ਨਗਰ ਕੀਰਤਨ ''ਚ ਵੜੇ ਜੇਬ ਕਤਰੇ, ਕਈਆਂ ਦੀਆਂ ਜੇਬਾਂ ਕੱਟੀਆਂ
Monday, Aug 12, 2019 - 10:45 AM (IST)

ਮੋਰਿੰਡਾ (ਧੀਮਾਨ) : ਸ੍ਰੀ ਨਨਕਾਣਾ ਸਾਹਿਬ ਤੋਂ ਇੱਥੇ ਆਏ ਨਗਰ ਕੀਰਤਨ ਦੌਰਾਨ ਲੋਕਾਂ ਦੀ ਅਥਾਹ ਸ਼ਰਧਾ ਅਤੇ ਆਸਥਾ ਦਾ ਜੇਬ ਕਤਰਿਆਂ ਅਤੇ ਲੁਟੇਰਿਆਂ ਨੇ ਫਾਇਦਾ ਚੁੱਕਿਆ। ਇਸ ਵਿਸ਼ਾਲ ਨਗਰ ਕੀਰਤਨ 'ਚ ਭੀੜ ਦੌਰਾਨ ਕਈ ਲੋਕਾਂ ਦੀਆਂ ਜੇਬਾਂ ਕੱਟੀਆਂ ਗਈਆਂ। ਬੁਲਾਰਿਆਂ ਵਲੋਂ ਵਾਰ-ਵਾਰ ਜੇਬ ਕਤਰਿਆਂ ਤੋਂ ਬਚਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ। ਭੀੜ ਦੌਰਾਨ ਕਈ ਲੋਕਾਂ ਦੇ ਪਰਸ ਡਿਗ ਗਏ, ਜਦੋਂ ਕਿ ਕਈਆਂ ਦੀਆਂ ਜੇਬਾਂ ਕੱਟੀਆਂ ਗਈਆਂ।
ਇਸ ਸਬੰਧੀ ਮਾਸਟਰ ਲਾਭ ਸਿੰਘ ਨੇ ਦੱਸਿਆ ਕਿ ਉਸ ਦਾ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਏ. ਟੀ. ਐੱਮ., ਡੈਬਿਟ ਕਾਰਡ ਅਤੇ 20 ਹਜ਼ਾਰ ਰੁਪਏ ਉਸ ਦੇ ਕੋਲ ਸਨ। ਉਹ ਨਗਰ ਕੀਰਤਨ 'ਚ ਮੱਥਾ ਟੇਕਣ ਆਇਆ ਸੀ, ਜਿੱਥੇ ਉਸ ਦੀ ਜੇਬ ਕੱਟੀ ਗਈ। ਲਾਭ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਾਜਿੰਦਰ ਕੌਰ ਸਥਾਨਕ ਪੁਲਸ ਥਾਣੇ ਨੇੜੇ ਚੁੰਨੀ ਚੌਂਕ 'ਤੇ ਖੜ੍ਹੀ ਸੀ ਇਕ ਝਪਟਮਾਰ ਨੇ ਉਸ ਦੀ 3 ਤੋਲੇ ਦੀ ਸੋਨੇ ਦੀ ਚੇਨ ਖਿੱਚ ਲਈ ਅਤੇ ਫਰਾਰ ਹੋ ਗਿਆ। ਫਿਲਹਾਲ ਇਸ ਘਟਨਾ ਬਾਰੇ ਮੋਰਿੰਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।