ਜੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਹੋ ਤਾਂ 5 ਮਿੰਟ ''ਚ ਕਰੋ ਗੁਰੂ ਨਗਰੀ ਦੇ ਦਰਸ਼ਨ

10/16/2019 6:51:38 PM

ਜਲੰਧਰ : ਜਿਹੜੇ ਸ਼ਰਧਾਲੂ ਪਾਕਿਸਤਾਨ ਜਾ ਕੇ ਗੁਰਦੁਆਰਾ ਸ੍ਰੀ ਨਨਕਾਨਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ, ਉਹ ਲਾਇਲਪੁਰ ਖਾਲਸਾ ਕਾਲਜ ਵਿਚ ਆ ਕੇ ਸਿਰਫ 5 ਮਿੰਟ ਵਿਚ ਡਿਜੀਟਲ ਤਰੀਕੇ ਨਾਲ ਪੂਰੇ ਗੁਰੂਧਾਮ ਦੇ ਦਰਸ਼ਨ ਕਰ ਸਕਦੇ ਹਨ। ਕਾਲਜ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਦਾ ਵਿਸ਼ਾਲ ਡਿਜੀਟਲ ਮਿਊਜ਼ੀਅਮ ਬਣਾਇਆ ਗਿਆ ਹੈ। ਮੰਗਲਵਾਰ ਨੂੰ ਸਰਕਾਰ ਦੇ ਹਾਈ ਐਂਡ ਡਿਜੀਟਲ ਮਿਊਜ਼ੀਅਮ 'ਚ ਹਜ਼ਾਰਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਮਿਊਜ਼ੀਅਮ ਦਰਸ਼ਕਾਂ ਲਈ ਸਵੇਰੇ 6.30 ਵਜੇ ਖੋਲ੍ਹਿਆ ਗਿਆ। ਇਸ ਆਧੂਨਿਕ ਤਕਨੀਕ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਦਰਸ਼ਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਿਊਜ਼ੀਅਮ 'ਚ ਅੱਠ ਗੈਲਰੀਆਂ ਹਨ, ਜਿਹੜੀਆਂ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਹਨ। ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮਿਊਜ਼ੀਅਮ ਦਾ ਉਦਘਾਟਨ ਸੰਸਦ ਚੌਧਰੀ ਸੰਤੋਖ ਸਿੰਘ ਨੇ ਕੀਤਾ। ਇਸ ਮੌਕੇ 'ਤੇ ਡੀ. ਸੀ. ਵੀ. ਕੇ. ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ ਸਿਟੀ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਯਾਤਰਾ ਨੂੰ ਦਿਖਾਉਣ ਲਈ ਮਲਟੀ ਮੀਡੀਆ ਟੈਕਨਾਲੋਜੀ 'ਤੇ ਆਧਾਰਿਤ ਮਿਊਜ਼ੀਅਮ ਬਣਾਇਆ ਗਿਆ ਹੈ। 
ਪਹਿਲੇ ਦਿਨ ਸੰਸਦ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਏ. ਡੀ. ਸੀ. ਜਸਬੀਰ ਸਿੰਘ ਸਮੇਤ ਕਈ ਅਫਸਰ ਵੀ ਪਹੁੰਚੇ ਸਨ। 

ਸ਼ਹਿਰ 'ਚ ਪਹਿਲੀ ਵਾਰ ਕਿਸੇ ਮਿਊਜ਼ੀਅਮ 'ਚ ਇੰਨੀ ਵੱਡੀ ਸਕ੍ਰੀਨ, ਰੇਡੀਓ ਫ੍ਰੀਕਵੈਂਸੀ ਆਈਡੈਂਟੀਫਾਈਡ ਡਿਵਾਈਸ, ਹੈੱਡਫੋਨ, ਇਮਸਰਵ ਸਬਲੀਮੋਸ਼ਨ ਅਤੇ ਇਕ ਵਰਚੂਅਲ ਰੀਅਲਟੀ ਵਰਗੀ ਹਾਈਟੈੱਕ ਤਕਨੀਕ ਨਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਨੂੰ ਇਕੋ ਸਮੇਂ ਦਿਖਾਇਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 20 ਸਾਲ ਯਾਤਰਾ 'ਚ ਬਿਤਾਏ ਸਨ। ਡਿਜੀਟਲ ਮਿਊਜ਼ੀਅਮ ਇਨ੍ਹਾਂ ਆਦਰਸ਼ ਮਾਰਗਾਂ ਨੂੰ ਸਾਂਝਾ ਕਰਦਾ ਹੈ। 

ਅੱਜ ਤੇ ਕੱਲ੍ਹ ਲਾਈਟ ਐਂਡ ਸਾਊਂਡ ਦਾ ਪ੍ਰਸਾਰਣ
ਸ਼ਹਿਰ 'ਚ ਵੱਡੀ ਗਿਣਤੀ 'ਚ ਲੋਕ ਮਿਊਜ਼ੀਅਮ ਪਹੁੰਚ ਰਹੇ ਹਨ। ਸੂਬਾ ਸਰਕਾਰ ਵਲੋਂ ਵੀਰਵਾਰ ਤਕ ਇਸ ਅਨੋਖੇ ਯਤਨ ਦਾ ਹਿੱਸਾ ਬਣਨ ਲਈ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਬੁੱਧਵਾਰ ਅਤੇ ਵੀਰਵਾਰ ਸ਼ਾਮ 7 ਤੋਂ 7.45 ਵਜੇ ਤਕ ਅਤੇ ਰਾਤ 8.30 ਵਜੇ ਤੋਂ ਰਾਤ 9.15 ਵਜੇ ਤਕ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਸਾਰਣ ਹੋਵੇਗਾ।


Gurminder Singh

Content Editor

Related News