ਕੀ ਮੋਦੀ ਦੀ ਵਾਪਸੀ ਨਾਲ ਵਧੇਗਾ ਕਾਂਗਰਸੀ ਸਰਕਾਰਾਂ 'ਤੇ ਖਤਰਾ?

04/20/2019 3:00:39 PM

ਜਲੰਧਰ (ਮਹਿੰਦਰ ਠਾਕੁਰ) : 2019 ਦੀਆਂ ਚੋਣਾਂ ਕਾਂਗਰਸ ਲਈ ਸਾਰੇ ਪਾਸੇ ਤੋਂ 'ਕਰੋ ਜਾਂ ਮਰੋ' ਵਾਂਗ ਹੈ। ਲੋਕ ਸਭਾ ਦੀਆਂ ਇਨ੍ਹਾਂ ਅਹਿਮ ਚੋਣਾਂ 'ਚ ਕਾਂਗਰਸ ਦੀ ਹਾਰ ਉਸ ਨੂੰ ਨਾ ਸਿਰਫ ਦਿੱਲੀ ਦੀ ਗੱਦੀ ਤੋਂ ਦੂਰ ਲੈ ਜਾਵੇਗੀ, ਸਗੋਂ ਉਸ ਦੀਆਂ ਰਾਜ ਸਰਕਾਰਾਂ 'ਤੇ ਵੀ ਖਤਰੇ ਦੇ ਬਦਲ ਵੱਧ ਜਾਣਗੇ। ਭਾਵੇਂ ਹੀ ਕਾਂਗਰਸ ਛੱਤੀਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਮਜ਼ਬੂਤ ਭਾਜਪਾ ਦੇ ਕਿਲਿਆਂ ਨੂੰ ਜਿੱਤ ਕੇ ਉਥੇ ਆਪਣੀ ਸਰਕਾਰ ਬਣਾਉਣ 'ਚ ਸਫਲ ਜ਼ਰੂਰ ਹੋਈ ਪਰ ਛੱਤੀਸਗੜ੍ਹ ਨੂੰ ਛੱਡ ਕੇ ਉਸ ਨੂੰ ਓਨਾ ਬਹੁਮਤ ਨਹੀਂ ਮਿਲਿਆ ਜੋ ਪਾਰਟੀ ਨੂੰ ਮੁਸ਼ਕਲਾਂ 'ਚੋਂ ਉਭਾਰ ਸਕੇ।

