ਨਾਮਧਾਰੀ ਸਮਾਜ ਦੀ ਦੇਸ਼ ਨੂੰ ਵੱਡੀ ਦੇਣ : ਸੁਖਬੀਰ ਬਾਦਲ
Friday, Mar 09, 2018 - 07:15 AM (IST)
ਮਾਛੀਵਾੜਾ ਸਾਹਿਬ (ਟੱਕਰ) - ਨਾਮਧਾਰੀ ਸੰਗਤਾਂ ਦੇ ਪ੍ਰਮੁੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਸਾਥੀਆਂ ਸਾਬਕਾ ਮੰਤਰੀ ਸਿਕੰਦਰ ਮਲੂਕਾ, ਵਿਧਾਇਕ ਸ਼ਰਨਜੀਤ ਢਿੱਲੋਂ, ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ, ਸਾਬਕਾ ਵਿਧਾਇਕ ਮਨਪ੍ਰੀਤ ਇਆਲੀ ਤੇ ਬੱਬੀ ਬਾਦਲ ਸਮੇਤ ਪੁੱਜੇ। ਇਸ ਮੌਕੇ ਸ. ਬਾਦਲ ਨੇ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਨਾਲ ਪੂਜਨੀਕ ਬੇਬੇ ਦਲੀਪ ਕੌਰ ਜੀ ਦਾ ਅਫਸੋਸ ਪ੍ਰਗਟ ਕੀਤਾ ਤੇ ਸਤਿਗੁਰੂ ਜੀ ਵਲੋਂ ਦੇਸ਼-ਵਿਦੇਸ਼ ਵਿਚ ਜਾ ਕੇ ਨੌਜਵਾਨਾਂ ਨੂੰ ਗੁਰਮੁਖੀ, ਗੁਰਸਿੱਖੀ ਤੇ ਗੁਰਬਾਣੀ ਨਾਲ ਜੋੜਨ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਨਾਮਧਾਰੀ ਸਮਾਜ ਦਾ ਅਹਿਮ ਯੋਗਦਾਨ ਰਿਹਾ। ਸਤਿਗੁਰੂ ਰਾਮ ਸਿੰਘ ਨੇ ਜਿਥੇ ਸਾਨੂੰ ਆਜ਼ਾਦੀ ਦਿਵਾਈ, ਉਥੇ ਉਸ ਵੇਲੇ ਦੀਆਂ ਸਮਾਜਿਕ ਕੁਰੀਤੀਆਂ ਜੰਮਦੀਆਂ ਲੜਕੀਆਂ ਨੂੰ ਮਾਰਨਾ, ਦਾਜ ਪ੍ਰਥਾ, ਬਾਲ ਵਿਆਹ ਤੇ ਸਤੀ ਪ੍ਰਥਾ ਬੰਦ ਕਰਵਾਈਆਂ। ਅੱਜ ਪੂਰੀ ਦੁਨੀਆ 'ਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਪਰ ਔਰਤਾਂ ਨੂੰ ਬਰਾਬਰਤਾ ਸਤਿਗੁਰੂ ਰਾਮ ਸਿੰਘ ਜੀ ਨੇ ਦਿਵਾਈ। ਇਸ ਮੌਕੇ ਦਰਬਾਰ ਦੇ ਸੀ. ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਸੂਬਾ ਬਲਵਿੰਦਰ ਝੱਲ, ਰਣਜੀਤ ਸੰਧੂ, ਵਰਿਆਮ ਭਿੰਡਰ, ਸੂਬਾ ਰੇਸ਼ਮ ਸਿੰਘ ਕੈਨੇਡਾ, ਕਟਾਣੀ ਇੰਚਾਰਜ ਪਰਮਜੀਤ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸੈਣੀ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਵੀ ਮੌਜੂਦ ਸਨ।
