ਮੋਦੀ ਦੀ ਕੂਟਨੀਤੀ ''ਚ ਉਲਝੀ  ਪੰਜਾਬ ਕਾਂਗਰਸ ਅਤੇ ਅਕਾਲੀ ਦਲ

01/15/2019 4:44:20 PM

ਜਲੰਧਰ (ਬੁਲੰਦ)— ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਤੋਂ ਆਪਣਾ ਕੂਟਨੀਤਕ ਜਾਦੂ ਚਲਾਉਣਾ ਸ਼ੁਰੂ ਕਰ ਦਿੱਤਾ ਹੈ,  ਜਿਸ ਨਾਲ ਚੋਣਾਂ 'ਚ ਸਮੀਕਰਣ  ਬਦਲਣੇ ਸ਼ੁਰੂ ਹੋ ਗਏ ਹਨ। ਵਰਣਨਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਮੋਦੀ ਸਰਕਾਰ 'ਤੇ ਹੱਲਾ ਬੋਲ ਕੇ ਇਕ ਵਾਰ ਲੋਕਾਂ 'ਚ ਮੋਦੀ ਦੇ ਅਕਸ ਨੂੰ ਮਿੱਟੀ 'ਚ ਮਿਲਾਉਣ 'ਚ ਸਫਲਤਾ ਹਾਸਲ ਕੀਤੀ ਸੀ ਪਰ ਜੋ ਮੌਜੂਦਾ ਹਾਲਾਤ ਹਨ, ਉਹ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਮਾਮਲੇ ਬਾਰੇ ਰਾਜਨੀਤਕ ਮਾਹਿਰ ਦੱਸਦੇ ਹਨ ਕਿ ਮੋਦੀ ਸਰਕਾਰ ਪੂਰੇ ਕੂਟਨੀਤਕ ਰੂਪ 'ਚ ਆ ਚੁੱਕੀ  ਹੈ। ਮੋਦੀ ਸਰਕਾਰ ਨੇ ਪਿਛਲੇ ਕੁੱਝ ਦਿਨਾਂ 'ਚ ਕੁਝ ਅਜਿਹੇ ਕਦਮ ਚੁੱਕੇ ਹਨ, ਜਿਸ ਨਾਲ ਪੰਜਾਬ ਦੀ ਕਾਂਗਰਸ ਅਤੇ ਅਕਾਲੀ ਦਲ ਚਕਰਾ ਗਏ ਹਨ। ਸੂਤਰਾਂ ਅਨੁਸਾਰ ਮੋਦੀ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਡੇਰਾ ਸੱਚਾ-ਸੌਦਾ ਦੇ ਪ੍ਰਮੁੱਖ ਰਾਮ ਰਹੀਮ ਨੂੰ ਜੇਲ 'ਚ ਪਹੁੰਚਾ ਕੇ ਸਿੱਖਾਂ ਦੀ ਤਾਰੀਫ ਬਟੋਰੀ, ਬੀਤੇ ਦਿਨੀਂ ਕਰਤਾਰਪੁਰ ਕਾਰੀਡੋਰ ਨੂੰ ਹਰੀ ਝੰਡੀ ਦੇਣਾ, ਸੱਜਣ ਕੁਮਾਰ ਸਮੇਤ 2 ਹੋਰਾਂ ਨੂੰ ਸਿੱਖ ਵਿਰੋਧੀ ਦੰਗਿਆਂ ਲਈ ਜੇਲ ਤੱਕ ਪਹੁੰਚਾਉਣ ਵਰਗੇ ਕਦਮਾਂ ਨੇ ਦੇਸ਼ ਦੇ ਸਿੱਖ ਵੋਟਰਾਂ ਨੂੰ ਮੋਦੀ ਦਾ ਕਾਇਲ ਕਰ ਦਿੱਤਾ। ਅੱਜ ਜੋ ਕੱਟੜ ਕਾਂਗਰਸੀ ਸੀ ਜਾਂ ਕੱਟੜ ਅਕਾਲੀ ਸੀ, ਉਹ ਵੀ ਮੋਦੀ ਦੀ ਤਾਰੀਫ  ਕਰਨ ਤੋਂ ਪਿੱਛੇ ਨਹੀਂ ਹਟ ਰਹੇ।  ਅਜਿਹੇ 'ਚ ਅਕਾਲੀ ਦਲ ਲਈ  ਇਹ ਪ੍ਰੇਸ਼ਾਨੀ ਵਧ ਗਈ ਹੈ ਕਿ ਕਿਤੇ ਉਨ੍ਹਾਂ ਦਾ ਵੋਟ ਬੈਂਕ ਭਾਜਪਾ 'ਚ ਸ਼ਿਫਟ ਨਾ ਹੋ ਜਾਵੇ ਅਤੇ ਜੇਕਰ ਅਜਿਹਾ ਹੁੰਦਾ ਹੈ  ਤਾਂ ਭਾਜਪਾ ਦਾ ਪੰਜਾਬ 'ਚ ਦਬਦਬਾ ਵਧ ਜਾਵੇਗਾ ਅਤੇ ਅਕਾਲੀ ਦਲ ਕਮਜ਼ੋਰ ਹੋ ਜਾਵੇਗਾ। ਇੰਨਾ ਹੀ ਨਹੀਂ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਅਕਾਲੀ ਦਲ ਧੁੰਦਲੇ ਅਕਸ ਤੋਂ ਉਭਰਨ ਦਾ ਨਾਂ ਨਹੀਂ ਰਿਹਾ ।  

ਸੂਤਰਾਂ ਅਨੁਸਾਰ ਜੇਕਰ ਮੋਦੀ ਨੇ ਇਸ ਕੇਸ 'ਚ  ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾ ਕੇ ਅਸਲ ਦੋਸ਼ੀਆਂ ਨੂੰ ਜੇਲ ਤੱਕ ਪਹੁੰਚਾ ਦਿੱਤਾ ਤਾਂ ਸਾਰਾ ਮਾਲਵਾ ਮੋਦੀ ਦੀ ਜੇਬ 'ਚ ਹੋਵੇਗਾ। ਅਜਿਹੇ 'ਚ ਬੀਤੇ ਦਿਨੀਂ  10 ਫੀਸਦੀ  ਰਿਜ਼ਰਵੇਸ਼ਨ ਦੇ ਕੇ ਜਨਰਲ ਕੈਟਾਗਰੀ ਨੂੰ ਵੀ ਖੁਸ਼ ਕਰ ਦਿੱਤਾ ਹੈ। ਅਜਿਹੇ ਹਾਲਾਤ ਦੌਰਾਨ ਸਿੱਖ ਸਿਆਸਤ ਪੰਜਾਬ 'ਚ ਬੁਰੀ ਤਰ੍ਹਾਂ ਵੰਡੀ ਹੋਈ ਹੈ। ਬਰਗਾੜੀ ਮੋਰਚੇ ਦੌਰਾਨ ਵੰਡੇ ਜਾਣ ਤੋਂ ਬਾਅਦ ਹੁਣ ਸਿੱਖਾਂ ਨੂੰ ਤੀਜੇ ਸਿਆਸੀ ਮੋਰਚੇ ਤੋਂ ਉਮੀਦ ਹੈ, ਜਿਸ 'ਚ ਸੁਖਪਾਲ ਖਹਿਰਾ, ਡਾ. ਗਾਂਧੀ, ਬੈਂਸ ਭਰਾ, ਬਸਪਾ ਸਮੇਤ ਜੇਕਰ ਟਕਸਾਲੀ ਵੀ ਸ਼ਾਮਲ ਹੋ ਜਾਂਦੇ ਹਨ ਤਾਂ ਇਸ ਨਾਲ ਸਿੱਖ ਵੋਟਾਂ ਅਕਾਲੀ ਦਲ ਤੋਂ ਟੁੱਟ ਕੇ ਹੋਰ ਖਿੱਲਰ  ਜਾਣਗੀਆਂ। ਸੂਤਰਾਂ ਅਨੁਸਾਰ ਮੋਦੀ ਦੁਆਰਾ ਪੰਜਾਬ 'ਚ ਸਿੱਖਾਂ ਨੂੰ ਭਾਜਪਾ ਨਾਲ ਜੋੜਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ  ਹਨ। ਇਸ 'ਚ ਆਰ. ਐੱਸ. ਐੱਸ. ਖਾਸ ਭੂਮਿਕਾ  ਨਿਭਾਅ ਰਹੀ ਹੈ। 

ਉੱਧਰ  ਕਾਂਗਰਸ  ਦੀ  ਪੰਜਾਬ 'ਚ ਹਾਲਤ ਪਤਲੀ ਹੋਈ ਪਈ ਹੈ। ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ ਕਿ ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਮੋਦੀ ਦੇ ਵੱਸ 'ਚ ਹਨ ਅਤੇ ਪੰਜਾਬ ਸਰਕਾਰ  ਕੈਪਟਨ ਨਹੀਂ ਮੋਦੀ ਹੀ ਚਲਾ  ਰਹੇ ਹਨ। ਇਸੇ ਵਿਚਕਾਰ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਪਿਛਲੇ ਮਹੀਨੇ ਪੰਜਾਬ ਦੀਆਂ ਜੋ 13 ਲੋਕ ਸਭਾ ਦੀਆਂ ਸੀਟਾਂ 'ਚੋਂ 10  ਕਾਂਗਰਸ ਦੀ  ਝੋਲੀ 'ਚ ਦੇਖੀਆ  ਜਾ ਰਹੀਆਂ ਹਨ ਅਤੇ ਲੋਕ ਸਭਾ ਚੋਣਾਂ ਤੱਕ ਇਹ ਗਿਣਤੀ ਹੋਰ ਘਟ ਕੇ 6 ਰਹਿ ਸਕਦੀ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ  ਕਾਂਗਰਸ ਅਤੇ ਅਕਾਲੀ ਦਲ ਮੋਦੀ  ਦੀਆਂ  ਨੀਤੀਆਂ ਦਾ ਕਿਵੇਂ ਸਾਹਮਣਾ ਕਰਦੇ ਹਨ।


shivani attri

Content Editor

Related News