ਬੰਦੀ ਬਣਾਏ ਨਾਇਬ ਤਹਿਸੀਲਦਾਰ ਨੂੰ ਰਿਹਾਅ ਕਰਾਉਣ ਲਈ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਬਲ ਪ੍ਰਯੋਗ

03/29/2022 1:49:07 PM

ਲੰਬੀ (ਸ਼ਾਮ ਜੁਨੇਜਾ) : ਗੁਲਾਬੀ ਸੁੰਡੀ ਦੇ ਮੁਆਵਜ਼ੇ ਲਈ ਧਰਨਾ ਅਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਪਿੱਛੋਂ ਨਾਇਬ ਤਹਿਸੀਲਦਾਰ ਲੰਬੀ ਅਤੇ ਸਟਾਫ਼ ਮੈਂਬਰਾਂ ਨੂੰ ਦਫਤਰ ਵਿਚ ਬੰਦੀ ਬਣਾ ਲਿਆ ਗਿਆ। ਇਸ ਦੌਰਾਨ ਹਾਲਾਤ ਉਸ ਵੇਲੇ ਤਨਾਅਪੂਰਨ ਹੋ ਗਏ ਜਦੋਂ ਸੋਮਵਾਰ ਅਤੇ ਮੰਗਲਵਾਰ ਦੀ ਅੱਧੀ ਰਾਤ ਨੂੰ ਪੁਲਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਖਦੇੜਨ ਲਈ ਬਲ ਦਾ ਪ੍ਰਯੋਗ ਕੀਤਾ। ਇਸ ਘਟਨਾ ਵਿਚ 7 ਕਿਸਾਨ ਜ਼ਖ਼ਮੀ ਹੋ ਗਏ ਜਦਕਿ ਇਕ ਪੰਜਾਬ ਪੁਲਸ ਦੇ ਥਾਣੇਦਾਰ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਲੰਬੀ ਅਤੇ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਧਰ ਇਸ ਘਟਨਾ ਤੋਂ ਬਾਅਦ ਪੁਲਸ ਨੇ ਜਿੱਥੇ 10 ਕਿਸਾਨ ਆਗੂਆਂ ਵਿਰੁੱਧ ਸਰਕਾਰੀ ਕੰਮ ਵਿਚ ਵਿਘਨ ਪਾਉਣ ਅਤੇ ਸਟਾਫ਼ ਨੂੰ ਬੰਦੀ ਬਨਾਉਣ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ, ਉਥੇ ਹੀ ਕਿਸਾਨਾਂ ਵੱਲੋਂ ਬੰਦੀ ਬਣਾਏ ਜਾਣ ਦੇ ਰੋਸ ਵਿਚ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ।

ਜ਼ਿਕਰਯੋਗ ਹੈ ਨਰਮੇ ਦੀ ਫਸਲ ਦੇ ਮੁਆਵਜ਼ੇ ਲਈ ਪ੍ਰਸ਼ਾਸਨ ਦੀ ਲਟਕਾਊ ਅਤੇ ਟਕਰਾਊ ਨੀਤੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੋਮਵਾਰ ਨੂੰ ਸਬ ਤਹਿਸੀਲ ਲੰਬੀ ਵਿਚ ਧਰਨਾ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਸ਼ਾਮ ਤੱਕ ਅਧਿਕਾਰੀਆਂ ਤੇ ਕਿਸਾਨਾਂ ਦੀ ਗੱਲਬਾਤ ਦਾ ਠੋਸ ਹੱਲ ਨਾ ਨਿਕਲਣ ’ਤੇ ਕਿਸਾਨਾਂ ਨੇ 3 ਵਜੇ ਤੋਂ ਬਾਅਦ ਨਾਇਬ ਤਹਿਸੀਲਦਾਰ ਦਫਤਰ ਨੂੰ ਘੇਰ ਲਿਆ ਅਤੇ ਅਧਿਕਾਰੀ ਸਮੇਤ ਸਟਾਫ਼ ਨੂੰ ਬੰਦੀ ਬਣਾ ਲਿਆ। ਐੱਸ.ਡੀ.ਐਮ. ਮਲੋਟ ਪ੍ਰਮੋਦ ਸਿੰਗਲਾ ਅਤੇ ਡੀ.ਐੱਸ.ਪੀ.ਮਲੋਟ ਜਸਪਾਲ ਸਿੰਘ ਢਿੱਲੋਂ ਮੌਕੇ ’ਤੇ ਪੁੱਜ ਗਏ। ਇਥੋਂ ਤੱਕ ਕਿ ਦੇਰ ਰਾਤ ਕਰਮਚਾਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਪੁੱਜ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕੋਈ ਸਿੱਟਾ ਨਾ ਨਿਕਲਿਆ। ਅਖ਼ੀਰ ਐੱਸ. ਡੀ. ਐੱਮ.ਵੱਲੋਂ ਪੁਲਸ ਨੂੰ ਦਿੱਤੇ ਲਿਖਤੀ ਅਦੇਸ਼ਾਂ ਤੋਂ ਬਾਅਦ ਐੱਸ. ਪੀ. ਹੈੱਡਕੁਆਟਰ ਜਗਦੀਸ਼ ਕੁਮਾਰ ਬਿਸ਼ਨੋਈ ਅਤੇ ਡੀ.ਐੱਸ.ਪੀ.ਮਲੋਟ ਜਸਪਾਲ ਸਿੰਘ ਢਿੱਲੋ ਦੀ ਅਗਵਾਈ ਹੇਠ ਪੁਲਸ ਨੇ ਬਲ ਪ੍ਰਯੋਗ ਕਰਕੇ ਕਿਸਾਨਾਂ ਨੂੰ ਖਦੇੜ ਦਿੱਤਾ ਅਤੇ ਨਾਇਬ ਤਹਿਸੀਲਦਾਰ ਸਮੇਤ ਸਟਾਫ਼ ਨੂੰ ਰਿਹਾਅ ਕਰਵਾਇਆ।

