ਭਾਜਪਾ ਦੇ ਪੰਜਾਬ ’ਚ ਸਾਰੀਆਂ ਸੀਟਾਂ ਹਾਰਨ ਦੇ ਬਾਵਜੂਦ ਰਵਨੀਤ ਬਿੱਟੂ ਦਾ ਕੇਂਦਰੀ ਮੰਤਰੀ ਮੰਡਲ ’ਚ ਲੱਗਾ ਵੱਡਾ ਦਾਅ

06/10/2024 5:47:41 PM

ਪਠਾਨਕੋਟ (ਸ਼ਾਰਦਾ) : ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਇਹ ਅੱਜ ਦੇ ਸਿਆਸੀ ਵਾਤਾਵਰਣ ਦੇ ਹਿਸਾਬ ਨਾਲ ਇਕ ਚਮਤਕਾਰੀ ਘਟਨਾ ਤੋਂ ਘੱਟ ਨਹੀਂ। ਭਾਜਪਾ ਵਰਗਾ ਸਿਆਸੀ ਦਲ ਇਕ ਦਿਨ ਇੰਨਾ ਤਾਕਤਵਾਰ ਹੋਵੇਗਾ ਕਿ ਉਸ ਦਾ ਆਗੂ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ’ਤੇ ਬਿਰਾਜਮਾਨ ਹੋਵੇਗਾ। ਆਜ਼ਾਦੀ ਤੋਂ ਬਾਅਦ ਇਹ ਕੰਮ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ। ਉਹ ਬਹੁਤ ਹੀ ਪ੍ਰਸਿੱਧ ਆਗੂ ਸਨ ਅਤੇ ਆਜ਼ਾਦੀ ਦੇ ਸੰਘਰਸ਼ ’ਚ ਇਕ ਵੱਡਾ ਨਾਂ ਸਨ ਪਰ ਅੱਜ ਜੋ ਇਤਿਹਾਸਕ ਘਟਨਾ ਵਾਪਰੀ ਹੈ, ਉਸ ’ਚ ਭਾਜਪਾ ਵੱਲੋਂ ਪੰਜਾਬ ’ਚੋਂ ਇਕ ਵੀ ਸੀਟ ਨਾ ਜਿੱਤਣ ਦੇ ਬਾਵਜੂਦ ਲੁਧਿਆਣਾ ਤੋਂ ਬਹੁਤ ਘੱਟ ਮਾਰਜਨ ਨਾਲ ਹਾਰੇ ਰਵਨੀਤ ਸਿੰਘ ਬਿੱਟੂ ਮੰਤਰੀ ਮੰਡਲ ’ਚ ਸ਼ਾਮਲ ਹੋਏ ਹਨ। ਪੰਜਾਬ ਦੇ ਦ੍ਰਿਸ਼ਟੀਕੋਣ ਨਾਲ ਇਹ ਇਕ ਸਿਆਸੀ ਗੇਮ ਚੇਂਜਰ ਹੈ ਜੋ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਪੰਜਾਬ ਦੀ ਰਾਜਨੀਤੀ ’ਚ ਉਥਲ-ਪੁਥਲ ਕਰਦਾ ਰਹੇਗਾ। ਰਵਨੀਤ ਸਿੰਘ ਬਿੱਟੂ ਦੇ ਨਾਲ ਉਨ੍ਹਾਂ ਦੇ ਦਾਦਾ ਸ਼ਹੀਦ ਬੇਅੰਤ ਸਿੰਘ ਦੀ ਵਿਰਾਸਤ ਵੀ ਭਾਜਪਾ ਨੂੰ ਮਿਲ ਗਈ, ਜੋ ਦੇਸ਼ਭਗਤ ਅਤੇ ਸ਼ਾਂਤੀਪਸੰਦ ਪੰਜਾਬੀਆਂ ਨੂੰ ਬਹੁਤ ਪਸੰਦ ਹੈ ਕਿਉਂਕਿ ਬੇਅੰਤ ਸਿੰਘ ਨੇ ਪੰਜਾਬ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਸੀ। 