ਨਕਲੀ ਦੁੱਧ ਦੀ ਝੂਠੀ ਵੀਡੀਓ ਵਾਇਰਲ ਕਰਨ ਦੇ ਲਾਏ ਦੋਸ਼, ਪੁਲਿਸ ਨੂੰ ਕੀਤੀ ਸ਼ਿਕਾਇਤ

Sunday, Jul 29, 2018 - 07:44 PM (IST)

ਨਕਲੀ ਦੁੱਧ ਦੀ ਝੂਠੀ ਵੀਡੀਓ ਵਾਇਰਲ ਕਰਨ ਦੇ ਲਾਏ ਦੋਸ਼, ਪੁਲਿਸ ਨੂੰ ਕੀਤੀ ਸ਼ਿਕਾਇਤ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)- ਪਿੱਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਜੋਂ ਦੁੱਧ ਵਾਲੀ ਡੇਅਰੀ 'ਚ ਨਕਲੀ ਦੁੱਧ ਦੀ ਵਿਕਰੀ ਕਰਨ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਉਕਤ ਮਾਮਲੇ 'ਚ ਡੇਅਰੀ ਮਾਲਕ ਨੇ ਸਾਹਮਣੇ ਆਂਉਦਿਆਂ ਵਾਇਰਲ ਹੋ ਰਹੀ ਵੀਡੀਓ ਨੂੰ ਝੂਠੀ ਕਰਾਰ ਦਿੱਤਾ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਾ ਕੇ ਕਥਿਤ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਮਾਮਲਾ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਗੰਡੀਵਿੰਡ ਦੇ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕੀਤੀ ਗਈ ਹੈ ਕਿ ਉਨਾਂ ਦੇ ਪਿੰਡ ਸਥਿਤ ਦੁੱਧ ਵੇਚਣ ਵਾਲੀ ਇਕ ਡੇਅਰੀ ਦੇ ਮਾਲਕ ਵੱਲੋਂ ਘਟੀਆ ਦੁੱਧ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਵੀਡੀਓ 'ਚ ਉਕਤ ਲੋਕਾਂ ਵੱਲੋਂ ਖਰਾਬ ਹੋਏ ਦੁੱਧ ਤੋਂ ਕਥਿਤ ਤੌਰ 'ਤੇ ਬਣੀ ਰਬੜ (ਲੇਸਦਾਰ ਪਦਾਰਥ) ਵੀ ਵਿਖਾਇਆ ਜਾ ਰਿਹਾ ਹੈ 'ਤੇ ਸਿਹਤ ਵਿਭਾਗ ਤੋਂ ਉਕਤ ਡੇਅਰੀ ਮਾਲਕ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਲੋਕਾਂ ਨੂੰ ਉਕਤ ਡੇਅਰੀ ਤੋਂ ਦੁੱਧ ਨਾ ਖਰੀਦਣ ਦੀਆਂ ਹਦਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ। ਡੇਅਰੀ ਦੇ ਮਾਲਕ ਅਵਤਾਰ ਸਿੰਘ ਪੁੱਤਰ ਚੈਨ ਸਿੰਘ ਵਾਸੀ ਪਿੰਡ ਗੰਡੀਵਿੰਡ ਸਮੇਤ ਵੱਡੀ ਗਿਣਤੀ 'ਚ ਇਕੱਤਰ ਹੋਏ ਪਿੰਡ ਵਾਸੀਆਂ, ਦੁੱਧ ਵੇਚਣ ਅਤੇ ਖਰੀਦਣ ਵਾਲਿਆਂ ਸਮੇਤ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਖਤ ਨੋਟਿਸ ਲਿਆ 'ਤੇ ਜਿੱਥੇ ਉਕਤ ਵੀਡੀਓ ਨੂੰ ਗਲਤ ਅਤੇ ਝੂਠੀ ਕਰਾਰ ਦਿੰਦਿਆਂ ਡੇਅਰੀ ਮਾਲਕ ਨੂੰ ਬਦਨਾਮ ਕਰਕੇ ਉਸਦਾ ਕਾਰੋਬਾਰ ਬੰਦ ਕਰਾਉਣ ਲਈ ਕੁਝ ਸਿਆਸੀ ਲੋਕਾਂ ਵੱਲੋਂ ਘੜੀ ਗਈ ਘਟੀਆ ਸਾਜ਼ਿਸ ਦੱਸਿਆ ਉੱਥੇ ਹੀ ਡੇਅਰੀ ਮਾਲਕ ਅਵਤਾਰ ਸਿੰਘ ਸਮੇਤ ਪਿੰਡ ਵਾਸੀਆਂ ਜਿਸ 'ਚ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ, ਜਗਬੀਰ ਸਿੰਘ ਬੱਬੂ ਗੰਡੀਵਿੰਡ, ਕੁਲਦੀਪ ਸਿੰਘ ਕੀਪਾ, ਬੀਬੀ ਕਸ਼ਮੀਰ ਕੌਰ ਗੰਡੀਵਿੰਡ, ਤਰਸ਼ੇਮ ਸਿੰਘ ਨੰਬਰਦਾਰ, ਪ੍ਰਗਟ ਸਿੰਘ ਗੰਡੀਵਿੰਡ, ਗੁਰਬੀਰ ਸਿੰਘ, ਸਤਨਾਮ ਸਿੰਘ ਅਤੇ ਸੁੱਚਾ ਸਿੰਘ ਆਦਿ ਨੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਸ਼ਿਕਾਇਤ ਨੰਬਰ 175 ਦਰਜ ਕਰਾਂਉਦਿਆਂ ਵੀਡੀਓ ਵਾਇਰਲ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਡੇਅਰੀ ਮਾਲਕ ਅਵਤਾਰ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਚਿਰ ਡੇਅਰੀ ਬੰਦ ਰੱਖੇਗਾ ਜਦੋਂ ਤੱਕ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਇੱਧਰ ਉਕਤ ਡੇਅਰੀ ਮਾਲਕ ਦੀ ਹਮਾਇਤ 'ਤੇ ਆਏ ਹੋਰਨਾਂ ਡੇਅਰੀਆਂ ਵਾਲਿਆਂ ਵੱਲੋਂ ਵੀ ਡੇਅਰੀਆਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਕਰਕੇ ਦੁੱਧ ਖਰੀਦਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari
ਕੀ ਕਹਿਣੈ ਥਾਣਾ ਮੁਖੀ ਸਰਾਏ ਅਮਾਨਤ ਖਾਂ ਤਰਸੇਮ ਮਸੀਹ ਦਾ
ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਤਰਸੇਮ ਮਸੀਹ ਨੇ ਵੀਡੀਓ ਵਾਇਰਲ ਕਰਨ ਵਾਲਿਆਂ ਵਿਰੁੱਧ ਗੰਡੀਵਿੰਡ ਵਾਸੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਥਾਣੇ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਵੀਡੀਓ ਝੂਠੀ ਪਾਈ ਗਈ ਤਾਂ ਕਥਿਤ ਲੋਕਾਂ ਵਿਰੁੱਧ ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਫੈਲਾਉਣ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੰਚਾਉਣ ਅਤੇ ਆਈ.ਟੀ. ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।


Related News