ਜੈਕਾਰਿਆਂ ਅਤੇ ਸਿਮਰਨ ਦੇ ਜਾਪ ਨਾਲ ਨਗਰ ਕੀਰਤਨ ਦਿੱਲੀ ਵੱਲ ਰਵਾਨਾ

04/26/2018 7:55:22 AM

ਪਟਿਆਲਾ  (ਜੋਸਨ) - ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ-ਦਿਨ ਨੂੰ ਸਮਰਪਤ ਦੇਰ ਸ਼ਾਮ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪੁੱਜਾ ਨਗਰ ਕੀਰਤਨ ਰਾਤ ਠਹਿਰਾਓ ਕਰਨ ਮਗਰੋਂ ਅੱਜ ਸਵੇਰੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਰਕਾਬਗੰਜ ਦਿੱਲੀ ਵੱਲ ਰਵਾਨਾ ਹੋਇਆ। ਫੁੱਲਾਂ ਨਾਲ ਸਜੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸਨ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਨਿਹੰਗ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਲਾਭ ਸਿੰਘ ਦੇਵੀਨਗਰ, ਵਧੀਕ ਸਕੱਤਰ ਬਿਜੈ ਸਿੰਘ ਅਤੇ ਸ਼੍ਰੋਮਣੀ ਕਮੇਟੀ ਸਟਾਫ਼ ਹਾਜ਼ਰ ਸੀ।
ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪੁੱਜੀਆਂ ਹੋਈਆਂ ਸਨ। ਨਗਰ ਕੀਰਤਨ ਦੌਰਾਨ ਸਜੀ ਪਾਲਕੀ ਦੇ ਨਾਲ ਚਲਦਿਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਜੈਕਾਰੇ ਲਾਏ ਜਾ ਰਹੇ ਸਨ। ਵਾਹਿਗੁਰੂ ਦਾ ਸਿਮਰਨ ਕੀਤਾ ਜਾ ਰਿਹਾ ਸੀ। ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨਿਹੰਗ ਜਥੇਬੰਦੀਆਂ ਵੱਲੋਂ ਰਵਾਇਤੀ ਬਾਣੇ 'ਚ ਸਜੇ ਸਨ ਅਤੇ ਗਤਕੀ ਪਾਰਟੀਆਂ ਨਗਰ ਕੀਰਤਨ 'ਚ ਗਤਕੇ ਦੇ ਜੌਹਰ ਵਿਖਾ ਰਹੀਆਂ ਸਨ। ਨਗਰ ਕੀਰਤਨ 'ਚ ਦੀਆਂ ਵੱਖ-ਵੱਖ ਧਾਰਮਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਿਰਕਤ ਕੀਤੀ ਗਈ। ਨੀਲੇ ਬਾਣੇ ਅਤੇ ਕੇਸਰੀ ਰੰਗ ਦੇ ਪਹਿਰਾਵਿਆਂ ਨਾਲ ਨਗਰ ਕੀਰਤਨ ਸੰਗਤਾਂ 'ਚ ਵਿਲੱਖਣ ਪ੍ਰਭਾਵ ਛੱਡ ਰਿਹਾ ਸੀ।  ਨਗਰ ਕੀਰਤਨ ਦਾ ਐੱਸ. ਐੱਸ. ਟੀ. ਨਗਰ, ਟਰੱਕ ਯੂਨੀਅਨ, ਹੀਰਾ ਬਾਗ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰ ਕੀਰਤਨ ਰਾਜਪੁਰਾ ਮੁੱਖ ਮਾਰਗ ਤੋਂ ਹੁੰਦਾ ਹੋਇਆ, ਰਾਜਪੁਰਾ ਤੇ ਸ਼ੰਭੂ ਬੈਰੀਅਰ ਲੰਘਦਾ ਹੋਇਆ ਕੁਰੂਕਸ਼ੇਤਰ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਰਾਤ ਦਾ ਠਹਿਰਾਓ ਕਰੇਗਾ ਅਤੇ ਅਗਲੀ ਸਵੇਰ ਮੁੜ ਦਿੱਲੀ ਵੱਲ ਰਵਾਨਾ ਹੋਵੇਗਾ।


Related News