ਕਹਿਣ ਨੂੰ ਤਾਂ ਮੌਜੂਦਾ ਸਮੇਂ 'ਚ 5 ਸੂਬਿਆਂ ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਕਰਨਾਟਕਾ 'ਚ ਕਾਂਗਰਸੀ ਰਾਜ ਹੈ ਪਰ ਛੱਤੀਸਗੜ੍ਹ ਅਤੇ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿਚ ਕਾਂਗਰਸ ਦੀਆਂ ਇਹ ਸਰਕਾਰਾਂ ਸਹਿਯੋਗੀਆਂ ਦੇ ਸਮਰਥਨ ਨਾਲ ਚੱਲ ਰਹੀਆਂ ਹਨ। ਭਾਵੇਂ ਹੀ ਕਰਨਾਟਕ 'ਚ ਕਾਂਗਰਸ ਦੇ ਵੱਡੇ ਨਾਟਕੀ ਅੰਦਾਜ਼ 'ਚ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਆਪਣੇ ਤੋਂ ਕਈ ਗੁਣਾ ਛੋਟੀ ਪਾਰਟੀ ਦੇ ਆਗੂ ਕੁਮਾਰ ਸੁਆਮੀ ਨੂੰ ਮੁੱਖ ਮੰਤਰੀ ਤਾਂ ਬਣਾ ਦਿੱਤਾ ਪਰ ਪਾਰਟੀ ਇਸ ਗੱਲ ਨੂੰ ਯਕੀਨੀ ਨਹੀਂ ਬਣਾ ਸਕੀ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰ ਜਾਵੇ। ਕਦੇ ਵਿਧਾਇਕਾਂ ਦੀ ਪਰੇਡ ਅਤੇ ਕਦੇ ਖਰੀਦੋ-ਫਰੋਖਤ ਦੇ ਦੋਸ਼ ਲੱਗ ਰਹੇ ਹਨ। ਕੁਮਾਰ ਸੁਆਮੀ ਖੁਦ ਕਈ ਵਾਰ ਜਨਤਕ ਮੰਚਾਂ ਤੋਂ ਰੋ-ਰੋ ਕੇ ਇਹ ਗੱਲ ਕਹਿ ਚੁੱਕੇ ਹਨ ਕਿ ਵਿਰੋਧੀ ਮੇਰੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚ ਰਹੇ ਹਨ। ਕਰਨਾਟਕ 'ਚ ਜੋ ਗੱਲ ਹੈ ਉਹ ਇਹ ਹੈ ਕਿ ਉਥੇ ਕਾਂਗਰਸ ਆਪਣੇ ਆਪ ਨੂੰ ਸੰਭਾਲ ਨਹੀਂ ਰਹੀ ਹੈ। ਕੁਝ ਇਸੇ ਤਰ੍ਹਾਂ ਮੱਧ ਪ੍ਰਦੇਸ਼ 'ਚ ਵੀ ਚੱਲ ਰਿਹਾ ਹੈ। ਇਥੋਂ ਦੇ ਮੁੱਖ ਮੰਤਰੀ ਕਮਲਨਾਥ ਵੀ ਆਏ ਦਿਨ ਭਾਜਪਾ 'ਤੇ ਦੋਸ਼ ਲਗਾ ਰਹੇ ਹਨ ਕਿ ਪਾਰਟੀ ਸਾਡੀ ਸਰਕਾਰ ਨੂੰ ਡੇਗਣ ਦੀ ਫਿਰਾਕ ਵਿਚ ਹੈ ਪਰ ਅਸਲ 'ਚ ਮੱਧ ਪ੍ਰਦੇਸ਼ 'ਚ ਵੀ ਸਰਕਾਰ ਨੂੰ ਜਿੰਨਾ ਖਤਰਾ ਆਪਣਿਆਂ ਤੋਂ ਹੈ ਸ਼ਾਇਦ ਬੇਗਾਨਿਆਂ ਤੋਂ ਨਹੀਂ। ਇਥੇ ਵੀ ਕਾਂਗਰਸ ਧੜਿਆਂ 'ਚ ਵੰਡੀ ਹੋਈ ਹੈ। ਉਪਰੋਂ ਕਦੇ ਮਾਇਆ ਦੀ ਧਮਕੀ ਤੇ ਕਦੇ ਅਖਿਲੇਸ਼ ਦੀ। ਜਿਥੋਂ ਤੱਕ ਗੱਲ ਰਾਜਸਥਾਨ ਦੀ ਹੈ ਉਥੇ ਕਰਨਾਟਕਾ ਅਤੇ ਮੱਧ ਪ੍ਰਦੇਸ਼ ਵਰਗੀ ਖਿਚੋਤਾਣ ਤਾਂ ਨਹੀਂ ਹੈ ਪਰ ਉਥੇ ਵੀ ਕਾਂਗਰਸ ਸਿਰਫ ਓਨਾ ਹੀ ਸਮਰਥਨ ਜੁਟਾ ਸਕੀ ਹੈ ਜਿੰਨਾ ਲੋੜ ਸੀ। ਅਜਿਹੇ ਵਿਚ ਗਹਿਲੋਤ ਲਈ 5 ਸਾਲ ਸਰਕਾਰ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀ ਹੈ। ਉਪਰੋਂ ਇਥੇ ਵੀ ਕਾਂਗਰਸ ਗਹਿਲੋਤ ਅਤੇ ਪਾਇਲਟ ਖੇਮਿਆਂ ਵਿਚ ਵੰਡੀ ਹੈ। ਉਥੇ ਸੱਤਾਧਾਰੀ ਅਤੇ ਬਸਪਾ ਵਰਗੀਆਂ ਸਹਿਯੋਗੀ ਪਾਰਟੀਆਂ ਇਥੇ ਵੀ ਗਾਹੇ-ਵਿਗਾਹੇ ਸਰਕਾਰ ਨੂੰ ਧਮਕਾਉਣ 'ਤੇ ਰਹਿੰਦੀਆਂ ਹਨ। ਉਂਝ ਤਾਂ ਰਾਜਨੀਤੀ ਵਿਚ ਜਦੋਂ ਤੱਕ ਕੋਈ ਪਾਰਟੀ ਜਿੱਤ ਰਹੀ ਹੁੰਦੀ ਹੈ ਉਦੋਂ ਤੱਕ ਉਸ ਦੀਆਂ ਕਮੀਆਂ ਵੀ ਖੂਬੀਆਂ ਬਣ ਜਾਂਦੀਆਂ ਹਨ ਪਰ ਜਿਵੇਂ ਹੀ ਤੁਸੀਂ ਹਾਰ ਤੋਂ ਰੂ-ਬਰੂ ਹੁੰਦੇ ਹੋ ਉਸੇ ਵੇਲੇ ਹੀ ਪਾਰਟੀ ਵਿਚ ਅਸੰਤੋਸ਼ ਚੋਟੀ 'ਤੇ ਪਹੁੰਚ ਜਾਂਦਾ ਹੈ। ਸਹਿਯੋਗੀ ਵੀ ਬੇਗਾਨੇ ਹੋ ਜਾਂਦੇ ਹਨ ਅਜਿਹੇ ਵਿਚ ਕਾਂਗਰਸ ਹਾਈਕਮਾਨ ਦੇ ਸਾਹਮਣੇ ਇਹ ਸਵਾਲ ਅਜੇ ਵੀ ਖੜ੍ਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਦੀ ਵਾਪਸੀ ਹੁੰਦੀ ਹੈ ਤਾਂ ਉਹ ਕਿਸ ਤਰ੍ਹਾਂ ਸਹਿਯੋਗੀਆਂ ਦੇ ਸਮਰਥਨ 'ਤੇ ਟਿਕੀਆਂ ਸਰਕਾਰਾਂ ਨੂੰ ਬਚਾਏਗੀ।

