ਲੋਕ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਤੋਂ ਖੁਸ਼, ਕੇਂਦਰ ’ਚ ਮੁੜ ਭਾਜਪਾ ਦੀ ਸਰਕਾਰ ਲਿਆਉਣਗੇ : ਅਸ਼ਵਨੀ ਸ਼ਰਮਾ
Wednesday, Jun 21, 2023 - 06:19 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਨਰਿੰਦਰ ਮੋਦੀ ਦੀ ਸਰਕਾਰ ਦੇ 9 ਸਾਲ ਸਫਲਤਾਪੂਰਵਕ ਪੂਰੇ ਹੋਣ ’ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ. ਨੱਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਦੇ ਸਪੈਸ਼ਲ ਇਨਵਾਇਟੀ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਫਿਰੋਜ਼ਪੁਰ ਸ਼ਹਿਰ ਦੇ ਬਾਰਡਰ ਰੋਡ ’ਤੇ ਫਿਰੋਜ਼ਪੁਰ ਸੰਸਦੀ ਖੇਤਰ ਦੀ ਵਿਸ਼ਾਲ ਜਨਤਕ ਰੈਲੀ ਕੀਤੀ ਗਈ, ਜਿਸ ’ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਆਗੂ ਜੀਵਨ ਗੁਪਤਾ ਅਤੇ ਡਾ. ਰਾਜ ਕੁਮਾਰ ਵੇਰਕਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਵਤਾਰ ਸਿੰਘ ਮਿੰਨਾ, ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਗੁਰਪ੍ਰਵੇਜ ਸ਼ੈਲ ਸੰਧੂ, ਸਤਿਕਾਰ ਕੌਰ ਗਹਿਰੀ, ਹੀਰਾ ਸੋਢੀ ਆਦਿ ਹਾਜ਼ਰ ਸਨ।
ਇਸ ਮੌਕੇ ਅਸ਼ਵਨੀ ਸ਼ਰਮਾ, ਰਾਣਾ ਗੁਰਮੀਤ ਸਿੰਘ ਸੋਢੀ, ਸ਼ਵੇਤ ਮਲਿਕ, ਜੀਵਨ ਗੁਪਤਾ ਅਤੇ ਰਾਜ ਕੁਮਾਰ ਵੇਰਕਾ ਆਦਿ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਪਿਛਲੇ 9 ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਿੰਦੁਸਤਾਨ ਵਿਸ਼ਵ ਸ਼ਕਤੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਬੇਹੱਦ ਖੁਸ਼ ਹਨ ਅਤੇ ਸਾਲ 2024 ਦੀਆਂ ਚੋਣਾਂ ’ਚ ਮੋਦੀ ਦੀ ਅਗਵਾਈ ’ਚ ਕੇਂਦਰ ’ਚ ਭਾਜਪਾ ਦੀ ਸਰਕਾਰ ਨੂੰ ਵਾਪਸ ਲਿਆਉਣ ਲਈ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਘਰ ’ਚ ਸਾਫ ਪਾਣੀ ਉਪਲੱਬਧ ਕਰਵਾਉਣਾ, ਹਰ ਘਰ ’ਚ ਪਖਾਨੇ ਬਣਾਉਣਾ, ਦੇਸ਼ ਦੇ ਲੋਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਲਗਾਉਣਾ, ਸਰਜੀਕਲ ਸਟਰਾਈਕ, ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣਾ, ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨਾ, ਤਿੰਨ ਤਲਾਕ ਦਾ ਮਸਲਾ ਖਤਮ ਕਰਨਾ, ਸਾਰਿਆਂ ਨੂੰ 5 ਲੱਖ ਤੱਕ ਦੀ ਮੁਫਤ ਬੀਮਾ ਸਹੂਲਤ ਦੇਣਾ ਆਦਿ ਅਣਗਿਣਤ ਵਿਸ਼ੇਸ਼ ਪ੍ਰਾਪਤੀਆਂ ਹਨ ਅਤੇ ਦੇਸ਼ ਦੇ ਲੋਕਾਂ ਨੇ ਇਹ ਨਾਅਰਾ ਦਿੱਤਾ ਹੈ ਕਿ ‘9 ਸਾਲ ਮੋਦੀ ਦੇ ਨਾਲ, ਬੇਮਿਸਾਲ-ਬੇਮਿਸਾਲ’।
ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ’ਚ ਆਈਆਂ ਕਾਂਗਰਸ ਸਰਕਾਰਾਂ ਵੱਡੇ-ਵੱਡੇ ਘੁਟਾਲੇ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਭਾਜਪਾ ਦੇਸ਼ ਨੂੰ ਵਿਕਾਸ ਦੇ ਰਾਹ ’ਤੇ ਲਿਜਾ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਦੱਸਦਿਆਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ’ਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਸੱਤਾ ’ਚ ਲਿਆ ਕੇਂ ਪਛਤਾ ਰਹੇ ਹਨ ਅਤੇ ਅਗਲੀ ਵਾਰ ਭਾਜਪਾ ਨੂੰ ਸੱਤਾ ’ਚ ਲਿਆਉਣ ਲਈ ਤਿਆਰ ਹਨ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਜਪਾ ਹਾਈਕਮਾਂਡ ਅਤੇ ਕੇਂਦਰ ਸਰਕਾਰ ਵਲੋਂ ਐਲਾਨ ਕੀਤਾ ਕਿ ਫਿਰੋਜ਼ਪੁਰ ’ਚ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਦਾ ਕੰਮ ਅਗਲੇ 30 ਦਿਨਾਂ ’ਚ ਸ਼ੁਰੂ ਹੋ ਜਾਵੇਗਾ।