ਬੇਸ਼ੱਕ ਪੁਲਸ ਲਾਠੀਚਾਰਜ ਤੋਂ ਇਨਕਾਰੀ ਹੈ ਅਤੇ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲਸ ਨੇ ਲਾਠੀਚਾਰਜ ਵੇਲੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਆਈਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਅੰਨ੍ਹੇਵਾਹ ਡਾਂਗਾਂ ਵਰਾਈਆਂ। ਪੁਲਸ ਦੇ ਲਾਠੀਚਾਰਜ ਵਿਚ ਮਜ਼ਦੂਰ ਯੂਨੀਅਨ ਦੇ ਕਾਲਾ ਸਿੰਘ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਆਗੂ ਜਗਦੀਪ ਖੁੱਡੀਠਾਂ, ਸੁਰਿੰਦਰ ਸਿੰਘ ਮਾਨਾਂ, ਨਿਸ਼ਾਨ ਸਿੰਘ ਕੱਖਾਂਵਾਲੀ, ਐੱਮ ਪੀ ਸਿੰਘ ਭੁੱਲਰਵਾਲਾ, ਰਛਪਾਲ ਸਿੰਘ ਗੱਗੜ ਅਤੇ ਗੁਰਲਾਲ ਸਿੰਘ ਕੱਖਾਂਵਾਲੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਲੰਬੀ ਸਰਕਾਰੀ ਹਸਪਤਾਲ ’ਚ ਦਾਖਿਲ ਕਰਾਇਆ ਗਿਆ ਹੈ। ਇਸ ਮੌਕੇ ਜ਼ਖ਼ਮੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਲਾ ਸਿੰਘ ਖੂੰਨਨ ਖੁਰਦ  ਸਮੇਤ ਆਗੂਆਂ ਨੇ ਕਿਹਾ ਕਿ ਪੁਲਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ’ਤੇ ਸਰਕਾਰ ਬਣਨ ਦੇ ਚੰਦ ਦਿਨਾਂ ਵਿਚ ਹੀ ਜ਼ਬਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇੰਝ ਲੱਗਦਾ ਹੈ ਜਿਵੇਂ ਲੋਕਾਂ ਵੱਲੋਂ ਗੱਦੀ ’ਤੇ ਬਿਠਾਏ ਆਗੂ ਲੋਕ ਤਾਕਤ ਨੂੰ ਭੁੱਲ ਗਏ ਹਨ ਜਿਸ ਦਾ ਨਤੀਜਾ ਇਨ੍ਹਾਂ ਨੂੰ  ਭੁਗਤਨਾ ਪਵੇਗਾ। ਉਧਰ ਇਸ ਘਟਨਾ ਵਿਚ ਪੰਜਾਬ ਪੁਲਸ ਦਾ ਇਕ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੀ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।


Gurminder Singh

Content Editor

Related News