ਪੰਜਾਬ 'ਚ ਵੀ ਸਿੱਧੂ ਦੇ ਸੁਰ ਕੈਪਟਨ ਨਾਲੋਂ ਵੱਖ
ਭਾਵੇਂ ਕਿ ਪੰਜਾਬ 'ਚ ਪਾਰਟੀ ਪ੍ਰਚੰਡ ਬਹੁਮਤ ਨਾਲ ਸੱਤਾ 'ਚ ਹੈ ਲਿਹਾਜ਼ਾ ਇਥੇ ਕਾਂਗਰਸ ਦੇ ਸਾਹਮਣੇ ਸਰਕਾਰ ਬਚਾਉਣ ਦੀ ਚੁਣੌਤੀ ਨਹੀਂ ਹੈ ਪਰ ਇਥੇ ਵੀ ਕੁਝ ਘਟਨਾਕ੍ਰਮ ਆਏ ਦਿਨੀਂ ਵਾਪਰ ਰਹੇ ਹਨ। ਉਸ ਨਾਲ ਸਾਫ ਜਾਹਿਰ ਹੈ ਕਿ ਸੂਬੇ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਪਹਿਲੀ ਵਾਰ ਸਿੱਧੂ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਕੈਪਟਨ ਅਤੇ ਸਿੱਧੂ ਵਿਚਕਾਰ ਮਤਭੇਦ ਸਾਰਿਆਂ ਸਾਹਮਣੇ ਆਏ ਸਨ। ਇਸ ਤੋਂ ਬਾਅਦ ਮਾਲਵਾ ਖੇਤਰ ਵਿਚ ਵੀ ਹੋਈ ਕਾਂਗਰਸ ਦੀ ਇਕ ਰੈਲੀ ਦੌਰਾਨ ਸਿੱਧੂ ਨੂੰ ਬੋਲਣ ਨਾ ਦੇਣ ਕਾਰਨ ਸਿੱਧੂ ਕੋਪ ਭਵਨ ਚਲੇ ਗਏ। ਸਿੱਧੂ ਚਾਹੁੰਦੇ ਸਨ ਕਿ ਉਨ੍ਹਾਂ ਦੀ ਪਤਨੀ ਨੂੰ ਪਾਰਟੀ ਚੰਡੀਗੜ੍ਹ ਤੋਂ ਉਮੀਦਵਾਰ ਬਣਾਵੇ ਪਰ ਇਥੇ ਵੀ ਕੈਪਟਨ ਨੇ ਬੰਸਲ ਨੂੰ ਟਿਕਟ ਦੁਆ ਕੇ ਸਿੱਧੂ ਦੀ ਇਕ ਨਹੀਂ ਚੱਲਣ ਦਿੱਤੀ। ਇਸ ਤੋਂ ਬਾਅਦ ਕੋਪ ਭਵਨ ਗਏ ਸਿੱਧੂ ਰਾਹੁਲ ਨਾਲ ਮੀਟਿੰਗ ਤੋਂ ਬਾਅਦ ਹੀ ਸ਼ਾਂਤ ਹੋਏ। ਅਜਿਹੇ ਵਿਚ ਜੇਕਰ ਲੋਕ ਸਭਾ ਚੋਣਾਂ ਵਿਚ ਹਾਰ ਝੱਲਣੀ ਪੈਂਦੀ ਹੈ ਤਾਂ ਇਸ ਦਾ ਅਸਰ ਪੰਜਾਬ 'ਤੇ ਵੀ ਹੋਵੇਗਾ। ਕਾਂਗਰਸ ਦੀ ਹਾਰ ਨਾਲ ਕੈਪਟਨ ਅਤੇ ਸਿੱਧੂ ਦੇ ਮਤਭੇਦ ਵੀ ਵੱਧ ਜਾਣਗੇ ਸਗੋਂ ਬਾਕੀ ਵਿਰੋਧੀਆਂ ਦੇ ਸੁਰ ਬਦਲ ਜਾਣਗੇ।
 


Anuradha

Content Editor

Related News