ਮੋਦੀ ਵੱਲੋਂ ਮੰਤਰੀ ਮੰਡਲ ''ਚ ਫੇਰਬਦਲ ਕਰਨ ਦੀ ਤਿਆਰੀ

06/08/2017 3:52:04 AM

ਜਲੰਧਰ(ਪਾਹਵਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ ਤਿੰਨ ਸਾਲ ਪੂਰੇ ਕਰ ਲਏ ਹਨ ਅਤੇ ਹੁਣ ਉਸ ਦਾ ਦੋ ਸਾਲ ਤੋਂ ਹੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ। ਇਸ ਹਾਲਤ 'ਚ ਮੋਦੀ ਸਰਕਾਰ ਉਨ੍ਹਾਂ ਸੂਬਿਆਂ ਵੱਲ ਧਿਆਨ ਦੇਣ 'ਚ ਜੁਟ ਗਈ ਹੈ, ਜਿੱਥੇ ਭਾਜਪਾ ਦਾ ਵੋਟ ਬੈਂਕ ਕਾਫੀ ਖਰਾਬ ਹੈ। ਇਸ ਵੋਟ ਬੈਂਕ ਨੂੰ ਸੁਧਾਰਨ ਲਈ ਕੇਂਦਰ ਤੋਂ ਕੁਝ ਤਿੱਖੇ ਆਗੂ ਮੈਦਾਨ 'ਚ ਭੇਜੇ ਜਾਣਗੇ।
ਇਸ ਸਮੇਂ ਉਕਤ ਤਿੱਖੇ ਆਗੂ ਮੋਦੀ ਮੰਤਰੀ ਮੰਡਲ 'ਚ ਸ਼ਾਮਲ ਹਨ। ਭਾਜਪਾ ਨਾਲ ਜੁੜੇ ਸੂਤਰਾਂ ਮੁਤਾਬਕ ਮੋਦੀ ਵੱਲੋਂ ਜਲਦੀ ਹੀ ਮੰਤਰੀ ਮੰਡਲ 'ਚ ਇਕ ਹੋਰ ਫੇਰਬਦਲ ਕੀਤਾ ਜਾਵੇਗਾ। ਇਸ ਸਮੇਂ ਰੱਖਿਆ ਮੰਤਰਾਲਾ ਅਤੇ ਚੌਗਿਰਦਾ ਮੰਤਰਾਲਾ ਖਾਲੀ ਪਏ ਹਨ। ਦੋਵਾਂ ਮੰਤਰਾਲਿਆਂ ਦੀ ਜ਼ਿੰਮੇਵਾਰੀ ਆਰਜ਼ੀ ਤੌਰ 'ਤੇ ਹੋਰਨਾਂ ਮੰਤਰੀਆਂ ਨੇ ਸੰਭਾਲੀ ਹੋਈ ਹੈ। ਸੂਤਰਾਂ ਮੁਤਾਬਕ ਪੱਛਮੀ ਬੰਗਾਲ, ਓਡਿਸ਼ਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਭਾਜਪਾ ਦੀ ਹਾਲਤ ਵਧੀਆ ਨਹੀਂ ਹੈ। ਇਸ ਲਈ ਪਾਰਟੀ ਇਨ੍ਹਾਂ ਸੂਬਿਆਂ 'ਚ ਤਿੱਖੇ ਆਗੂਆਂ ਨੂੰ ਭੇਜਣ ਦੀ ਯੋਜਨਾ ਬਣਾ ਰਹੀ ਹੈ। ਮੋਦੀ ਮੰਤਰੀ ਮੰਡਲ 'ਚ ਪਹਿਲਾ ਵਾਧਾ ਨਵੰਬਰ 2014 'ਚ ਹੋਇਆ ਸੀ ਅਤੇ ਉਦੋਂ 21 ਨਵੇਂ ਚਿਹਰੇ ਲਏ ਗਏ ਸਨ। ਇਨ੍ਹਾਂ 'ਚ ਮਨੋਹਰ ਪਾਰਿਕਰ, ਜੇ. ਪੀ. ਨੱਡਾ ਅਤੇ ਸੁਰੇਸ਼ ਪ੍ਰਭੂ ਵਰਗੇ ਆਗੂ ਸ਼ਾਮਲ ਸਨ। ਪਾਰਿਕਰ ਇਸ ਸਮੇਂ ਗੋਆ ਦੇ ਮੁੱਖ ਮੰਤਰੀ ਹਨ ਜਦਕਿ ਅਨਿਲ ਮਾਧਵ ਦਵੇ ਦੇ ਦਿਹਾਂਤ ਕਾਰਨ ਚੌਗਿਰਦਾ ਮੰਤਰਾਲਾ ਖਾਲੀ ਪਿਆ ਹੈ। ਮਨੁੱਖੀ ਸੋਮਿਆਂ ਬਾਰੇ ਮੰਤਰਾਲਾ ਤੋਂ ਸਮ੍ਰਿਤੀ ਈਰਾਨੀ ਨੂੰ ਹਟਾ ਕੇ ਪ੍ਰਕਾਸ਼ ਜਾਵਡੇਕਰ ਨੂੰ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਹੁਣ ਜਲਦੀ ਹੀ ਮੰਤਰੀ ਮੰਡਲ 'ਚ ਫੇਰਬਦਲ ਕਰ ਕੇ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਉਨ੍ਹਾਂ ਉਕਤ ਸੂਬਿਆਂ 'ਚ ਭੇਜਿਆ ਜਾਵੇਗਾ, ਜਿੱਥੇ ਪਾਰਟੀ ਦਾ ਲੋਕ ਆਧਾਰ ਕਮਜ਼ੋਰ ਹੈ।


Related News