ਵਿਧਾਇਕ ਕੁਲਵੰਤ ਸਿੰਘ ਦੇ ਪਿੰਡ ਦੇ ਨੌਜਵਾਨ ਦੀਆਂ ਲੱਤਾਂ ਤੋੜਨ ਦੇ ਮਾਮਲੇ ''ਚ ਮੁਲਜ਼ਮਾਂ ਦਾ ਕਬੂਲਨਾਮਾ

Tuesday, Nov 11, 2025 - 04:17 PM (IST)

ਵਿਧਾਇਕ ਕੁਲਵੰਤ ਸਿੰਘ ਦੇ ਪਿੰਡ ਦੇ ਨੌਜਵਾਨ ਦੀਆਂ ਲੱਤਾਂ ਤੋੜਨ ਦੇ ਮਾਮਲੇ ''ਚ ਮੁਲਜ਼ਮਾਂ ਦਾ ਕਬੂਲਨਾਮਾ

ਪਟਿਆਲਾ/ਪਾਤੜਾਂ (ਮਾਨ) : ਵਿਧਾਇਕ ਕੁਲਵੰਤ ਸਿੰਘ ਦੇ ਪਿੰਡ ਦੇ ਨੌਜਵਾਨ ਗੁਰਚਰਨ ਦੇ ਅਗਵਾ ਅਤੇ ਉਸਦੀਆਂ ਲੱਤਾਂ ਤੋੜਨ ਦੇ ਮਾਮਲੇ ਵਿਚ ਕੈਥਲ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਐੱਸ.ਡੀ.ਯੂ. ਪੁਲਸ ਨੇ ਚਾਰ ਦਿਨਾਂ ਦੇ ਰਿਮਾਂਡ 'ਤੇ ਲਏ ਦੋ ਮੁਲਜ਼ਮਾਂ, ਲਵਜੀਤ ਅਤੇ ਗੁਰਪ੍ਰੀਤ ਤੋਂ ਸਖ਼ਤ ਪੁੱਛਗਿੱਛ ਦੌਰਾਨ ਵਾਰਦਾਤ ਬਾਰੇ ਮਹੱਤਵਪੂਰਨ ਖੁਲਾਸੇ ਕੀਤੇ ਹਨ। ਪੁਲਸ ਸੂਤਰਾਂ ਅਨੁਸਾਰ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਵਾਰਦਾਤ ਵਾਲੇ ਦਿਨ ਉਹ ਮੁੱਖ ਮੁਲਜ਼ਮ ਸੰਦੀਪ ਸੰਧੂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਨੇ ਉਨ੍ਹਾਂ ਨੂੰ ਕਿਸੇ ਹੋਰ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਬੁਲਾਇਆ ਸੀ।

ਦੋਵਾਂ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਜਦੋਂ ਸੰਦੀਪ ਸੰਧੂ ਨੇ ਗੁਰਚਰਨ ਦੀਆਂ ਲੱਤਾਂ ਤੋੜਨੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਵਿਚੋਂ ਇਕ ਨੇ ਗੁਰਚਰਨ ਦੀਆਂ ਲੱਤਾਂ ਅਤੇ ਦੂਜੇ ਨੇ ਉਸਦੇ ਹੱਥ ਫੜ੍ਹੇ ਹੋਏ ਸਨ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸੰਦੀਪ ਇੰਨੀ ਵੱਡੀ ਅਤੇ ਗੰਭੀਰ ਵਾਰਦਾਤ ਨੂੰ ਅੰਜਾਮ ਦੇਵੇਗਾ। ਪੁਲਸ ਨੇ ਦੋਵਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਕੇ ਸਬੂਤ ਵੀ ਇਕੱਠੇ ਕੀਤੇ ਹਨ।

ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਰਦਾਤ ਪੂਰੀ ਤਰ੍ਹਾਂ ਪੂਰਵ-ਯੋਜਨਾਬੱਧ ਸਾਜ਼ਿਸ਼ ਸੀ, ਜਿਸਦਾ ਮਾਸਟਰਮਾਈਂਡ ਖੁਦ ਮੁੱਖ ਮੁਲਜ਼ਮ ਸੰਦੀਪ ਸੰਧੂ ਹੈ। ਸੰਦੀਪ ਸੰਧੂ ਖਿਲਾਫ਼ ਪੰਜਾਬ ਵਿਚ ਪਹਿਲਾਂ ਹੀ ਦਰਜਨ ਤੋਂ ਵੱਧ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਮਾਮਲੇ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ. ਕੁਲਦੀਪ ਬੈਨੀਵਾਲ ਨੇ ਦੱਸਿਆ ਕਿ ਇਹ ਵਾਰਦਾਤ ਪੂਰੀ ਤਰ੍ਹਾਂ ਸਾਜ਼ਿਸ਼ ਦਾ ਹਿੱਸਾ ਹੈ। ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਨੇ ਵਾਰਦਾਤ ਸਮੇਂ ਆਪਣੀ ਮੌਜੂਦਗੀ ਅਤੇ ਸ਼ਮੂਲੀਅਤ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਪਹਿਲੀ ਤਰਜੀਹ ਮੁੱਖ ਮੁਲਜ਼ਮ ਸੰਦੀਪ ਸੰਧੂ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨਾ ਅਤੇ ਸੱਚ ਲੋਕਾਂ ਸਾਹਮਣੇ ਲਿਆਉਣਾ ਹੈ। ਫਿਲਹਾਲ ਦੋਵੇਂ ਗ੍ਰਿਫ਼ਤਾਰ ਮੁਲਜ਼ਮ ਜੇਲ੍ਹ ਭੇਜੇ ਜਾ ਚੁੱਕੇ ਹਨ ਅਤੇ ਪੁਲਸ ਦੀਆਂ ਕਈ ਟੀਮਾਂ ਮੁੱਖ ਮੁਲਜ਼ਮ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।


author

Gurminder Singh

Content Editor

Related News