ਦੀ ਮੌਤ ਹੋ ਚੁੱਕੀ ਅਤੇ ਕੁਝ ਸੇਵਾ ਮੁਕਤ ਹੋ ਚੁੱਕੇ ਹਨ। ਇਸ ਸਬੰਧ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ 18 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ ਸੀ, ਜਿਸ 'ਚ ਇਕ ਦਰਜਨ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਕਣਕ ਦੀ ਬੀਜਾਈ ਤੱਕ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਅਤੇ ਜੇਕਰ ਕਿਸੇ ਥਾਂ ਪਰਾਲੀ ਨੂੰ ਅੱਗ ਲਾਏ ਜਾਣ ਦੀ ਜਾਣਕਾਰੀ ਮਿਲਦੀ ਹੈ ਤਾਂ ਇਸ ਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਭੇਜੀ ਜਾਵੇ ਅਤੇ ਅਜਿਹੀ ਘਟਨਾ ਦਾ ਪੂਰਾ ਵੇਰਵਾ ਦਰਜ ਕਰ ਕੇ ਰਿਕਾਰਡ ਰੱਖਿਆ ਜਾਵੇ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਰਾਜ ਦੇ ਅੱਠ ਹਜ਼ਾਰ ਪਿੰਡਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਪੱਤਰ ਨੰਬਰ 9403/24 ਮਿਤੀ 23 ਅਕਤੂਬਰ 2019 ਰਾਹੀਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਭੇਜਿਆ ਗਿਆ ਹੈ, ਜਿਸ 'ਚ ਸੁਰਜੀਵਨ ਸਿੰਘ ਵਾਸੀ ਲਹਿਰਾਖਾਨਾ ਅਤੇ ਸੱਤਪਾਲ ਸਿੰਘ ਲਹਿਰਾ ਧੂਰਕੋਟ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਨੂੰ ਇਹ ਡਿਊਟੀ ਦੇਣ ਵਾਲਿਆਂ 'ਚ ਸ਼ਾਮਲ ਕੀਤਾ ਗਿਆ ਹੈ। ਜਦੋਂ ਕਿ ਹਰਚੇਤ ਸਿੰਘ ਚੱਕ ਫਤਿਹ ਸਿੰਘ ਵਾਲਾ ਸੇਵਾ ਮੁਕਤੀ ਤੋਂ ਬਾਅਦ ਕੈਨੇਡਾ ਵਿਖੇ ਵੱਸ ਚੁੱਕਾ ਹੈ ਨੂੰ ਵੀ ਇਸ 'ਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਮੱਘਰ ਸਿੰਘ, ਦਰਸ਼ਨ ਸਿੰਘ ਬੱਜੋਆਣਾ ਅਤੇ ਮੇਜਰ ਸਿੰਘ ਸਕੱਤਰ ਜੀਂਦਾ ਜੋ ਸੇਵਾ ਮੁਕਤ ਹੋ ਚੁੱਕੇ ਹਨ ਨੂੰ ਵੀ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੋਰਨਾਂ ਵਿਭਾਗਾਂ 'ਚ ਵੀ ਅਜਿਹੇ ਦਰਜਨਾਂ ਕਰਮਚਾਰੀ ਹਨ, ਜਿਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਨੇ ਅਜਿਹੀ ਸੂਚੀ 'ਚ ਸ਼ਾਮਲ ਕੀਤਾ ਹੋਇਆ ਹੈ। ਇਸ ਕਾਰਵਾਈ ਤੋਂ ਇਹ ਗੱਲ ਸਪੱਸ਼ਟ ਰੂਪ 'ਚ ਸਾਹਮਣੇ ਆਉਂਦੀ ਹੈ ਕਿ ਸਰਕਾਰ, ਪ੍ਰਸ਼ਾਸਨ ਅਤੇ ਸਰਕਾਰੀ ਵਿਭਾਗਾਂ 'ਚ ਆਪਸੀ ਤਾਲਮੇਲ ਦੀ ਵੱਡੀ ਘਾਟ ਹੈ।


author

cherry

Content Editor

Related News