ਨਾਭਾ ਜੇਲ 'ਚ ਇਸ ਸਾਲ ਵਾਪਰੀਆਂ 32 ਅਹਿਮ ਘਟਨਾਵਾਂ

12/21/2019 10:12:02 AM

ਨਾਭਾ (ਜ.ਬ.): ਸਥਾਨਕ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਪਹਿਲੀ ਵਾਰੀ ਉਦੋਂ ਸੁਰਖੀਆਂ ਵਿਚ ਆਈ ਸੀ ਜਦੋਂ ਅੱਤਵਾਦੀ ਦਯਾ ਸਿੰਘ ਲਾਹੌਰੀਆ ਕੋਲੋਂ 21 ਸਤੰਬਰ 2016 ਨੂੰ ਮੋਬਾਇਲ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਵਿਵਾਦਾਂ ਨਾਲ ਜੇਲ ਦਾ ਡੂੰਘਾ ਰਿਸ਼ਤਾ ਕਾਇਮ ਹੋ ਗਿਆ। 27 ਨਵੰਬਰ 2016 ਨੂੰ ਜੇਲ ਬਰੇਕ ਹੋਈ। 5 ਜਨਵਰੀ 2019 ਨੂੰ ਸਕਿਓਰਿਟੀ ਜੇਲ ਵਿਚ 2 ਮੋਬਾਇਲ, ਸਿਮ ਅਤੇ ਚਾਰਜਰ ਬਰਾਮਦ ਹੋਏ। 2 ਜਨਵਰੀ ਨੂੰ ਜ਼ਿਲਾ ਜੇਲ ਵਿਚੋਂ ਨਾਈਜੀਰੀਅਨ ਹਵਾਲਾਤੀਆਂ ਕੋਲੋਂ 9 ਮੋਬਾਇਲ ਬਰਾਮਦ ਹੋਏ। ਐੱਸ. ਪੀ. ਦੀ ਅਗਵਾਈ ਹੇਠ ਛਾਪਾਮਾਰੀ ਦੌਰਾਨ ਜੇਲ ਵਿਚੋਂ 12 ਮੋਬਾਇਲ, 3 ਹੈਂਡ ਸੈੱਟ, ਸਿਮ ਅਤੇ ਚਾਰਜਰ 23 ਜਨਵਰੀ ਨੂੰ ਬਰਾਮਦ ਕੀਤੇ ਗਏ। ਗੁਰਜੰਟ ਸਿੰਘ ਨੂੰ 4 ਫਰਵਰੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਜੋ ਮੋਬਾਇਲ ਸਪਲਾਈ ਕਰਦਾ ਸੀ। ਇਸ ਤੋਂ ਬਾਅਦ 13 ਮਾਰਚ ਨੂੰ ਨਵੀਂ ਜੇਲ ਦੇ 3 ਕੈਦੀਆਂ ਤੇ ਇਕ ਹਵਾਲਾਤੀ ਗੁਰਬਾਜ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਅਤੇ 10 ਮਈ ਨੂੰ ਸਕਿਓਰਿਟੀ ਜੇਲ ਦੇ ਕੈਦੀ ਪਵਨਦੀਪ ਤੋਂ ਮੋਬਾਇਲ ਬਰਾਮਦ ਕੀਤਾ ਗਿਆ। ਮਈ ਵਿਚ ਇਸ ਜੇਲ ਵਿਚੋਂ ਹਿੰਦੂ ਟਾਰਗੈੱਟ ਕਿਲਿੰਗ ਮਾਮਲਿਆਂ ਵਿਚ ਨਜ਼ਰਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਉਰਫ ਜੱਗੀ ਜੌਹਲ, ਧਰਮਿੰਦਰ ਗੁਗਨਾਨੀ, ਅਨਿਲ ਕਾਲਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਪ੍ਰਵੇਸ਼ ਫਰੂ, ਰਵੀ ਪਾਲ ਤੇ ਪਹਾੜ ਸਿੰਘ (ਸਾਰੇ ਖਤਰਨਾਕ ਗੈਂਗਟਰ) ਨੂੰ ਤਿਹਾੜ ਜੇਲ ਨਵੀਂ ਦਿੱਲੀ ਸ਼ਿਫਟ ਕਰ ਦਿੱਤਾ ਗਿਆ।

ਜੇਲ 'ਚ ਡੇਰਾ ਪ੍ਰੇਮੀ ਦੀ ਹੱਤਿਆ
ਨਾਭਾ ਜੇਲ 'ਚ 22 ਜੂਨ ਨੂੰ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ। ਇਸ ਦੇ ਦੋਸ਼ ਵਿਚ ਕੈਦੀ ਗੁਰਸੇਵਕ ਸਿੰਘ ਅਤੇ ਹਵਾਲਾਤੀ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿਚ ਨਾਭਾ ਪਹੁੰਚੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੰਨਿਆ ਕਿ ਇਸ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਭਾਵਤ ਹੋਈ ਹੈ। ਕੈਦੀ ਨੀਰਜ ਅਤੇ ਇਕ ਹੋਰ ਤੋਂ 30 ਜੂਨ ਨੂੰ 2 ਮੋਬਾਇਲ ਬਰਾਮਦ ਹੋਏ। ਹਵਾਲਾਤੀ ਗੁਰਮੇਲ ਸਿੰਘ ਦੀ 30 ਜੁਲਾਈ ਨੂੰ ਜੇਲ ਵਿਚ ਕੁੱਟ-ਮਾਰ ਕੀਤੀ ਗਈ। ਇਹ ਹਵਾਲਾਤੀ ਬੈਂਕ ਡਕੈਤੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ ਵਿਚੋਂ 4 ਅਗਸਤ, 6 ਸਤੰਬਰ ਅਤੇ 8 ਸਤੰਬਰ ਨੂੰ 4 ਮੋਬਾਇਲ ਬਰਾਮਦ ਹੋਏ। ਕੈਦੀਆਂ ਰਾਜੀਵ ਤੇ ਦਵਿੰਦਰ ਕੋਲੋਂ 12 ਸਤੰਬਰ ਨੂੰ 2 ਮੋਬਾਇਲ ਬਰਾਮਦ ਕੀਤੇ ਗਏ। ਫਿਰ 14 ਸਤੰਬਰ ਨੂੰ 2 ਮੋਬਾਇਲ ਮਿਲੇ। ਹਵਾਲਾਤੀ ਮੁਕੰਦ ਖਾਨ ਕੋਲੋਂ ਅਫੀਮ ਮਿਲੀ।