48 ਸਾਲ ਦੇ ਰਵਨੀਤ ਸਿੰਘ ਬਿੱਟੂ ਇੰਨੀ ਕਿਸਮਤ ਦੇ ਧਨੀ ਹਨ ਕਿ ਉਹ ਤਿੰਨ ਵਾਰ ਐੱਮ. ਪੀ. ਰਹਿ ਚੁੱਕੇ ਹਨ ਪਰ ਕਿਸਮਤ ਦੇ ਨਾਲ-ਨਾਲ ਸਿਆਸੀ ਸਮਝ ਅਤੇ ਪਲਾਨਿੰਗ ਅਤੇ ਆਪਣੇ ਗਰੁੱਪ ਨੂੰ ਸੰਭਾਲ ਕੇ ਰੱਖਣਾ ਬਿੱਟੂ ਨੇ ਆਪਣੀ ਪਰਿਵਾਰਕ ਵਿਰਾਸਤ ਤੋਂ ਸਿੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਦਲਿਤ ਵਿਦਿਆਰਥੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ : ਹਰਪਾਲ ਚੀਮਾ 

ਸਾਰੀਆਂ 13 ਸੀਟਾਂ ’ਤੇ ਹਾਰਨ ਨਾਲ ਬਿੱਟੂ ਤੋਂ ਸਿਵਾਏ ਹੋਰ ਕੋਈ ਬਦਲ ਨਹੀਂ ਬਚਿਆ ਸੀ ਭਾਜਪਾ ਕੋਲ
ਜਿੱਥੇ ਇਕ ਪਾਸੇ ਤੀਸਰੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਥੇ ਹੀ ਦੂਸਰੇ ਪਾਸੇ ਸਾਰੀਆਂ 13 ਸੀਟਾਂ ’ਤੇ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਟਿਆਲਾ ਅਤੇ ਫਿਰੋਜ਼ਪੁਰ ਤੋਂ ਪਾਰਟੀ ਨੂੰ ਬਹੁਤ ਉਮੀਦਾਂ ਸਨ। 19 ਪ੍ਰਤੀਸ਼ਤ ਵੋਟ ਸ਼ੇਅਰ ਮਿਲਣ ਦੇ ਬਾਵਜੂਦ ਇਕ ਵੀ ਸੀਟ ਭਾਜਪਾ ਦੇ ਹੱਕ ’ਚ ਨਹੀਂ ਆਈ। ਬਹੁਤ ਘੱਟ ਮਾਰਜਨ ਨਾਲ ਹਾਰੇ ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਸ਼ੀਰਵਾਦ ਸੀ, ਜੋ ਰੈਲੀਆਂ ’ਚ ਲੁਧਿਆਣਾ ਦੀ ਜਨਤਾ ਨੇ ਦੇਖਿਆ। ਅਮਿਤ ਸ਼ਾਹ ਨੇ ਭਰੀ ਸਭਾ ’ਚ ਕਿਹਾ ਕਿ ਤੁਸੀਂ ਬਿੱਟੂ ਨੂੰ ਜੇਤੂ ਬਣਾ ਕੇ ਭੇਜੋ, ਇਸ ਨੂੰ ਵੱਡਾ ਆਗੂ ਬਣਾਉਣਾ ਮੇਰਾ ਕੰਮ ਹੈ। ਬਿੱਟੂ ਮੋਦੀ ਕੈਬਨਿਟ ਦਾ ਹਿੱਸਾ ਬਣੇ ਹਨ। ਇਸ ਨਾਲ ਜਿਥੇ ਉਨ੍ਹਾਂ ਦਾ ਸਿਆਸੀ ਕੱਦ ਵਧੇਗਾ, ਉਥੇ ਹੀ ਭਾਜਪਾ ਕੋਲ ਵੀ ਪੰਜਾਬ ਵਿਚ ਇਕ ਮੌਕਾ ਹੈ ਕਿ ਉਹ ਇਕਜੁੱਟ ਹੋ ਕੇ 2027 ਦੀਆਂ ਚੋਣਾਂ ਲੜਨ ਦੀਆਂ ਤਿਆਰੀਆਂ ਕਰੇ।

