ਭਵਿੱਖਬਾਣੀ : ਪ੍ਰਧਾਨ ਮੰਤਰੀ ਮੋਦੀ ਦੀ ਜਾਨ ਨੂੰ ਹੋ ਸਕਦੈ ਖਤਰਾ
Tuesday, Jun 04, 2019 - 05:11 PM (IST)

ਨਾਭਾ (ਜੈਨ) : ਆਲ ਇੰਡੀਆ ਸਰਸਵਤੀ ਜੋਤਿਸ਼ ਮੰਚ ਜਲੰਧਰ ਅਤੇ ਸ਼੍ਰੀ ਬਾਲਾ ਜੀ ਜੋਤਿਸ਼ ਮੰਚ ਨਾਭਾ ਵੱਲੋਂ ਇਥੇ ਰੋਟਰੀ ਭਵਨ ਵਿਖੇ ਜੋਤਿਸ਼ ਵਿਦਵਨ ਪੰਡਤ ਰਾਜੀਵ ਸ਼ਰਮਾ ਅਤੇ ਡਾ. ਸਿੰਮੀ ਸ਼ਰਮਾ ਦੀ ਨਿਗਰਾਨੀ ਹੇਠ ਦੂਜਾ ਆਲ ਇੰਡੀਆ ਜੋਤਿਸ਼ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਵੱਖ-ਵੱਖ ਸੂਬਿਆਂ ਤੋਂ 69 ਜੋਤਿਸ਼ ਵਿਦਵਾਨਾਂ, ਲਾਲ ਕਿਤਾਬ ਮਾਹਰਾਂ ਅਤੇ ਕੁੰਡਲੀ ਮਾਹਰਾਂ ਨੇ ਹਿੱਸਾ ਲਿਆ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ 300 ਤੋਂ ਵੱਧ ਸੀਟਾਂ 'ਤੇ ਸ਼ਾਨਦਾਰ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ਵਿਸ਼ਵ ਪ੍ਰਸਿੱਧ ਜੋਤਿਸ਼ ਅਚਾਰੀਆ ਡਾ. ਐੈੱਚ. ਐੱਸ. ਰਾਵਤ (ਨਵੀਂ ਦਿੱਲੀ) ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਕੁੱਝ ਕਮਜ਼ੋਰ ਹੋਣ ਦੇ ਬਾਵਜੂਦ ਮੁੜ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸੱਤਾ ਪ੍ਰਾਪਤ ਰਕੇਗੀ। ਭਾਜਪਾ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਵਿਰੋਧੀ ਧਿਰ 'ਚ ਬੈਠੇਗੀ। ਕਾਂਗਰਸ ਕਮਜ਼ੋਰ ਹੀ ਰਹੇਗੀ। ਮੋਦੀ ਸਰਕਾਰ ਬਾਰੇ ਕਿਹਾ ਕਿ ਜੰਮੂ-ਕਸ਼ਮੀਰ ਦੀ ਧਾਰਾ 370 ਅਤੇ 35-ਏ ਨੂੰ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ। ਸ਼੍ਰੀ ਰਾਮ ਮੰਦਰ ਨਿਰਮਾਣ ਦਾ ਮਾਮਲਾ 2023 ਤੱਕ ਲਟਕਦਾ ਰਹੇਗਾ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸੜਕ ਹਾਦਸਿਆਂ ਵਿਚ ਭਾਰੀ ਵਾਧਾ ਹੋਵੇਗਾ।
ਨਵੀਂ ਦਿੱਲੀ ਤੋਂ ਆਏ ਵਿਸ਼ਵ ਪ੍ਰਸਿੱਧ ਜੋਤਿਸ਼ ਵਿਦਵਾਨ ਅਚਾਰੀਆ ਅਨਿਲ ਵਤਸ ਨੇ ਭਵਿੱਖਬਾਣੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਆਉਣ ਵਾਲੇ 13 ਮਹੀਨਿਆਂ ਦੌਰਾਨ ਖਤਰਾ ਪੈਦਾ ਹੋ ਸਕਦਾ ਹੈ। ਕੋਈ ਸੱਟ ਵੀ ਲੱਗ ਸਕਦੀ ਹੈ। ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੂੰ ਦੌਰਿਆਂ ਦੌਰਾਨ ਸੁਰੱਖਿਆ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ।
ਹਰਿਆਣਾ 'ਚ ਸਰਕਾਰ ਦਾ ਗਠਨ ਭਾਜਪਾ ਹੀ ਕਰੇਗੀ
ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਭਵਿੱਖਬਾਣੀ ਕੀਤੀ ਕਿ ਭਾਜਪਾ ਪਹਿਲਾਂ ਨਾਲੋਂ ਕਮਜ਼ੋਰ ਅਤੇ ਕਾਂਗਰਸ ਮਜ਼ਬੂਤ ਹੋਵੇਗੀ। ਸਰਕਾਰ ਦਾ ਗਠਨ ਭਾਜਪਾ ਹੀ ਕਰੇਗੀ। ਉਨ੍ਹਾਂ ਕਿਹਾ ਕਿ ਦੋ ਮਹੱਤਵਪੂਰਨ ਮੁੱਦਿਆਂ (ਸ਼੍ਰੀ ਰਾਮ ਮੰਦਰ ਅਯੁੱਧਿਆ ਤੇ ਜੰਮੂ-ਕਸ਼ਮੀਰ) ਬਾਰੇ ਮੋਦੀ ਸਰਕਾਰ ਅਗਲੇ 3 ਸਾਲਾਂ ਤੱਕ ਚੁੱਪੀ ਵੱਟੇਗੀ। ਅਮਰੀਕਾ ਨਾਲ ਸਬੰਧ ਪਹਿਲਾਂ ਨਾਲੋਂ ਚੰਗੇ ਨਹੀਂ ਰਹਿਣਗੇ। ਪਾਕਿਸਤਾਨ ਸ਼ਾਂਤੀ ਵਾਰਤਾ ਲਈ ਹੱਥ ਵਧਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਕਿਹਾ ਕਿ ਉਹ ਸਰਕਾਰ ਵੱਲਭ ਭਾਈ ਪਟੇਲ ਵਾਂਗ ਪ੍ਰਸਿੱਧੀ ਹਾਸਲ ਕਰਨਗੇ।