3 ਗੈਂਗਸਟਰਾਂ ਵੱਲੋਂ ਕੈਦੀ ਦਾ ਕੁਟਾਪਾ
ਸਕਿਓਰਿਟੀ ਜੇਲ ਵਿਚ 3 ਗੈਂਗਸਟਰਾਂ ਨੇ 16 ਸਤੰਬਰ ਨੂੰ ਕੈਦੀ ਕਰਮਜੀਤ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਸਬੰਧੀ ਜੇਲ ਮੰਤਰੀ ਦੇ ਹੁਕਮਾਂ 'ਤੇ ਮਾਮਲਾ ਦਰਜ ਹੋਇਆ। ਫਿਰ 18 ਸਤੰਬਰ ਨੂੰ ਕੈਦੀ ਅਮਨਦੀਪ ਕੋਲੋਂ ਮੋਬਾਇਲ ਬਰਾਮਦ ਹੋਇਆ। ਕੈਦੀ ਗੁਰਪ੍ਰੀਤ ਅਤੇ ਹਵਾਲਾਤੀ ਰੁਪਿੰਦਰ ਕੋਲੋਂ 30 ਸਤੰਬਰ ਅਤੇ ਕੈਦੀ ਅਰੁਣ ਕੁਮਾਰ ਤੇ ਹਵਾਲਾਤੀ ਮਿੱਠਾ ਰਾਮ ਕੋਲੋਂ 4 ਅਕਤੂਬਰ ਨੂੰ 4 ਮੋਬਾਇਲ ਮਿਲੇ। ਇਸੇ ਦਿਨ ਪ੍ਰਮੋਦ ਨਾਂ ਦੇ ਮੁਲਾਕਾਤੀ ਕੋਲੋਂ ਨਸ਼ੇ ਵਾਲੀਆਂ 34 ਗੋਲੀਆਂ ਬਰਾਮਦ ਹੋਈਆਂ ਜੋ ਆਪਣੇ ਜੀਜੇ ਨੂੰ ਜੇਲ ਵਿਚ ਦੇਣ ਆਇਆ ਸੀ। 2 ਹਵਾਲਾਤੀਆਂ ਜੈ ਦੇਵ ਤੇ ਸੁਰਜੀਤ ਸਿੰਘ ਕੋਲੋਂ 3 ਮੋਬਾਇਲ ਮਿਲੇ। ਇਕ ਹੌਲਦਾਰ ਤੋਂ 11 ਦਸੰਬਰ ਨੂੰ ਭੁੱਕੀ ਮਿਲੀ। 17 ਦਸੰਬਰ ਨੂੰ 2 ਮੋਬਾਇਲ ਅਤੇ 22 ਨਵੰਬਰ ਨੂੰ ਕੈਦੀ ਤੋਂ ਸਮੈਕ ਬਰਾਮਦ ਹੋਈ। ਨਾਭਾ ਸਕਿਓਰਿਟੀ ਜੇਲ ਵਿਚ 30 ਅਕਤੂਬਰ ਨੂੰ ਗੈਂਗਸਟਰ ਮਨਦੀਪ ਸਿੰਘ ਦੇ ਅਨੰਦ ਕਾਰਜ ਅਤੇ 15 ਨਵੰਬਰ ਨੂੰ ਗੈਂਗਸਟਰ ਮੁਹੰਮਦ ਵਸੀਮ ਦਾ ਮਾਲੇਰਕੋਟਲਾ ਦੀ ਲੜਕੀ ਨਾਲ ਨਿਕਾਹ ਹੋਇਆ।

ਵਰਨਣਯੋਗ ਹੈ ਕਿ ਫਾਂਸੀ ਤੋਂ ਪਹਿਲਾਂ ਸੁਰਿੰਦਰ ਕੌਰ ਨਾਂ ਦੀ ਲੜਕੀ ਨੇ ਸਤਵੰਤ ਸਿੰਘ ਦੀ ਫੋਟੋ ਨਾਲ ਵਿਆਹ ਕਰਵਾਇਆ ਸੀ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਾਲ 3 ਵਾਰੀ ਜੇਲ ਦਾ ਦੌਰਾ ਕੀਤਾ। ਜੇਲ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਪਰ ਜੈਮਰ ਲੱਗੇ ਹੋਣ ਦੇ ਬਾਵਜੂਦ ਮੋਬਾਇਲਾਂ ਦੀ ਵਰਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਸਾਲ ਵਾਪਰੀਆਂ 32 ਅਹਿਮ ਘਟਨਾਵਾਂ ਨੇ ਇਥੇ ਜੇਲ ਵਿਭਾਗ ਦੀ ਕਿਰਕਿਰੀ ਕੀਤੀ ਹੈ, ਉਥੇ ਹੀ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।


Shyna

Content Editor

Related News