ਪ੍ਰਧਾਨ ਮੰਤਰੀ ਦੀ ਫੇਰੀ ਦੇ ਵਿਰੋਧ ਦਾ ਐਲਾਨ ਕਰਨ ਵਾਲੇ ਸਰਵਣ ਸਿੰਘ ਪੰਧੇਰ ਨੂੰ ਨਿਮਿਸ਼ਾ ਮਹਿਤਾ ਦੀਆਂ ਖ਼ਰੀਆਂ-ਖ਼ਰੀਆਂ

Friday, Nov 04, 2022 - 03:20 PM (IST)

ਚੰਡੀਗੜ੍ਹ/ਗੜ੍ਹਸ਼ੰਕਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਐਲਾਨੇ ਗਏ ਵਿਰੋਧ ਦੇ ਪ੍ਰੋਗਰਾਮ ਦੇ ਖ਼ਿਲਾਫ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ’ਤੇ ਜਵਾਬੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਹੀ ਕਿਸਾਨਾਂ ਨੂੰ ਬਿਨਾਂ ਕਿਹੇ ਹਰ ਸਾਲ ਫਸਲਾਂ ਦੇ ਐੱਮ. ਐੱਸ. ਪੀ. ਵਿਚ ਵਾਧਾ ਦਿੱਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਹਿੱਤਾਂ ਵਿਚ ਵੱਡੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡੇਰਾ ਬਿਆਸ ਵਿਖੇ ਸਿਆਸੀ ਪ੍ਰੋਗਰਾਮ ’ਤੇ ਨਹੀਂ ਆ ਰਹੇ ਬਲਕਿ ਉਹ ਇਕ ਧਾਰਮਿਕ ਸ਼ਖਸੀਅਤ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਲਈ ਪੰਧੇਰ ਵਲੋਂ ਉਨ੍ਹਾਂ ਦੇ ਵਿਰੋਧ ਦਾ ਸੱਦਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ 2017 ਤੋਂ ਲੈ ਕੇ 2021 ਤੱਕ ਹਜ਼ਾਰਾਂ ਕਰੋੜ ਰੁਪਏ ਮਸ਼ੀਨਾਂ ਦੀ ਖਰੀਦ ਲਈ ਭੇਜੇ ਸਨ ਪਰ ਇਸ ਰਕਮ ਵਿਚ ਵੱਡਾ ਘੁਟਾਲਾ ਹੋ ਗਿਆ। ਕੈਗ ਨੇ ਵੀ ਆਪਣੀ ਰਿਪੋਰਟ ਵਿਚ ਇਸ ’ਤੇ ਸਵਾਲ ਚੁੱਕੇ ਹਨ। ਸਰਵਣ ਸਿੰਘ ਪੰਧੇਰ ਵਰਗੇ ਆਗੂਆਂ ਨੂੰ ਉਨ੍ਹਾਂ ਆਗੂਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ ਨਾ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਧਰਨੇ ਮਾਰਨੇ ਚਾਹੀਦੇ ਹਨ। 

ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਵਿਰੋਧ ਦੇ ਐਲਾਨ ਖ਼ਿਲਾਫ਼ ਭਾਜਪਾ ਨੇ ਵੀ ਖੋਲ੍ਹਿਆ ਮੋਰਚਾ

ਨਿਮਿਸ਼ਾ ਨੇ ਕਿਹਾ ਕਿ 2014 ਵਿਚ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਆਉਣ ਤੋਂ ਬਾਅਦ ਹੀ ਕਿਸਾਨੀ ਮੁੱਦਿਆਂ ’ਤੇ ਗੰਭੀਰਤਾ ਨਾਲ ਕੰਮ ਹੋਣਾ ਸ਼ੁਰੂ ਹੋਇਆ ਹੈ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਵਾਲੇ ਆਗੂ 2014 ਤੋਂ ਪਹਿਲਾਂ ਅਤੇ 2014 ਤੋਂ ਬਾਅਦ ਦੇ ਖੇਤੀਬਾੜੀ ਦੇ ਬਜਟ ਚੁੱਕ ਕੇ ਅੰਕੜੇ ਦੇਖ ਲੈਣ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਲਈ ਕਿੰਨੇ ਵੱਡੇ ਪੱਧਰ ’ਤੇ ਫੰਡ ਜਾਰੀ ਕਰ ਰਹੀ ਹੈ। ਅਜਿਹੇ ਵਿਚ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਸਿਆਸੀ ਡਰਾਮੇਬਾਜ਼ੀ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। 

ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣ ਲਈ ਅਕਾਲੀ ਦਲ ਨੇ ਐਡਵੋਕੇਟ ਹਰਜਿੰਦਰ ਧਾਮੀ ਨੂੰ ਐਲਾਨਿਆ ਉਮੀਦਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News