ਸੁਨੀਲ ਜਾਖੜ ਵੀ ਕੱਦਵਾਰ ਆਗੂ ਪਰ ਸੂਬਾ ਪ੍ਰਧਾਨ ਹੋਣ ਕਾਰਨ ਪੰਜਾਬ ਦੀ ਰਾਜਨੀਤੀ ’ਚ ਸਰਗਰਮ
ਉਲਟ ਹਾਲਾਤ ਦੇ ਬਾਵਜੂਦ ਜੇਕਰ ਭਾਜਪਾ ਨੂੰ 19 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ ਤਾਂ ਨਿਸ਼ਚਿਤ ਤੌਰ ’ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਇਸ ’ਚ ਵੱਡਾ ਰੋਲ ਰਿਹਾ ਹੋਵੇਗਾ। ਉਨ੍ਹਾਂ ਨੂੰ ਵੀ ਕੇਂਦਰ ’ਚ ਐਡਜਸਟ ਕੀਤਾ ਜਾ ਸਕਦਾ ਸੀ ਪਰ ਜਿਸ ਤਰ੍ਹਾਂ ਉਹ ਸੂਬੇ ’ਚ ਰਾਜਨੀਤੀ ਕਰ ਰਹੇ ਹਨ, ਪਾਰਟੀ ਨੂੰ ਨੌਜਵਾਨ ਬਿੱਟੂ ਹੀ ਪਸੰਦ ਆਏ। ਭਵਿੱਖ ’ਚ ਕਈ ਸਿਆਸੀ ਉਥਲ-ਪੁਥਲ ਹੋ ਸਕਦੀ ਹੈ, ਜੋ ਆਉਣ ਵਾਲੇ ਸਮੇਂ ’ਚ ਸਾਹਮਣੇ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦਾ ਹਰ ਵਾਰ ਕਰਤਾਰਪੁਰ ਤੋਂ ਉਮੀਦਵਾਰ ਬਦਲਣਾ ਪਾਰਟੀ ਨੂੰ ਮਜ਼ਬੂਤੀ ਨਹੀਂ ਦੇ ਸਕਿਆ

ਕਾਂਗਰਸ ਨੂੰ ਨਹੀਂ ਪਸੰਦ ਆਵੇਗਾ ਬਿੱਟੂ ਦਾ ਕੇਂਦਰ ’ਚ ਮੰਤਰੀ ਬਣਨਾ
ਜਿਸ ਤਰ੍ਹਾਂ ਤਰ੍ਹਾਂ ਨਾਲ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਹੀਂ ਚਾਹੁੰਦੇ ਕਿ ਬਿੱਟੂ ਲੋਕ ਸਭਾ ’ਚ ਪੁੱਜਣ। ਇਸ ਲਈ ਉਨ੍ਹਾਂ ਨੇ ਆਪਣੇ ਸੂਬਾ ਪ੍ਰਧਾਨ ਨੂੰ ਵੀ ਬਿੱਟੂ ਸਾਹਮਣੇ ਲਿਆ ਖੜ੍ਹਾ ਕੀਤਾ। ਸਾਰੀ ਕਾਂਗਰਸੀ ਲੀਡਰਸ਼ਿਪ ਉਨ੍ਹਾਂ ਨੂੰ ਜੇਤੂ ਬਣਾਉਣ ’ਚ ਜੁੱਟ ਗਈ। ਅਖੀਰ ਉਹ ਜੇਤੂ ਵੀ ਹੋਏ ਪਰ ਬਿੱਟੂ ਦੀ ਫਾਈਟ ਨੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ। ਹੁਣ ਭਾਜਪਾ ਨੇ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਹੈ, ਉਹ ਮੰਤਰੀ ਹੋਣ ਦੇ ਨਾਤੇ ਲੋਕ ਸਭਾ ’ਚ ਵੀ ਜਾ ਸਕਦੇ ਹਨ ਅਤੇ ਰਾਜਸਭਾ ’ਚ ਵੀ ਕਿਉਂਕਿ ਅਗਲੇ ਛੇ ਮਹੀਨਿਆਂ ’ਚ ਉਨ੍ਹਾਂ ਨੂੰ ਰਾਜਸਭਾ ਤੋਂ ਸੰਸਦ ਮੈਂਬਰ ਬਣਾਉਣਾ ਜ਼ਰੂਰੀ ਹੈ। ਫਿਰ ਹੀ ਉਹ ਮੰਤਰੀ ਮੰਡਲ ਵਿਚ ਰਹਿ ਸਕਣਗੇ। ਇਹ ਗੱਲ ਪ੍ਰਦੇਸ਼ ਅਤੇ ਰਾਸ਼ਟਰੀ ਕਾਂਗਰਸੀਆਂ ਨੂੰ ਬਹੁਤ ਪਸੰਦ ਆਏਗੀ, ਜਦੋਂ ਬਿੱਟੂ ਲੋਕ ਸਭਾ ’ਚ ਰਾਹੁਲ ਗਾਂਧੀ ਦੇ ਸਾਹਮਣੇ ਬੁਲੰਦ ਆਵਾਜ਼ ’ਚ ਆਪਣੀ ਗੱਲ ਰੱਖਣਗੇ ਤਾਂ ਕਾਂਗਰਸੀਆਂ ਨੂੰ ਗੁੱਸਾ ਆਉਣਾ ਸੰਭਾਵਿਤ ਹੈ। ਕਾਂਗਰਸ ਅਤੇ ਬਿੱਟੂ ਵਿਚਾਲੇ ਇਕ ਜੰਗ ਪੰਜਾਬ ਵਿਚ ਚੱਲੇਗੀ, ਜਿਸ ਨਾਲ ਸਥਿਤੀ ਕਾਫੀ ਰੌਚਕ ਬਣੇਗੀ।

ਲੁਧਿਆਣਾ ਇੰਡਸਟਰੀ ਨੂੰ ਹੋ ਸਕਦੈ ਕਾਫੀ ਫਾਇਦਾ
ਇਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਲੁਧਿਆਣਾ ਨੂੰ ਇਕ ਬੁਲੰਦ ਅਾਵਾਜ਼ ਦੇ ਰੂਪ ਵਿਚ ਰਵਨੀਤ ਬਿੱਟੂ ਮਿਲ ਗਏ ਹਨ, ਜੋ ਉਥੋਂ ਦੀ ਇੰਡਸਟਰੀ ਅਤੇ ਲੋਕਾਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੱਕ ਪਹੁੰਚਾ ਸਕਦੇ ਹਨ। ਕਾਫੀ ਲੰਬੇ ਸਮੇਂ ਤੋਂ ਬਾਅਦ ਲੁਧਿਆਣਾ ’ਚ ਰਾਸ਼ਟਰੀ ਲੀਡਰਸ਼ਿਪ ਆਈ ਹੈ। ਹੁਣ ਇਸ ਦਾ ਫਾਇਦਾ ਲੁਧਿਆਣਾ ਨੂੰ ਕਿਵੇਂ ਮਿਲ ਸਕਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸਮੇਂ-ਸਮੇਂ ’ਤੇ ਇਹ ਗੱਲ ਵੀ ਉਭਰਦੀ ਰਹੀ ਹੈ ਕਿ ਬਿੱਟੂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਚੰਗੇ ਸਬੰਧਾਂ ਦੀ ਚਰਚਾ ਰਹੀ ਹੈ। ਕੀ ਇਹ ਸਬੰਧ ਪੰਜਾਬ ਅਤੇ ਲੁਧਿਆਣਾ ਦੀ ਬਿਹਤਰੀ ਲਈ ਕੰਮ ਆ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਹਾਰਨ ਵਾਲੇ ਪੰਜਾਬ ਦੇ ਨੇਤਾਵਾਂ ’ਚੋਂ ਸਿਰਫ਼ ਚੰਨੀ ਨੂੰ ਮਿਲੀ ਲੋਕ ਸਭਾ ’ਚ ਐਂਟਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News