ਨਗਰ ਪੰਚਾਇਤ ਗਰੀਬ ਲੋਕਾਂ ਦੇ ਗਲੇ ਦੀ ਹੱਡੀ ਬਣੀ

Friday, Oct 06, 2017 - 02:51 AM (IST)

ਨਗਰ ਪੰਚਾਇਤ ਗਰੀਬ ਲੋਕਾਂ ਦੇ ਗਲੇ ਦੀ ਹੱਡੀ ਬਣੀ

ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਤਹਿਤ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਆਟਾ-ਦਾਲ ਸਕੀਮ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਯੋਗ ਅਤੇ ਅਯੋਗ ਲਾਭਪਾਤਰੀਆਂ ਦੀ ਜਾਰੀ ਕੀਤੀ ਲਿਸਟ 'ਚ ਯੋਗ ਲਾਭਪਾਤਰੀਆਂ ਨੂੰ ਵੀ ਅਯੋਗ ਕਰਾਰ ਦਿੱਤੇ ਜਾਣ ਕਾਰਨ ਗਰੀਬ ਲੋਕਾਂ 'ਚ ਨਗਰ ਪੰਚਾਇਤ ਦੇ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਟਾ-ਦਾਲ ਸਕੀਮ ਦੇ ਸਭ ਤੋਂ ਵੱਧ ਅਯੋਗ  ਲਾਭਪਾਤਰੀ ਪਿੰਡ ਕਲਿਆਣਪੁਰ ਤੇ ਭਟੋਲੀ ਦੇ ਐਲਾਨੇ ਗਏ ਹਨ। ਪੰਜ ਪਿੰਡਾਂ ਦੇ ਅਯੋਗ ਕਰਾਰ ਦਿੱਤੇ ਲਾਭਪਾਤਰੀਆਂ ਨੇ ਨਗਰ ਪੰਚਾਇਤ ਦੇ ਦਫ਼ਤਰ ਵਿਖੇ ਲੱਗੀਆਂ ਲਿਸਟਾਂ ਦਿਖਾਉਂਦੇ ਹੋਏ ਦੱਸਿਆ ਕਿ ਪਿੰਡ ਕਲਿਆਣਪੁਰ 'ਚ ਆਟਾ-ਦਾਲ ਸਕੀਮ ਲਈ 146 ਅਯੋਗ ਅਤੇ 147 ਯੋਗ, ਪਿੰਡ ਭਟੋਲੀ ਵਿਚ 63 ਅਯੋਗ ਅਤੇ 53 ਯੋਗ, ਪਿੰਡ ਭਗਵਾਲਾ ਦੇ 18 ਅਯੋਗ ਤੇ 47 ਯੋਗ, ਪਿੰਡ ਕੀਰਤਪੁਰ ਸਾਹਿਬ ਦੇ 7 ਅਯੋਗ ਤੇ 158 ਯੋਗ, ਪਿੰਡ ਜਿਊਵਾਲ ਦੇ 5 ਅਯੋਗ ਅਤੇ 222 ਲਾਭਪਾਤਰੀ ਯੋਗ ਪਾਏ ਗਏ ਹਨ। ਨਗਰ ਪੰਚਾਇਤ ਵੱਲੋਂ ਜਿਹੜੀਆਂ ਅਯੋਗ ਤੇ ਯੋਗ ਦੀਆਂ ਲਿਸਟਾਂ ਲਾਈਆਂ ਗਈਆਂ ਹਨ, ਉਸ ਵਿਚ ਗਰੀਬ ਲੋਕਾਂ ਨਾਲ ਧੱਕਾ ਕਰਦੇ ਹੋਏੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਜਦਕਿ ਕੁਝ ਵਿਅਕਤੀ ਜੋ ਆਟਾ-ਦਾਲ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਵੀ ਨਹੀਂ, ਉਨ੍ਹਾਂ ਨੂੰ ਯੋਗ ਕਰਾਰ ਦਿੱਤਾ ਗਿਆ ਹੈ।
ਨਗਰ ਪੰਚਾਇਤ ਹੋਣ ਕਾਰਨ ਗਰੀਬ ਲੋਕਾਂ ਨੂੰ ਪਈ ਮਾਰ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਕੇ ਸ੍ਰੀ ਕੀਰਤਪੁਰ ਸਾਹਿਬ ਨੂੰ ਨਗਰ ਪੰਚਾਇਤ ਦਾ ਰੁਤਬਾ ਦਿੱਤਾ ਗਿਆ ਸੀ, ਜਿਸ ਕਾਰਨ ਪੰਜ ਪਿੰਡ ਸ਼ਹਿਰੀ ਖੇਤਰ ਵਿਚ ਆ ਗਏ ਹਨ। ਸ਼ਹਿਰੀ ਖੇਤਰ 'ਚ 100 ਵਰਗ ਗਜ਼ ਤੋਂ ਵੱਧ ਰਿਹਾਇਸ਼ੀ ਮਕਾਨ/750 ਵਰਗ ਫੁੱਟ ਤੋਂ ਵੱਧ ਫਲੈਟ ਵਾਲੇ ਵਿਅਕਤੀ ਨੂੰ ਆਟਾ-ਦਾਲ ਸਕੀਮ ਦਾ ਲਾਭ ਨਹੀਂ ਮਿਲ ਸਕਦਾ, ਜਿਸ ਕਾਰਨ ਪਿੰਡ ਕਲਿਆਣਪੁਰ 'ਚ ਜਿਨ੍ਹਾਂ ਗਰੀਬ ਲੋਕਾਂ ਨੂੰ ਸਰਕਾਰ ਨੇ 5 ਤੇ 10 ਮਰਲੇ ਦੇ ਪਲਾਟ ਦਿੱਤੇ ਹੋਏ ਹਨ, ਵਿਚੋਂ ਕਈ ਲੋਕਾਂ ਦੇ ਨਾਂ ਵੀ ਆਟਾ- ਦਾਲ ਸਕੀਮ 'ਚੋਂ ਕੱਟੇ ਗਏ ਹਨ।


Related News